ਨੌਵੇਂ ਮਹਲੇ ਦੀ ਇਲਾਹੀ ਬਾਣੀ ਦੇ 15ਵੇਂ ਸ਼ਬਦ ਦੀ ਵਿਚਾਰ – Shabad Vichaar -15

TeamGlobalPunjab
5 Min Read

ਮਨ ਦੀਆਂ ਮਨ ਵਿੱਚ ਰਹਿ ਗਈਆਂ

 ਡਾ. ਗੁਰਦੇਵ ਸਿੰਘ

ਵਕਤ ਦੀ ਜੋ ਸੰਭਾਲ ਨਹੀਂ ਕਰਦਾ ਉਸ ਦੇ ਹੱਥ, ਬਿਨਾਂ ਪਛਤਾਵੇ ਤੋਂ ਹੋਰ ਕੁਝ ਨਹੀਂ ਰਹਿੰਦਾ। ਸਾਡੇ ਮਨ ਦੇ ਵਿੱਚ ਇਹ ਹੁੰਦਾ ਵੀ ਹੈ ਕਿ ਮੈਂ ਨਿਤਨੇਮ ਕਰਾਂ, ਬਾਣੀ ਦੀ ਵਿਚਾਰ ਕਰਾਂ, ਕੀਰਤਨ ਕਰਾਂ, ਗੁਰੂ ਘਰ ਜਾ ਕੇ ਸੰਗਤ ਕਰਾਂ, ਸੇਵਾ ਕਰਾਂ ਪਰ ਇਹ ਸਾਰੇ ਵਿਚਾਰ ਮਨ ਵਿੱਚ ਤਾਂ ਚਲਦੇ ਰਹਿੰਦੇ ਹਨ ਪ੍ਰੰਤੂ ਅਸੀਂ ਇਨ੍ਹਾਂ ਨੂੰ ਅਮਲ ਵਿੱਚ ਨਹੀਂ ਲਿਆਉਂਦੇ। ਜਦੋਂ ਅਮਲ ਵਿੱਚ ਲਿਆਉਂਣ ਦੀ ਕੋਸ਼ਿਸ਼ ਕਰਦੇ ਹਾਂ ਉਦੋਂ ਫਿਰ ਨਾ ਤਾਂ ਸਾਡਾ ਸਰੀਰ, ਨਾ ਜ਼ੁਬਾਨ, ਨਾ ਅੱਖਾਂ, ਨਾ ਕੰਨ, ਨਾ ਹੱਥ ਆਦਿ ਕੁਝ ਵੀ ਸਾਥ ਨਹੀਂ ਦਿੰਦਾ। ਉਦੋਂ ਫਿਰ ਅਸੀਂ ਸੋਚਦੇ ਹਾਂ ਕਿ ਮਨ ਤਾਂ ਕਦੋਂ ਦਾ ਕਰਦਾ ਸੀ ਪਰ ਮੈਂ ਦੇਰੀ ਕਰ ਦਿੱਤੀ। ਉਦੋਂ ਫਿਰ ਕੁਝ ਨਹੀਂ ਹੁੰਦਾ ਬਸ ਮਨ ਦੀਆਂ ਮਨ ਵਿੱਚ ਹੀ ਰਹਿ ਜਾਂਦੀਆਂ ਹਨ।

ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦੀ ਚੱਲ ਰਹੀ ਲੜੀਵਾਰ ਵਿਚਾਰ ਵਿੱਚ ਅੱਜ ਅਸੀਂ ਜਿਸ ਸ਼ਬਦ ਦੀ ਵਿਚਾਰ ਕਰਨ ਲੱਗੇ ਹਾਂ ਉਸ ਵਿੱਚ ਨੌਵੇਂ ਪਾਤਸ਼ਾਹ ਮਨ ਦੀ ਇਸੇ ਅਵਸਥਾ ਦੀ ਗੱਲ ਕਰਦੇ ਹਨ। ਜਦੋਂ ਮੌਤ ਰੂਪੀ ਕਾਲ ਸਾਹਮਣੇ ਆ ਖੜਾ ਹੁੰਦਾ ਉਦੋਂ ਮਨੁੱਖਾ ਜਨਮ ਦੇ ਅਸਲ ਕਾਰਜ ਸਾਨੂੰ ਯਾਦ ਆਉਂਦੇ ਹਨ ਜਿਨ੍ਹਾਂ ਨੂੰ ਅਸੀਂ ਜਾਣਦੇ ਹੋਏ ਵੀ ਨਹੀਂ ਕਰਦੇ। ਅੱਜ ਅਸੀਂ ਮਨ ਕੀ ਮਨ ਹੀ ਮਾਹਿ ਰਹੀ॥ ਨਾ ਹਰਿ ਭਜੇ ਨ ਤੀਰਥ ਸੇਵੇ ਚੋਟੀ ਕਾਲਿ ਗਹੀ ॥੧॥ ਸ਼ਬਦ ਦੀ ਵਿਚਾਰ ਕਰਾਂਗੇ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 631 ‘ਤੇ ਅੰਕਿਤ ਹੈ । ਇਹ ਸ਼ਬਦ ਸੋਰਠਿ ਰਾਗ ਅਧੀਨ ਅੰਕਿਤ ਹੈ। ਸੋਰਠਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਾਗਾਤਮਕ ਕ੍ਰਮ ਦਾ 9ਵਾਂ ਰਾਗ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗਾਂ ਦੀ ਜਾਣਕਾਰੀ ਹਿਤ ਹਰ ਐਤਵਾਰ ਨੂੰ ਆਪ ਸ਼ਾਮੀ 6 ਵਜੇ ਪ੍ਰਕਾਸ਼ਿਤ ਹੋ ਰਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗਾਂ ਦੀ ਲੜੀ ਨਾਲ ਜੁੜ ਸਕਦੇ ਹੋ। ਸੋਰਠਿ ਰਾਗ ਅਧੀਨ ਦਰਜ ਨੌਵੇਂ ਮਹਲੇ ਦੇ ਇਸ ਸ਼ਬਦ ਵਿੱਚ ਗੁਰੂ ਜੀ ਮਨੁੱਖ ਨੂੰ ਇਸ ਤ੍ਹਰਾਂ ਉਪਦੇਸ਼ ਕਰ ਰਹੇ ਹਨ:

ਸੋਰਠਿ ਮਹਲਾ ੯॥ ਮਨ ਕੀ ਮਨ ਹੀ ਮਾਹਿ ਰਹੀ॥ ਨਾ ਹਰਿ ਭਜੇ ਨ ਤੀਰਥ ਸੇਵੇ ਚੋਟੀ ਕਾਲਿ ਗਹੀ॥੧॥ਰਹਾਉ॥

- Advertisement -

(ਹੇ ਭਾਈ! ਵੇਖੋ, ਮਾਇਆ ਧਾਰੀ ਦੀ ਮੰਦ-ਭਾਗਤਾ! ਉਸ ਦੇ) ਮਨ ਦੀ ਆਸ ਮਨ ਵਿਚ ਹੀ ਰਹਿ ਗਈ। ਨਾਹ ਉਸ ਨੇ ਪਰਮਾਤਮਾ ਦਾ ਭਜਨ ਕੀਤਾ, ਨਾਹ ਹੀ ਉਸ ਨੇ ਸੰਤ ਜਨਾਂ ਦੀ ਸੇਵਾ ਕੀਤੀ, ਤੇ, ਮੌਤ ਨੇ ਬੋਦੀ ਆ ਫੜੀ।੧।ਰਹਾਉ।

ਦਾਰਾ ਮੀਤ ਪੂਤ ਰਥ ਸੰਪਤਿ ਧਨ ਪੂਰਨ ਸਭ ਮਹੀ॥ ਅਵਰ ਸਗਲ ਮਿਥਿਆ ਏ ਜਾਨਉ ਭਜਨੁ ਰਾਮੁ ਕੋ ਸਹੀ॥੧॥  

ਹੇ ਭਾਈ! ਇਸਤ੍ਰੀ, ਮਿੱਤਰ, ਪੁੱਤਰ, ਗੱਡੀਆਂ, ਮਾਲ-ਅਸਬਾਬ, ਧਨ-ਪਦਾਰਥ ਸਾਰੀ ਹੀ ਧਰਤੀ-ਇਹ ਸਭ ਕੁਝ ਨਾਸਵੰਤ ਸਮਝੋ। ਪਰਮਾਤਮਾ ਦਾ ਭਜਨ (ਹੀ) ਅਸਲ (ਸਾਥੀ) ਹੈ।੧।

ਫਿਰਤ ਫਿਰਤ ਬਹੁਤੇ ਜੁਗ ਹਾਰਿਓ ਮਾਨਸ ਦੇਹ ਲਹੀ॥ ਨਾਨਕ ਕਹਤ ਮਿਲਨ ਕੀ ਬਰੀਆ ਸਿਮਰਤ ਕਹਾ ਨਹੀ॥੨॥੨॥ 

ਹੇ ਭਾਈ! ਕਈ ਜੁਗ (ਜੂਨਾਂ ਵਿਚ) ਭਟਕ ਭਟਕ ਕੇ ਤੂੰ ਥੱਕ ਗਿਆ ਸੀ। (ਹੁਣ) ਤੈਨੂੰ ਮਨੁੱਖਾ ਸਰੀਰ ਲੱਭਾ ਹੈ। ਨਾਨਕ ਆਖਦਾ ਹੈ-(ਹੇ ਭਾਈ! ਪਰਮਾਤਮਾ ਨੂੰ) ਮਿਲਣ ਦੀ ਇਹੀ ਵਾਰੀ ਹੈ, ਹੁਣ ਤੂੰ ਸਿਮਰਨ ਕਿਉਂ ਨਹੀਂ ਕਰਦਾ?।੨।੨।

- Advertisement -

ਗੁਰੂ ਜੀ ਕ੍ਰਿਪਾ ਕਰ ਰਹੇ ਹਨ ਕਿ ਹੇ ਭਾਈ ਹੁਣ ਤੇਰੇ ਮਨ ਦੀਆਂ ਮਨ ਵਿੱਚ ਹੀ ਰਹਿ ਗਈਆਂ, ਨਾ ਤਾਂ ਤੂੰ ਰੱਬ ਦਾ ਹੀ ਭਜਨ ਕੀਤਾ ਹੈ ਤੇ ਨਾ ਹੀ ਸੰਤ ਜਨਾਂ ਦੀ ਸੇਵਾ ਕੀਤੀ। ਹੁਣ ਮੌਤ ਤੇਰੇ ਸਿਰ ‘ਤੇ ਆਣ ਖਲੋਤੀ ਹੈ। ਹੇ ਭਾਈ ਧਰਤੀ ‘ਤੇ ਜੋ ਵੀ ਪਾਸਾਰਾ ਦਿਸ ਰਿਹਾ ਹੈ, ਮਿਤ੍ਰ, ਸਕੇ ਸਨਬੰਧੀ ਆਦਿ ਸਭ ਮਿਥਿਆ ਹਨ, ਨਾਸ਼ਵਾਨ ਹਨ। ਕੇਵਲ ਵਾਹਿਗੁਰੂ ਦਾ ਨਾਮ ਹੀ ਸਹੀ ਹੈ। ਵੱਡੇ ਭਾਗਾਂ ਨਾਲ ਕਈ ਜੁਗਾਂ ਦੇ ਸਫ਼ਰ ਤੋਂ ਬਾਅਦ ਇਹ ਕੀਮਤੀ ਮਨੁੱਖਾ ਜਨਮ ਮਿਲਿਆ ਹੈ। ਇਹ ਹੀ ਜਨਮ ਤੈਨੂੰ ਪ੍ਰਾਮਤਮਾ ਵਾਹਿਗੁਰੂ ਨਾਲ ਮਿਲਾ ਸਕਦਾ ਹੈ। ਇਸ ਲਈ ਤੂੰ ਉਸ ਪ੍ਰਮਾਤਮਾ ਦਾ ਸਿਮਰਨ ਕਿਉਂ ਨਹੀਂ ਕਰਦਾ ਜੇ ਇਹ ਮਨੁੱਖਾ ਜਨਮ ਕਿਤੇ ਹੱਥੋਂ ਨਿਕਲ ਗਿਆ ਤਾਂ ਫਿਰ ਦੁਬਾਰਾ ਭਟਕਣਾ ਵਿੱਚ ਪੈ ਜਾਵੇਗਾ।

ਨੌਵੇਂ ਨਾਨਕ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਉਕਤ ਸ਼ਬਦ ਵਿੱਚ ਮਨੁੱਖ ਨੂੰ ਮਨੁੱਖਾ ਜਨਮ ਦੀ ਅਹਿਮੀਅਤ ਸਮਝਾ ਰਹੇ ਹਨ ਤੇ ਪ੍ਰਮਾਤਮਾ ਦੀ ਭਗਤੀ ਕਰਨ ਦਾ ਉਪਦੇਸ਼ ਦੇ ਰਹੇ ਹਨ। ਕੱਲ ਸ਼ਾਮੀ 6 ਵਜੇ ਦੁਬਾਰਾ ਫਿਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਵਿਚਲੇ 16ਵੇਂ ਸ਼ਬਦ ਦੀ ਵਿਚਾਰ ਕਰਾਂਗੇ। ਸ਼ਬਦ ਦੀ ਵਿਚਾਰ ਲਈ ਅਧਾਰ ਸਰੋਤ ਪ੍ਰੋਫੈਸਰ ਸਾਹਿਬ ਸਿੰਘ ਦੁਆਰਾ ਗੁਰਬਾਣੀ ਦੇ ਕੀਤੇ ਟੀਕੇ ਨੂੰ ਹੀ ਬਣਾਇਆ ਗਿਆ ਹੈ। ਗੁਰਬਾਣੀ ਵਿਚਾਰ ਸੰਬੰਧੀ ਜੇ ਕੋਈ ਆਪ ਜੀ ਦਾ ਸੁਝਾਅ ਹੈ ਤਾਂ ਤੁਸੀਂ ਸਾਡੇ ਨਾਲ ਜ਼ਰੂਰ ਸਾਂਝਾ ਕਰੋ ਜੀ ਸਾਨੂੰ ਖੁਸ਼ੀ ਹੋਵੇਗੀ। ਤੁਹਾਡੇ ਸੁਝਾਅ ਸਾਡਾ ਮਾਰਗ ਦਰਸ਼ਨ ਕਰਨਗੇ। ਭੁੱਲਾਂ ਚੁੱਕਾਂ ਦੀ ਖਿਮਾ।

ਵਾਹਿਗੁਰੂ ਜੀ ਕਾ ਖਾਲਸਾ

ਵਾਹਿਗੁਰੂ ਜੀ ਕੀ ਫਤਿਹ॥

Share this Article
Leave a comment