ਨੌਵੇਂ ਮਹਲੇ ਦੀ ਇਲਾਹੀ ਬਾਣੀ ਦੇ 18ਵੇਂ ਸ਼ਬਦ ਦੀ ਵਿਚਾਰ – Shabad Vichaar -18
‘ਮਨ ਰੇ ਪ੍ਰਭ ਕੀ ਸਰਨਿ ਬਿਚਾਰੋ’ ਸ਼ਬਦ ਵਿਚਾਰ
ਡਾ. ਗੁਰਦੇਵ ਸਿੰਘ*
ਸੰਸਾਰ ਸਾਗਰ ਤੋਂ ਪਾਰ, ਕੇਵਲ ਉਸ ਪਰਮ ਪਿਤਾ ਪ੍ਰਮਾਤਮਾ ਦੀ ਕ੍ਰਿਪਾ ਨਾਲ ਹੋਇਆ ਜਾ ਸਕਦਾ ਹੈ। ਸੰਸਾਰ ਦੇ ਪਿਛੋਕੜ ਨੂੰ ਦੇਖੀਏ ਤਾਂ ਕੇਵਲ ਵਾਹਿਗੁਰੂ ਦੇ ਪਾਸਾਰੇ ਤੋਂ ਇਲਾਵਾ ਹੋਰ ਕੁਝ ਨਹੀਂ। ਮੰਨੇ ਜਾਂਦੇ ਚਾਰੇ ਜੁਗਾਂ ਵਿੱਚ ਅਤੇ ਜੁਗਾਂ ਤੋਂ ਪਹਿਲਾਂ ਵੀ ਉਸ ਦਾ ਹੀ ਪਸਾਰਾ ਹੈ। ਉਹ ਹੁਣ ਵੀ ਹੈ ਤੇ ਓਹੀ ਸਦਾ ਰਹੇਗਾ ਵੀ। ਐਸੇ ਕਣ ਕਣ ਵਿੱਚ ਰਮੇ ਪ੍ਰਭੂ ਦੇ ਨਾਮ ਵਿੱਚ ਹੀ ਮਨ ਨੂੰ ਲਾਉਂਣਾ ਚਾਹੀਦਾ ਹੈ। ਉਹ ਆਪਣੇ ਸੇਵਕਾਂ ਦੀ ਸਦਾ ਪੈਜ ਰੱਖਦਾ ਹੈ। ਉਹ ਵੱਡੇ ਤੋਂ ਵੱਡੇ ਪਾਪੀਆਂ ਦੇ ਪਾਪ ਵੀ ਇੱਕ ਖਿਨ ਵਿੱਚ ਕੱਟ ਦਿੰਦਾ ਹੈ। ਇਹ ਉਸ ਦੀ ਮੌਜ ਹੈ। ਅਜਿਹਾ ਉਹ ਜੁਗਾਂ ਜੁਗਾਂਤਰਾਂ ਤੋਂ ਕਰਦਾ ਆ ਰਿਹਾ ਹੈ। ਇਹ ਉਸ ਦੀ ਅਚਰਜ ਖੇਡ ਹੈ ਜੋ ਉਹ ਆਪ ਹੀ ਜਾਣਦਾ ਹੈ।
ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੁ ਤੇਗ ਬਹਾਦਰ ਸਾਹਿਬ ਵੀ ਆਪਣੀ ਬਾਣੀ ਵਿੱਚ ਇਹੀ ਉਪਦੇਸ਼ ਕਰ ਰਹੇ ਹਨ। ਅੱਜ ਅਸੀਂ ਮਨ ਰੇ ਪ੍ਰਭ ਕੀ ਸਰਨਿ ਬਿਚਾਰੋ॥ ਜਿਹ ਸਿਮਰਤ ਗਨਕਾ ਸੀ ਉਧਰੀ ਤਾ ਕੋ ਜਸੁ ਉਰ ਧਾਰੋ ॥੧॥ ਸ਼ਬਦ ਦੀ ਵਿਚਾਰ ਕਰਾਂਗੇ। ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 632 ‘ਤੇ ਅੰਕਿਤ ਹੈ ਜੋ ਕਿ ਸੋਰਠਿ ਰਾਗ ਅਧੀਨ ਦਰਜ ਹੈ। ਸੋਰਠਿ ਰਾਗ ਅਧੀਨ ਨੌਵੇਂ ਗੁਰੂ ਜੀ ਦਾ ਇਹ ਚੌਥਾ ਸ਼ਬਦ ਹੈ ਅਤੇ ਨੌਵੇਂ ਮਹਲੇ ਦੀ ਕੁੱਲ ਬਾਣੀ ਦਾ 18ਵਾਂ ਸ਼ਬਦ ਹੈ। ਨੌਵੇਂ ਪਾਤਾਸ਼ਾਹ ਇਸ ਸ਼ਬਦ ਵਿੱਚ ਮਨੁੱਖ ਨੂੰ ਵੱਖ ਵੱਖ ਉਦਾਹਰਣਾਂ ਦੇ ਕੇ ਉਸ ਅਕਾਲ ਪੁਰਖ ਦੀ ਮਹਾਨਤਾ ਦਸਦੇ ਹੋਏ ਉਸ ਦਾ ਨਾਮ ਜਪਣ ਦੀ ਪ੍ਰੇਰਣਾ ਦੇ ਰਹੇ ਹਨ:
ਸੋਰਠਿ ਮਹਲਾ ੯ ॥
ਮਨ ਰੇ ਪ੍ਰਭ ਕੀ ਸਰਨਿ ਬਿਚਾਰੋ ॥
ਜਿਹ ਸਿਮਰਤ ਗਨਕਾ ਸੀ ਉਧਰੀ ਤਾ ਕੋ ਜਸੁ ਉਰ ਧਾਰੋ ॥੧॥ ਰਹਾਉ ॥
ਹੇ ਮਨ! ਪਰਮਾਤਮਾ ਦੀ ਸਰਨ ਪੈ ਕੇ ਉਸ ਦੇ ਨਾਮ ਦਾ ਧਿਆਨ ਧਰਿਆ ਕਰ। ਜਿਸ ਪਰਮਾਤਮਾ ਦਾ ਸਿਮਰਨ ਕਰਦਿਆਂ ਗਨਕਾ (ਵਿਕਾਰਾਂ ਵਿਚ ਡੁੱਬਣੋਂ) ਬਚ ਗਈ ਸੀ ਤੂੰ ਭੀ, (ਹੇ ਭਾਈ!) ਉਸ ਦੀ ਸਿਫ਼ਤਿ-ਸਾਲਾਹ ਆਪਣੇ ਹਿਰਦੇ ਵਿਚ ਵਸਾਈ ਰੱਖ।ਰਹਾਉ।
ਅਟਲ ਭਇਓ ਧ੍ਰੂਅ ਜਾ ਕੈ ਸਿਮਰਨਿ ਅਰੁ ਨਿਰਭੈ ਪਦੁ ਪਾਇਆ ॥
ਦੁਖ ਹਰਤਾ ਇਹ ਬਿਧਿ ਕੋ ਸੁਆਮੀ ਤੈ ਕਾਹੇ ਬਿਸਰਾਇਆ ॥੧॥
ਹੇ ਭਾਈ! ਜਿਸ ਪਰਮਾਤਮਾ ਦੇ ਸਿਮਰਨ ਦੀ ਰਾਹੀਂ ਧ੍ਰੂ ਸਦਾ ਲਈ ਅਟੱਲ ਹੋ ਗਿਆ ਹੈ ਤੇ ਉਸ ਨੇ ਨਿਰਭੈਤਾ ਦਾ ਆਤਮਕ ਦਰਜਾ ਹਾਸਲ ਕਰ ਲਿਆ ਸੀ, ਤੂੰ ਉਸ ਪਰਮਾਤਮਾ ਨੂੰ ਕਿਉਂ ਭੁਲਾਇਆ ਹੋਇਆ ਹੈ, ਉਹ ਤਾਂ ਇਸ ਤਰ੍ਹਾਂ ਦਾ ਦੁੱਖਾਂ ਦਾ ਨਾਸ ਕਰਨ ਵਾਲਾ ਹੈ।੧।
ਜਬ ਹੀ ਸਰਨਿ ਗਹੀ ਕਿਰਪਾ ਨਿਧਿ ਗਜ ਗਰਾਹ ਤੇ ਛੂਟਾ ॥
ਮਹਮਾ ਨਾਮ ਕਹਾ ਲਉ ਬਰਨਉ ਰਾਮ ਕਹਤ ਬੰਧਨ ਤਿਹ ਤੂਟਾ ॥੨॥
ਹੇ ਭਾਈ! ਜਿਸ ਵੇਲੇ ਹੀ (ਗਜ ਨੇ) ਕਿਰਪਾ ਦੇ ਸਮੁੰਦਰ ਪਰਮਾਤਮਾ ਦਾ ਆਸਰਾ ਲਿਆ ਉਹ ਗਜ (ਹਾਥੀ) ਤੰਦੂਏ ਦੀ ਫਾਹੀ ਤੋਂ ਨਿਕਲ ਗਿਆ ਸੀ। ਮੈਂ ਕਿਥੋਂ ਤਕ ਪਰਮਾਤਮਾ ਦੇ ਨਾਮ ਦੀ ਵਡਿਆਈ ਦੱਸਾਂ? ਪਰਮਾਤਮਾ ਦਾ ਨਾਮ ਉਚਾਰ ਕੇ ਉਸ (ਹਾਥੀ) ਦੇ ਬੰਧਨ ਟੁੱਟ ਗਏ ਸਨ।੨।
ਅਜਾਮਲੁ ਪਾਪੀ ਜਗੁ ਜਾਨੇ ਨਿਮਖ ਮਾਹਿ ਨਿਸਤਾਰਾ ॥
ਨਾਨਕ ਕਹਤ ਚੇਤ ਚਿੰਤਾਮਨਿ ਤੈ ਭੀ ਉਤਰਹਿ ਪਾਰਾ ॥੩॥੪॥
ਹੇ ਭਾਈ! ਸਾਰਾ ਜਗਤ ਜਾਣਦਾ ਹੈ ਕਿ ਅਜਾਮਲ ਵਿਕਾਰੀ ਸੀ (ਪਰਮਾਤਮਾ ਦੇ ਨਾਮ ਦਾ ਸਿਮਰਨ ਕਰ ਕੇ) ਅੱਖ ਦੇ ਝਮਕਣ ਜਿਤਨੇ ਸਮੇ ਵਿਚ ਹੀ ਉਸ ਦਾ ਪਾਰ-ਉਤਾਰਾ ਹੋ ਗਿਆ ਸੀ। ਨਾਨਕ ਆਖਦਾ ਹੈ-(ਹੇ ਭਾਈ! ਤੂੰ) ਸਾਰੀਆਂ ਚਿਤਵਨੀਆਂ ਪੂਰੀਆਂ ਕਰਨ ਵਾਲੇ ਪਰਮਾਤਮਾ ਦਾ ਨਾਮ ਸਿਮਰਿਆ ਕਰ। ਤੂੰ ਭੀ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਏਂਗਾ।੩।੪।
ਨੌਵੇਂ ਨਾਨਕ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਉਕਤ ਸ਼ਬਦ ਵਿੱਚ ਗਨਕਾ, ਗਜ (ਪੌਰਾਣਿਕ ਪ੍ਰਚਲਿਤ ਇੱਕ ਸਾਖੀ ਅਨੁਸਾਰ ਇੱਕ ਸ਼ਰਾਪਿਤ ਹਾਥੀ), ਅਜਾਮਲ ਪਾਪੀ ਅਤੇ ਧ੍ਰੂ ਭਗਤ ਦੀਆਂ ਉਦਾਹਰਨਾਂ ਦੇ ਕੇ ਉਪਦੇਸ਼ ਕਰ ਰਹੇ ਹਨ ਕਿ ਵਾਹਿਗੁਰੂ ਬੇਅੰਤ ਸ਼ਕਤੀ ਦਾ ਮਾਲਕ ਹੈ। ਉਸ ਦੇ ਨਾਮ ਸਿਮਰਨ ਵਿੱਚ ਅਥਾਹ ਬਰਕਤ ਹੈ। ਉਸ ਦੇ ਨਾਮ ਦੀ ਬਰਕਤ ਨਾਲ ਗਨਕਾ ਜੈਸੀ ਵੇਸਵਾ, ਅਜਾਮਲ ਵਰਗਾ ਪਾਪੀ ਤਰ ਗਿਆ। ਉਹ ਆਪਣੇ ਭਗਤਾਂ ਦੀ ਹਮੇਸ਼ਾਂ ਰੱਖਿਆ ਕਰਦਾ ਹੈ। ਉਸ ਦੇ ਨਾਮ ਸਿਮਰਨ ਦੀ ਬਰਕਤ ਨਾਲ ਧਰੂ ਸਦਾ ਲਈਂ ਅਮਰ ਹੋ ਗਿਆ। ਇਸ ਲਈ ਸਾਰੀਆਂ ਚਿੰਤਾਂਵਾਂ ਛੱਡ ਕੇ ਉਸ ਦਾ ਨਾਮ ਵਾਹਿਗੁਰੂ ਦਾ ਨਾਮ ਸਿਮਰ ਤਾਂ ਹੀ ਸੰਸਾਰ ਸਾਗਰ ਤੋਂ ਪਾਰ ਹੋਵੇਗਾ।
ਕੱਲ ਦੁਬਾਰਾ ਸ਼ਾਮੀ 6 ਵਜੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਵਿਚਲੇ 19ਵੇਂ ਸ਼ਬਦ ਦੀ ਵਿਚਾਰ ਕਰਾਂਗੇ। ਸ਼ਬਦ ਵਿਚਾਰ ਲਈ ਗਿਆਨੀ ਸਾਹਿਬ ਸਿੰਘ ਦੁਆਰਾ ਕੀਤੇ ਗੁਰਬਾਣੀ ਟੀਕੇ ਨੂੰ ਬਣਾਇਆ ਗਿਆ ਹੈ। ਸ਼ਬਦ ਵਿਚਾਰ ਸੰਬੰਧੀ ਜੇ ਕੋਈ ਆਪ ਜੀ ਦਾ ਸੁਝਾਅ ਹੈ ਤਾਂ ਤੁਸੀਂ ਸਾਡੇ ਨਾਲ ਜ਼ਰੂਰ ਸਾਂਝਾ ਕਰੋ ਜੀ ਸਾਨੂੰ ਖੁਸ਼ੀ ਹੋਵੇਗੀ। ਤੁਹਾਡੇ ਸੁਝਾਅ ਸਾਡਾ ਰਾਹ ਦਸੇਰਾ ਹੋਣਗੇ। ਭੁੱਲਾਂ ਚੁੱਕਾਂ ਦੀ ਖਿਮਾ।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ॥