Shabad Vichaar 24-‘ਮਨ ਰੇ ਗਹਿਓ ਨ ਗੁਰ ਉਪਦੇਸੁ’

TeamGlobalPunjab
5 Min Read

ਨੌਵੇਂ ਮਹਲੇ ਦੀ ਇਲਾਹੀ ਬਾਣੀ ਦੇ 24ਵੇਂ ਸ਼ਬਦ ਦੀ ਵਿਚਾਰ – Shabad Vichaar -24

ਮਨ ਰੇ ਗਹਿਓ ਨ ਗੁਰ ਉਪਦੇਸੁ ॥ ਸ਼ਬਦ ਵਿਚਾਰ

ਡਾ. ਗੁਰਦੇਵ ਸਿੰਘ*

ਤੇਰੇ ਵਿੱਚ ਜਿਵੇਂ ਗੁਣਾਂ ਦੀ ਭਰਮਾਰ ਹੈ ਜਿਨ੍ਹਾਂ ਦੀ ਕੋਈ ਗਿਣਤੀ ਨਹੀਂ ਹੈ ਉਸੇ ਤਰ੍ਹਾਂ ਮੇਰੇ ਵਿੱਚ ਵੀ ਔਗੁਣਾਂ ਦੀ ਭਰਮਾਰ ਹੈ ਜਿਨ੍ਹਾਂ ਦੀ ਵੀ ਕੋਈ ਗਿਣਤੀ ਨਹੀਂ ਹੈ। ਹੇ ਪ੍ਰਮਾਤਮਾ ਮੇਰੇ ਔਗੁਣਾਂ ਨੂੰ ਨਾ ਵਿਚਾਰ। ਤੂੰ ਤਾਂ ਮੁੱਢ ਕਦੀਮ ਤੋਂ ਪਿਆਰ ਕਰਨ ਵਾਲੇ ਤੇ ਔਗਣਾਂ ਨੂੰ ਨਾ ਚਿਤਾਰਨ ਵਾਲੇ ਸੁਭਾਅ ਦਾ ਮਾਲਕ ਹੈ। ਅਕਾਲ ਪੁਰਖ ਪ੍ਰਮਾਤਮਾ ਜੋ ਸਰਬ ਸ਼ਕਤੀਮਾਨ ਹੈ ਉਸ ਦਾ ਨਾਮ ਸਿਮਰਨ ਦੀ ਬਜਾਏ ਮਨੁੱਖ ਕਈ ਤਰ੍ਹਾਂ ਦੇ ਭੇਖ ਵਟਾਉਂਦਾ ਹੈ, ਕਈ ਤਰ੍ਹਾਂ ਦੇ ਪਰਪੰਚ ਕਰਦਾ ਹੈ, ਮਾਇਆ ਅਤੇ ਬਿਖਿਆ ਸੰਗ ਹੀ ਲਿਪਟਿਆ ਰਹਿੰਦਾ ਹੈ। ਗੁਰਬਾਣੀ ਸਾਨੂੰ ਇਸ ਤੋਂ ਅਗਾਹ ਕਰਦੀ ਹੈ।

ਨੌਵੇਂ ਨਾਨਕ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦੀ ਚੱਲ ਰਹੀ ਵਿਚਾਰ ਲੜੀ ਵਿੱਚ ਅੱਜ ਅਸੀਂ ਗੁਰੂ ਸਾਹਿਬ ਦੀ ਕੁੱਲ ਬਾਣੀ ਦੇ 25ਵੇਂ ਸ਼ਬਦ ਦੀ ਵਿਚਾਰ ਕਰਾਂਗੇ। ਇਸ ਸ਼ਬਦ ਵਿੱਚ ਗੁਰੂ ਸਾਹਿਬ ਮਨ ਨੂੰ ਸਾਰੇ ਪਰਪੰਚ ਛੱਡ ਗੁਰੂ ਦੇ ਲੜ ਲੱਗਣ ਦਾ ਉਪਦੇਸ਼ ਦੇ ਰਹੇ ਹਨ। ਇਹ ਸ਼ਬਦ ਸੋਰਠਿ ਰਾਗ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦਾ 10ਵਾਂ ਸ਼ਬਦ ਹੈ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 633 ‘ਤੇ ਅੰਕਿਤ ਹੈ।

- Advertisement -

ਸੋਰਠਿ ਮਹਲਾ ੯ ॥ ਮਨ ਰੇ ਗਹਿਓ ਨ ਗੁਰ ਉਪਦੇਸੁ ॥ ਕਹਾ ਭਇਓ ਜਉ ਮੂਡੁ ਮੁਡਾਇਓ ਭਗਵਉ ਕੀਨੋ ਭੇਸੁ ॥੧॥ ਰਹਾਉ ॥

 ਹੇ ਮਨ! ਤੂੰ ਗੁਰੂ ਦੀ ਸਿੱਖਿਆ ਗ੍ਰਹਿਣ ਨਹੀਂ ਕਰਦਾ। (ਹੇ ਭਾਈ! ਗੁਰੂ ਦਾ ਉਪਦੇਸ਼ ਭੁਲਾ ਕੇ) ਜੇ ਸਿਰ ਭੀ ਮੁਨਾ ਲਿਆ, ਤੇ, ਭਗਵੇ ਰੰਗ ਦੇ ਕੱਪੜੇ ਪਾ ਲਏ, ਤਾਂ ਭੀ ਕੀਹ ਬਣਿਆ? (ਆਤਮਕ ਜੀਵਨ ਦਾ ਕੁਝ ਭੀ ਨਾਹ ਸੌਰਿਆ) ।੧।ਰਹਾਉ।

ਸਾਚ ਛਾਡਿ ਕੈ ਝੂਠਹ ਲਾਗਿਓ ਜਨਮੁ ਅਕਾਰਥੁ ਖੋਇਓ ॥ ਕਰਿ ਪਰਪੰਚ ਉਦਰ ਨਿਜ ਪੋਖਿਓ ਪਸੁ ਕੀ ਨਿਆਈ ਸੋਇਓ ॥੧॥  

(ਹੇ ਭਾਈ! ਭਗਵਾ ਭੇਖ ਤਾਂ ਧਾਰ ਲਿਆ, ਪਰ) ਸਦਾ-ਥਿਰ ਪ੍ਰਭੂ ਦਾ ਨਾਮ ਛੱਡ ਕੇ ਨਾਸਵੰਤ ਪਦਾਰਥਾਂ ਵਿਚ ਹੀ ਸੁਰਤਿ ਜੋੜੀ ਰੱਖੀ, (ਲੋਕਾਂ ਨਾਲ) ਛਲ ਕਰ ਕੇ ਆਪਣਾ ਪੇਟ ਪਾਲਦਾ ਰਿਹਾ, ਤੇ, ਪਸ਼ੂਆਂ ਵਾਂਗ ਸੁੱਤਾ ਰਿਹਾ।੧।

ਰਾਮ ਭਜਨ ਕੀ ਗਤਿ ਨਹੀ ਜਾਨੀ ਮਾਇਆ ਹਾਥਿ ਬਿਕਾਨਾ ॥ ਉਰਝਿ ਰਹਿਓ ਬਿਖਿਅਨ ਸੰਗਿ ਬਉਰਾ ਨਾਮੁ ਰਤਨੁ ਬਿਸਰਾਨਾ ॥੨॥

- Advertisement -

ਹੇ ਭਾਈ! ਗ਼ਾਫ਼ਿਲ ਮਨੁੱਖ) ਪਰਮਾਤਮਾ ਦੇ ਭਜਨ ਦੀ ਜੁਗਤਿ ਨਹੀਂ ਸਮਝਦਾ, ਮਾਇਆ ਦੇ ਹੱਥ ਵਿਚ ਵਿਕਿਆ ਰਹਿੰਦਾ ਹੈ। ਕਮਲਾ ਮਨੁੱਖ ਮਾਇਕ ਪਦਾਰਥਾਂ (ਦੇ ਮੋਹ) ਵਿਚ ਮਗਨ ਰਹਿੰਦਾ ਹੈ, ਤੇ, ਪ੍ਰਭੂ ਦੇ (ਸ੍ਰੇਸ਼ਟ) ਰਤਨ-ਨਾਮ ਨੂੰ ਭੁਲਾਈ ਰੱਖਦਾ ਹੈ।੨।

ਰਹਿਓ ਅਚੇਤੁ ਨ ਚੇਤਿਓ ਗੋਬਿੰਦ ਬਿਰਥਾ ਅਉਧ ਸਿਰਾਨੀ ॥ ਕਹੁ ਨਾਨਕ ਹਰਿ ਬਿਰਦੁ ਪਛਾਨਉ ਭੂਲੇ ਸਦਾ ਪਰਾਨੀ ॥੩॥੧੦॥ 

(ਮਨੁੱਖ ਮਾਇਆ ਵਿਚ ਫਸ ਕੇ) ਅਵੇਸਲਾ ਹੋਇਆ ਰਹਿੰਦਾ ਹੈ, ਪਰਮਾਤਮਾ ਨੂੰ ਯਾਦ ਨਹੀਂ ਕਰਦਾ, ਸਾਰੀ ਉਮਰ ਵਿਅਰਥ ਗੁਜ਼ਾਰ ਲੈਂਦਾ ਹੈ। ਹੇ ਨਾਨਕ! ਆਖ-ਹੇ ਹਰੀ! ਤੂੰ ਆਪਣੇ ਮੁੱਢ-ਕਦੀਮਾਂ ਦੇ (ਪਿਆਰ ਵਾਲੇ) ਸੁਭਾਵ ਨੂੰ ਚੇਤੇ ਰੱਖ। ਇਹ ਜੀਵ ਤਾਂ ਸਦਾ ਭੁੱਲੇ ਹੀ ਰਹਿੰਦੇ ਹਨ।੩।੧੦।

ਨੌਵੇਂ ਨਾਨਕ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਉਕਤ ਸ਼ਬਦ ਵਿੱਚ ਉਨ੍ਹਾਂ ਮਨੁੱਖਾਂ ‘ਤੇ ਚੋਟ ਕਰ ਰਹੇ ਹਨ ਜੋ ਕਈ ਤਰ੍ਹਾਂ ਦੇ ਭੇਖ ਬਦਲਦੇ ਹਨ ਅਤੇ ਉਸ ਅਕਾਲ ਪੁਰਖ ਦੀ ਅਰਧਨਾ ਕਰਨ ਦਾ ਢੋਂਗ ਰਚਦੇ ਰਹਿੰਦੇ ਹਨ। ਗੁਰੁ ਸਾਹਿਬ ਆਖਦੇ ਹਨ ਕਿ ਭੇਖ ਬਣਾਉਂਣ ਨਾਲ ਕੁਝ ਨਹੀਂ ਹੋਣਾ ਜਦੋਂ ਤਕ ਉਸ ਅਕਾਲ ਪੁਰਖ ਦਾ ਨਾਮ ਨਹੀਂ ਸਿਮਰਿਆ। ਪਰ ਹੇ ਮਨੁੱਖ ਤੂੰ ਤਾਂ ਨਾਸ਼ਵੰਤ ਪਦਾਰਥਾਂ ਨੂੰ ਸਿਮਰਦਾ ਹੀ ਰਹਿੰਦਾ ਹੈ ਅਤੇ ਮਾਇਆ ਵਿੱਚ ਮਗਨ ਰਹਿੰਦਾ ਹੈ। ਪਸ਼ੂਆਂ ਦੀ ਨਿਆਈ ਸੁੱਤਾ ਰਹਿੰਦਾ ਹੈ। ਤੂੰ ਇਹ ਅਵੇਸਲਾ ਪਨ ਛੱਡ ਉਸ ਪ੍ਰਭੂ ਨੂੰ ਯਾਦ ਕਰ। ਅਖੀਰ ਗੁਰੂ ਸਾਹਿਬ ਅਕਾਲ ਪੁਰਖ ਦੇ ਸਦਾ ਪਿਆਰ ਵਾਲੇ ਸੁਭਾਅ ਦੀ ਗੱਲ ਕਰਦੇ ਹੋਏ ਆਖਦੇ ਹਨ ਕਿ ਹੇ ਵਾਹਿਗੁਰੂ ਤੂੰ ਆਪਣੇ ਮੁੱਢ-ਕਦੀਮਾਂ ਦੇ ਪਿਆਰ ਵਾਲੇ ਸੁਭਾਵ ਨੂੰ ਨਿਭਾਅ ਸਾਡੇ ਅਵਗੁਣਾਂ ਨਾ ਚਿਤਾਰੋ।

ਕੱਲ ਸ਼ਾਮੀ 6 ਵਜੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਵਿਚਲੇ 25ਵੇਂ ਸ਼ਬਦ ਦੀ ਵਿਚਾਰ ਕਰਾਂਗੇ। ਸ਼ਬਦ ਵਿਚਾਰ ਲਈ ਆਧਾਰ ਸਰੋਤ ਪ੍ਰੋਫ਼ੈਸਰ ਸਾਹਿਬ ਸਿੰਘ ਦੁਆਰਾ ਕੀਤੇ ਗੁਰਬਾਣੀ ਦੇ ਟੀਕੇ ਨੂੰ ਬਣਾਇਆ ਗਿਆ ਹੈ। ਸ਼ਬਦ ਵਿਚਾਰ ਸੰਬੰਧੀ ਜੇ ਕੋਈ ਆਪ ਜੀ ਦਾ ਸੁਝਾਅ ਹੈ ਤਾਂ ਤੁਸੀਂ ਸਾਡੇ ਨਾਲ ਜ਼ਰੂਰ ਸਾਂਝਾ ਕਰੋ ਜੀ ਸਾਨੂੰ ਖੁਸ਼ੀ ਹੋਵੇਗੀ। ਭੁੱਲਾਂ ਚੁੱਕਾਂ ਦੀ ਖਿਮਾ।

ਵਾਹਿਗੁਰੂ ਜੀ ਕਾ ਖਾਲਸਾ

ਵਾਹਿਗੁਰੂ ਜੀ ਕੀ ਫਤਿਹ॥

*gurdevsinghdr@gmail.com

Share this Article
Leave a comment