ਫੇਨੀ : ਬੰਗਲਾਦੇਸ਼ ਵਿੱਚ ਹਿੰਦੂ ਘੱਟ ਗਿਣਤੀਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾਵਾਂ ਵਧ ਰਹੀਆਂ ਹਨ। ਬੰਗਲਾਦੇਸ਼ ਵਿੱਚ ਇੱਕ ਹੋਰ ਹਿੰਦੂ ਨੌਜਵਾਨ ਦੀ ਹੱਤਿਆ ਕਰ ਦਿੱਤੀ ਗਈ ਹੈ। ਫੇਂਗੁਆ ਦੇ ਦਗਨਭੂਆ ਵਿੱਚ ਸਮੀਰ ਦਾਸ (28) ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ। ਦੋਸ਼ੀ ਉਸਦੀ ਆਟੋ ਲੁੱਟਣ ਤੋਂ ਬਾਅਦ ਭੱਜ ਗਏ। ਪੁਲਿਸ ਕਾਤਲਾਂ ਦੀ ਭਾਲ ਕਰ ਰਹੀ ਹੈ।
ਪੁਲਿਸ ਅਨੁਸਾਰ ਸਮੀਰ ਦਗਨਭੂਆ ਦੇ ਮਤੁਭੂਈਆ ਸੰਘ ਦੇ ਰਾਮਾਨੰਦਪੁਰ ਪਿੰਡ ਦਾ ਰਹਿਣ ਵਾਲਾ ਸੀ ਅਤੇ ਲੰਬੇ ਸਮੇਂ ਤੋਂ ਬੈਟਰੀ ਆਟੋ ਰਿਕਸ਼ਾ ਚਲਾ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਰਿਹਾ ਸੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜਦੋਂ ਸਮੀਰ ਐਤਵਾਰ ਰਾਤ ਨੂੰ ਸਮੇਂ ਸਿਰ ਘਰ ਨਹੀਂ ਪਰਤਿਆ ਤਾਂ ਪਰਿਵਾਰਕ ਮੈਂਬਰਾਂ ਨੇ ਉਸਦੀ ਭਾਲ ਸ਼ੁਰੂ ਕਰ ਦਿੱਤੀ। ਬਾਅਦ ਵਿੱਚ ਪੁਲਿਸ ਨੂੰ ਸੂਚਿਤ ਕੀਤਾ ਗਿਆ। ਰਾਤ ਦੇ ਕਰੀਬ 2 ਵਜੇ ਲੋਕਾਂ ਨੇ ਦੱਖਣੀ ਕਰੀਮਪੁਰ ਮੁਹੂਰੀ ਬਾੜੀ ਨੇੜੇ ਸਮੀਰ ਦੀ ਖੂਨ ਨਾਲ ਲੱਥਪੱਥ ਲਾਸ਼ ਦੇਖੀ।
ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਇਹ ਕਤਲ ਸਾਜ਼ਿਸ਼ ਦੇ ਤਹਿਤ ਕੀਤਾ ਗਿਆ ਸੀ । ਥਾਣਾ ਇੰਚਾਰਜ ਫਯਾਜ਼ੁਲ ਅਜ਼ੀਮ ਨੋਮਾਨ ਨੇ ਕਿਹਾ ਕਿ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ‘ਤੇ ਐਫਆਈਆਰ ਦਰਜ ਕਰ ਲਈ ਗਈ ਹੈ ਅਤੇ ਮੁਲਜ਼ਮ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਲਿਸ ਅਤੇ ਸਥਾਨਕ ਸੂਤਰਾਂ ਅਨੁਸਾਰ ਸਮੀਰ ਕੁਮਾਰ ਦਾਸ ਦਾ ਕਤਲ 11 ਜਨਵਰੀ ਦੀ ਸ਼ਾਮ ਨੂੰ ਦਗਨਭੂਆ ਇਲਾਕੇ ਵਿੱਚ ਹੋਇਆ ਸੀ। ਸਮੀਰ ਕੁਮਾਰ ਦਾਸ ਕਾਰਤਿਕ ਕੁਮਾਰ ਦਾਸ ਅਤੇ ਰੀਨਾ ਰਾਣੀ ਦਾਸ ਦਾ ਸਭ ਤੋਂ ਵੱਡਾ ਪੁੱਤਰ ਸੀ। ਘਟਨਾ ਦੀ ਜਾਣਕਾਰੀ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ ਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਅਤੇ ਪੋਸਟਮਾਰਟਮ ਲਈ ਫੇਨੀ ਜਨਰਲ ਹਸਪਤਾਲ ਭੇਜ ਦਿੱਤਾ।
ਜ਼ਿਕਰਯੋਗ ਹੈ ਕਿ ਇਹ ਬੰਗਲਾਦੇਸ਼ ਵਿੱਚ 23 ਦਿਨਾਂ ਵਿੱਚ ਕਿਸੇ ਹਿੰਦੂ ਦਾ ਸੱਤਵਾਂ ਕਤਲ ਹੈ। ਇਸ ਤੋਂ ਪਹਿਲਾਂ, 5 ਜਨਵਰੀ ਨੂੰ, ਬੰਗਲਾਦੇਸ਼ ਦੇ ਨਰਸਿੰਗਦੀ ਜ਼ਿਲ੍ਹੇ ਵਿੱਚ ਇੱਕ ਹਿੰਦੂ ਦੁਕਾਨਦਾਰ ਦੀ ਤੇਜ਼ਧਾਰ ਹਥਿਆਰਾਂ ਨਾਲ ਹੱਤਿਆ ਕਰ ਦਿੱਤੀ ਗਈ ਸੀ। ਮ੍ਰਿਤਕ 40 ਸਾਲਾ ਸ਼ਰਤ ਚੱਕਰਵਰਤੀ ਮਨੀ ਸੀ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

