Shabad Vichaar 39-”ਹਰਿ ਕੇ ਨਾਮ ਬਿਨਾ ਦੁਖੁ ਪਾਵੈ॥’’

TeamGlobalPunjab
4 Min Read

ਨੌਵੇਂ ਮਹਲੇ ਦੀ ਇਲਾਹੀ ਬਾਣੀ ਦੇ 39ਵੇਂ ਸ਼ਬਦ ਦੀ ਵਿਚਾਰ – Shabad Vichaar -39

ਹਰਿ ਕੇ ਨਾਮ ਬਿਨਾ ਦੁਖੁ ਪਾਵੈ ॥ ਸ਼ਬਦ ਵਿਚਾਰ

ਡਾ. ਗੁਰਦੇਵ ਸਿੰਘ*

ਪ੍ਰਭੂ ਦੇ ਦਰ ‘ਤੇ ਜੇ ਮਨੁੱਖ ਪ੍ਰਵਾਨ ਨਹੀਂ ਹੋ ਸਕੇ ਤਾਂ ਮਨੁੱਖ ਦੇ ਕੀਤੇ ਸਾਰੇ ਕਰਮ ਕਾਂਢਾਂ ਦਾ ਕੋਈ ਫਇਦਾ ਨਹੀਂ। ਮਨੁੱਖ ਦੀ ਜ਼ਿੰਦਗੀ ਦਾ ਅਸਲ ਕਾਰਜ ਪ੍ਰਭੂ ਪ੍ਰਮਾਤਮਾ ਦੇ ਦਰ ਉੱਤੇ ਪ੍ਰਵਾਨ ਹੋਣਾ ਹੀ ਹੈ। ਇਹ ਕਿਵੇਂ ਹੋਇਆ ਜਾ ਸਕਦਾ ਹੈ ਉਸ ਬਾਰੇ ਗੁਰਬਾਣੀ ਸਾਡਾ ਮਾਰਗ ਰੋਸ਼ਨ ਕਰਦੀ ਹੈ।

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦੀ ਚੱਲ ਰਹੀ ਲੜੀਵਾਰ ਸ਼ਬਦ ਵਿਚਾਰ ਵਿੱਚ ਅੱਜ ਅਸੀਂ ਗੁਰੂ ਸਾਹਿਬ ਦੀ ਕੁੱਲ ਬਾਣੀ ਦੇ 39ਵੇਂ ਸ਼ਬਦ ‘ਹਰਿ ਕੇ ਨਾਮ ਬਿਨਾ ਦੁਖੁ ਪਾਵੈ ॥ ਭਗਤਿ ਬਿਨਾ ਸਹਸਾ ਨਹ ਚੂਕੈ ਗੁਰੁ ਇਹੁ ਭੇਦੁ ਬਤਾਵੈ ॥੧॥’ ਦੀ ਵਿਚਾਰ ਕਰਾਂਗੇ। ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 830 ‘ਤੇ ਰਾਗ ਬਿਲਾਵਲ ਅਧੀਨ ਅੰਕਿਤ ਹੈ। ਬਿਲਾਵਲ ਰਾਗ ਵਿੱਚ ਇਹ ਨੌਵੇਂ ਪਾਤਸ਼ਾਹ ਦਾ ਦੂਜਾ ਸ਼ਬਦ ਹੈ ਜਿਸ ਵਿੱਚ ਗੁਰੂ ਜੀ ਮਨੁੱਖ ਨੂੰ ਹਰੀ ਨਾਮ ਦੀ ਮਹਿਮਾ ਦਾ ਉਪਦੇਸ਼ ਦੇ ਰਹੇ ਹਨ।

- Advertisement -

ਬਿਲਾਵਲੁ ਮਹਲਾ ੯ ॥ ਹਰਿ ਕੇ ਨਾਮ ਬਿਨਾ ਦੁਖੁ ਪਾਵੈ ॥ ਭਗਤਿ ਬਿਨਾ ਸਹਸਾ ਨਹ ਚੂਕੈ ਗੁਰੁ ਇਹੁ ਭੇਦੁ ਬਤਾਵੈ ॥੧॥ ਰਹਾਉ ॥

ਹੇ ਭਾਈ! ਗੁਰੂ (ਜੀਵਨ-ਮਾਰਗ ਦੀ) ਇਹ ਡੂੰਘੀ ਗੱਲ ਦੱਸਦਾ ਹੈ, ਕਿ ਪਰਮਾਤਮਾ ਦੀ ਭਗਤੀ ਕਰਨ ਤੋਂ ਬਿਨਾ ਮਨੁੱਖ ਦਾ ਸਹਿਮ ਖ਼ਤਮ ਨਹੀਂ ਹੁੰਦਾ, ਪਰਮਾਤਮਾ ਦਾ ਨਾਮ (ਸਿਮਰਨ) ਤੋਂ ਬਿਨਾ ਦੁੱਖ ਸਹਾਰਦਾ ਰਹਿੰਦਾ ਹੈ।੧।ਰਹਾਉ।

ਕਹਾ ਭਇਓ ਤੀਰਥ ਬ੍ਰਤ ਕੀਏ ਰਾਮ ਸਰਨਿ ਨਹੀ ਆਵੈ ॥ ਜੋਗ ਜਗ ਨਿਹਫਲ ਤਿਹ ਮਾਨਉ ਜੋ ਪ੍ਰਭ ਜਸੁ ਬਿਸਰਾਵੈ ॥੧॥

ਹੇ ਭਾਈ! ਜੇ ਮਨੁੱਖ ਪਰਮਾਤਮਾ ਦੀ ਸਰਨ ਨਹੀਂ ਪੈਂਦਾ, ਤਾਂ ਉਸ ਦੇ ਤੀਰਥ-ਜਾਤ੍ਰਾ ਕਰਨ ਦਾ ਕੋਈ ਲਾਭ ਨਹੀਂ, ਵਰਤ ਰੱਖਣ ਦਾ ਕੋਈ ਫ਼ਾਇਦਾ ਨਹੀਂ। ਜੇਹੜਾ ਮਨੁੱਖ ਪਰਮਾਤਮਾ ਦੀ ਸਿਫ਼ਤਿ-ਸਾਲਾਹ ਭੁਲਾ ਦੇਂਦਾ ਹੈ, ਮੈਂ ਸਮਝਦਾ ਹਾਂ ਕਿ ਉਸ ਦੇ ਜੋਗ-ਸਾਧਨ ਅਤੇ ਜੱਗ (ਆਦਿਕ ਕਰਮ ਸਭ) ਵਿਅਰਥ ਹਨ।੧।

ਮਾਨ ਮੋਹ ਦੋਨੋ ਕਉ ਪਰਹਰਿ ਗੋਬਿੰਦ ਕੇ ਗੁਨ ਗਾਵੈ ॥ ਕਹੁ ਨਾਨਕ ਇਹ ਬਿਧਿ ਕੋ ਪ੍ਰਾਨੀ ਜੀਵਨ ਮੁਕਤਿ ਕਹਾਵੈ ॥੨॥੨॥ 

- Advertisement -

ਹੇ ਨਾਨਕ! ਆਖ-ਜੇਹੜਾ ਮਨੁੱਖ ਅਹੰਕਾਰ ਅਤੇ ਮਾਇਆ ਦਾ ਮੋਹ ਛੱਡ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦਾ ਰਹਿੰਦਾ ਹੈ, ਜੇਹੜਾ ਮਨੁੱਖ ਇਸ ਕਿਸਮ ਦਾ ਜੀਵਨ ਬਿਤੀਤ ਕਰਨ ਵਾਲਾ ਹੈ, ਉਹ ਜੀਵਨ-ਮੁਕਤਿ ਅਖਵਾਂਦਾ ਹੈ (ਉਹ ਮਨੁੱਖ ਉਸ ਸ਼੍ਰੇਣੀ ਵਿਚੋਂ ਗਿਣਿਆ ਜਾਂਦਾ ਹੈ, ਜੇਹੜੇ ਇਸ ਜ਼ਿੰਦਗੀ ਵਿਚ ਵਿਕਾਰਾਂ ਦੀ ਪਕੜ ਤੋਂ ਬਚੇ ਰਹਿੰਦੇ ਹਨ) ।੨।

ਗੁਰੂ ਜੀ ਉਕਤ ਸ਼ਬਦ ਵਿੱਚ ਇੱਕ ਅਜਿਹੇ ਰਾਜ਼ ਤੋਂ ਪੜਦਾ ਚੱਕਦੇ ਹਨ ਜਿਸ ਨੂੰ ਜਾਨਣ ਲਈ ਮਨੁੱਖ ਸਾਲਾਂ ਬੱਧੀ ਭਟਕਦਾ ਰਹਿੰਦਾ ਹੈ। ਮਨੁੱਖ ਦੇ ਮਨੋ ਮੌਤ ਦਾ ਸਹਿਮ ਕਿਵੇਂ ਖਤਮ ਹੋਵੇਗਾ, ਦੁੱਖਾਂ ਦੇ ਅਸਲ ਕਾਰਨ ਕੀ ਹਨ ਇਸ ਬਾਰੇ ਗੁਰੂ ਜੀ ਸੋ ਦੀ ਇੱਕ ਦਸਦੇ ਹਨ ਕਿ ਹੇ ਭਾਈ ਉਸ ਅਕਾਲ ਪੁਰਖ ਦਾ ਨਾਮ ਹੀ ਸਾਰੇ ਦੁੱਖਾਂ ਦਾ ਦਾਰੂ ਹੈ ਜਦੋਂ ਮਨੁੱਖ ਇਸ ਨੂੰ ਵਿਸਰ ਜਾਂਦਾ ਹੈ ਉਦੋਂ ਫਿਰ ਦੁਖ ਭੋਗਦਾ ਹੈ। ਪ੍ਰਭੂ ਦੇ ਨਾਮ ਵਿੱਚ ਅਜਿਹੀ ਸ਼ਕਤੀ ਹੈ ਕਿ ਮਨੁੱਖ ਦੇ ਸਾਰੇ ਸਹਿਮ ਦੂਰ ਹੋ ਜਾਂਦੇ ਹਨ। ਵਰਤ, ਜੋਗ ਸਾਧਨਾ, ਤੀਰਥ ਯਾਤਰਾ ਆਦਿਕ ਸਭ ਵਿਅਰਥ ਹਨ ਜੇ ਉਸ ਅਕਾਲ ਪੁਰਖ ਨੂੰ ਹੀ ਭੁੱਲ ਗਏ। ਉਹੀ ਮਨੁੱਖ ਉਤਮ ਅਖਵਾਉਂਦੇ ਹਨ ਹੈ ਜੋ ਮੈਂ, ਮੇਰੀ ਨੂੰ ਛੱਡ ਕੇ ਉਸ ਅਕਾਲ ਪੁਰਖ ਦੇ ਗੁਣ ਗਾਉਂਦੇ ਹਨ। ਉਸ ਦੀ ਸਿਫਤ ਸਾਲਾਹ ਕਰਦੇ ਹਨ,

ਕੱਲ੍ਹ ਸ਼ਾਮੀ 6 ਵਜੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਵਿਚਲੇ 40ਵੇਂ ਸ਼ਬਦ ਦੀ ਵਿਚਾਰ ਕਰਾਂਗੇ। ਪ੍ਰੋ. ਸਾਹਿਬ ਸਿੰਘ ਜੀ ਦੀ ਕ੍ਰਿਤ ‘ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ’ ਨੂੰ ਸ਼ਬਦ ਦੀ ਵਿਚਾਰ ਦਾ ਅਧਾਰ ਬਣਾਇਆ ਗਿਆ ਹੈ। ਸ਼ਬਦ ਵਿਚਾਰ ਸੰਬੰਧੀ ਜੇ ਕੋਈ ਆਪ ਜੀ ਦਾ ਸੁਝਾਅ ਹੈ ਤਾਂ ਤੁਸੀਂ ਸਾਡੇ ਨਾਲ ਜ਼ਰੂਰ ਸਾਂਝਾ ਕਰੋ। ਸਾਨੂੰ ਖੁਸ਼ੀ ਹੋਵੇਗੀ। ਭੁੱਲਾਂ ਚੁੱਕਾਂ ਦੀ ਖਿਮਾ।

ਵਾਹਿਗੁਰੂ ਜੀ ਕਾ ਖਾਲਸਾ

ਵਾਹਿਗੁਰੂ ਜੀ ਕੀ ਫਤਿਹ

*gurdevsinghdr@gmail.com

Share this Article
Leave a comment