ਸ਼ਬਦ ਵਿਚਾਰ 91 – ਜਪੁ ਜੀ ਸਾਹਿਬ – ਪਉੜੀ 15

TeamGlobalPunjab
4 Min Read

ਸ਼ਬਦ ਵਿਚਾਰ – 91

ਜਪੁ ਜੀ ਸਾਹਿਬਪਉੜੀ 15

ਡਾ. ਗੁਰਦੇਵ ਸਿੰਘ*

ਵਾਹਿਗੁਰੂ ਨਾਲ ਮਨ ਕਰਕੇ ਪ੍ਰੀਤ ਪਾਉਣ ਵਾਲੇ ਮਨੁੱਖ ਨੂੰ ਅਜਿਹੀਆਂ ਬਖਸ਼ਿਸ਼ਾਂ ਹੁੰਦੀਆਂ ਜੋ ਵੱਡੇ ਵੱਡੇ ਤਪ ਕਰਕੇ ਵੀ ਪ੍ਰਾਪਤ ਨਹੀਂ ਹੁੰਦੀਆਂ। ਜਪੁਜੀ ਸਾਹਿਬ ਦੀ ਚਲ ਰਹੀ ਲੜੀਵਾਰ ਵਿਚਾਰ ਵਿੱਚ ਅੱਜ ਅਸੀਂ 15 ਪਉੜੀ ਦੀ ਵਿਚਾਰ ਕਰਾਂਗੇ ਇਸ ਪਉੜੀ ਵਿੱਚ ਗੁਰੂ ਸਾਹਿਬ ਉਨ੍ਹਾਂ ਬਰਕਤਾਂ ਦਾ ਉਪਦੇਸ਼ ਦੇ ਰਹੇ ਹਨ ਜੋ ਅਕਾਲ ਪੁਰਖ ਦੇ ਨਾਮ ਨਾਲ ਮਨ ਕਰ ਕੇ ਇਕਮਿਕ ਹੋਣ ਨਾਲ ਹੁੰਦੀਆਂ ਹਨ:

ਮੰਨੈ ਪਾਵਹਿ ਮੋਖੁ ਦੁਆਰੁ ॥ ਮੰਨੈ ਪਰਵਾਰੈ ਸਾਧਾਰੁ ॥

- Advertisement -

ਮੰਨੈ ਤਰੈ ਤਾਰੇ ਗੁਰੁ ਸਿਖ ॥ ਮੰਨੈ ਨਾਨਕ ਭਵਹਿ ਨ ਭਿਖ ॥

ਐਸਾ ਨਾਮੁ ਨਿਰੰਜਨੁ ਹੋਇ ॥ ਜੇ ਕੋ ਮੰਨਿ ਜਾਣੈ ਮਨਿ ਕੋਇ ॥੧੫॥

ਪਦ ਅਰਥਪਾਵਹਿ = ਲੱਭ ਲੈਂਦੇ ਹਨ। ਮੋਖੁ ਦੁਆਰੁ = ਮੁਕਤੀ ਦਾ ਦਰਵਾਜ਼ਾ, ‘ਕੂੜ’ ਤੋਂ ਖ਼ਲਾਸੀ ਪਾਣ ਦਾ ਰਾਹ। ਪਰਵਾਰੈ = ਪਰਵਾਰ ਨੂੰ। ਸਾਧਾਰੁ = ਆਧਾਰ ਸਹਿਤ ਕਰਦਾ ਹੈ, (ਅਕਾਲ ਪੁਰਖ ਦੀ) ਟੇਕ ਦ੍ਰਿੜ੍ਹ ਕਰਾਉਂਦਾ ਹੈ। ਤਰੈ ਗੁਰੁ = ਗੁਰੂ ਆਪਿ ਤਰਦਾ ਹੈ। ਸਿਖ = ਸਿੱਖਾਂ ਨੂੰ। ਤਾਰੇ ਸਿਖ = ਸਿੱਖਾਂ ਨੂੰ ਤਾਰਦਾ ਹੈ। ਭਵਹਿ ਨ = ਨਹੀਂ ਭੌਂਦੇ। ਭਵਹਿ ਨ ਭਿਖ = ਭਿੱਖਿਆ ਲਈ ਨਹੀਂ ਭੌਂਦੇ ਫਿਰਦੇ, ਲੋੜਾਂ ਦੀ ਖ਼ਾਤਰ ਦਰ-ਦਰ ਨਹੀਂ ਰੁਲਦੇ ਫਿਰਦੇ, ਧਿਰ ਧਿਰ ਦੀ ਮੁਥਾਜੀ ਨਹੀਂ ਕਰਦੇ ਫਿਰਦੇ।

ਜਪੁ ਜੀ ਵਿਚ ਸ਼ਬਦ ‘ਸਿਖ’ ਹੇਠ-ਲਿਖੀਆਂ ਤੁਕਾਂ ਵਿਚ ਆਇਆ ਹੈ:

(1) ਮਤਿ ਵਿਚਿ ਰਤਨ ਜਵਾਹਰ ਮਾਣਿਕ, ਜੇ ਇਕ ਗੁਰ ਕੀ ਸਿਖ ਸੁਣੀ। (ਪਉੜੀ 6)

- Advertisement -

(2) ਮੰਨੈ ਤਰੈ ਤਾਰੇ ਗੁਰੁ ਸਿਖ। (ਪਉੜੀ 15)

ਪਹਿਲੀ ਤੁਕ ਵਿਚ ‘ਸਿਖ’ ਇਸਤ੍ਰੀ-ਲਿੰਗ ਹੈ। ਇਸ ਦਾ ਵਿਸ਼ੇਸ਼ਣ ‘ਇਕ’ ਭੀ ਇਸਤ੍ਰੀ-ਲਿੰਗ ਹੈ। ਇਸ ਵਾਸਤੇ ਇਕ-ਵਚਨ ਹੁੰਦਿਆਂ ਭੀ (ੁ) ਨਹੀਂ ਵਰਤਿਆ ਗਿਆ, ਜੋ ਕੇਵਲ ਪੁਲਿੰਗ ਵਾਸਤੇ ਹੈ। ਦੂਜੀ ਵਿਚ ‘ਸਿਖ’ ਪੁਲਿੰਗ ਬਹੁ-ਵਚਨ ਹੈ।

ਪੰਜਾਬੀ ਵਿਆਖਿਆ ਜੇ ਮਨ ਵਿਚ ਪ੍ਰਭੂ ਦੇ ਨਾਮ ਦੀ ਲਗਨ ਲੱਗ ਜਾਏ, ਤਾਂ (ਮਨੁੱਖ) ‘ਕੂੜ’ ਤੋਂ ਖ਼ਲਾਸੀ ਪਾਣ ਦਾ ਰਾਹ ਲੱਭ ਲੈਂਦੇ ਹਨ। (ਇਹੋ ਜਿਹਾ ਮਨੁੱਖ) ਆਪਣੇ ਪਰਵਾਰ ਨੂੰ ਭੀ (ਅਕਾਲ ਪੁਰਖ ਦੀ) ਟੇਕ ਦ੍ਰਿੜ੍ਹ ਕਰਾਉਂਦਾ ਹੈ। ਨਾਮ ਵਿਚ ਮਨ ਪਤੀਜਣ ਕਰਕੇ ਹੀ, ਸਤਿਗੁਰੂ (ਭੀ ਆਪ ਸੰਸਾਰ-ਸਾਗਰ ਤੋਂ) ਪਾਰ ਲੰਘ ਜਾਂਦਾ ਹੈ ਤੇ ਸਿੱਖਾਂ ਨੂੰ ਪਾਰ ਲੰਘਾਉਂਦਾ ਹੈ। ਨਾਮ ਵਿਚ ਮਨ ਜੁੜਨ ਕਰ ਕੇ, ਹੇ ਨਾਨਕ! ਮਨੁੱਖ ਧਿਰ ਧਿਰ ਦੀ ਮੁਥਾਜੀ ਨਹੀਂ ਕਰਦੇ ਫਿਰਦੇ। ਅਕਾਲ ਪੁਰਖ ਦਾ ਨਾਮ, ਜੋ ਮਾਇਆ ਦੇ ਪਰਭਾਵ ਤੋਂ ਪਰੇ ਹੈ, ਏਡਾ (ਉੱਚਾ) ਹੈ (ਕਿ ਇਸ ਵਿਚ ਜੁੜਨ ਵਾਲਾ ਭੀ ਉੱਚੇ ਜੀਵਨ ਵਾਲਾ ਹੋ ਜਾਂਦਾ ਹੈ, ਪਰ ਇਹ ਗੱਲ ਤਾਂ ਹੀ ਸਮਝ ਵਿਚ ਆਉਂਦੀ ਹੈ), ਜੇ ਕੋਈ ਮਨੁੱਖ ਆਪਣੇ ਮਨ ਵਿਚ ਹਰਿ-ਨਾਮ ਦੀ ਲਗਨ ਪੈਦਾ ਕਰੇ।15।

ਜਪੁਜੀ ਸਾਹਿਬ ਦੀ ਇਸ ਪਉੜੀ ਵਿੱਚ ਗੁਰੂ ਸਾਹਿਬ ਸਾਨੂੰ ਉਪਦੇਸ਼ ਕਰ ਰਹੇ ਹਨ ਕਿ ਹਰਿ ਨਾਮ ਦੀ ਲਗਨ ਦੀ ਬਰਕਤਿ ਨਾਲ ਉਹ ਸਾਰੇ ਬੰਧਨ ਟੁੱਟ ਜਾਂਦੇ ਹਨ ਜਿਨ੍ਹਾਂ ਨੇ ਪ੍ਰਭੂ ਨਾਲੋਂ ਵਿੱਥ ਪੈ ਜਾਂਦੀ ਹੈ। ਐਸੀ ਲਗਨ ਵਾਲਾ ਬੰਦਾ ਨਿਰਾ ਆਪ ਹੀ ਨਹੀਂ ਬਚਦਾ, ਆਪਣੇ ਪਰਵਾਰ ਦੇ ਜੀਆਂ ਨੂੰ ਭੀ ਖਸਮ ਪ੍ਰਭੂ ਦੇ ਲੜ ਲਾ ਲੈਂਦਾ ਹੈ। ਇਹ ਦਾਤ ਜਿਨ੍ਹਾਂ ਨੂੰ ਗੁਰੂ ਤੋਂ ਮਿਲਦੀ ਹੈ ਉਹ ਪ੍ਰਭੂ-ਦਰ ਤੋਂ ਖੁੰਝ ਕੇ ਹੋਰ ਪਾਸੇ ਨਹੀਂ ਭਟਕਦੇ। ਸ਼ਬਦ ਵਿਚਾਰ ਦੀ ਅਗਲੀ ਲੜੀ ਵਿੱਚ ਜਪੁਜੀ ਸਾਹਿਬ ਦੀ 14ਵੀਂ ਪਉੜੀ ਦੀ ਵਿਚਾਰ ਕਰਾਂਗੇ। ਇਸ ਸਬੰਧੀ ਆਪ ਜੀ ਦਾ ਜੇ ਕੋਈ ਵਿਚਾਰ ਹੋਵੇ ਤਾਂ ਸਾਡੇ ਨਾਲ ਜ਼ਰੂਰ ਸ਼ਾਂਝਾ ਕਰੋ ਜੀ।

*gurdevsinghdr@gmail.com

Share this Article
Leave a comment