ਚੰਡੀਗੜ੍ਹ : ਬਲਜੀਤ ਸਿੰਘ ਦਾਦੂਵਾਲ ਨੂੰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਬੀਤੀ 13 ਜੁਲਾਈ ਨੂੰ ਕਮੇਟੀ ਦੇ ਮੁੱਖ ਦਫਤਰ ਗੁਰਦੁਆਰਾ ਸਾਹਿਬ ਪਾਤਿਸ਼ਾਹੀ ਪਹਿਲੀ ਅਤੇ ਛੇਵੀਂ ਚੀਕਾ ਵਿਖੇ ਕਮੇਟੀ ਦੀ ਹੋਈ ਮੀਟਿੰਗ ‘ਚ ਜਥੇਦਾਰ ਦਾਦੂਵਾਲ ਨੂੰ ਸਰਬਸੰਮਤੀ ਨਾਲ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਾਰਜਕਾਰੀ ਪ੍ਰਧਾਨ ਚੁਣਿਆ ਗਿਆ। ਇਸ ਮੀਟਿੰਗ ‘ਚ ਹਰਿਆਣਾ ਕਮੇਟੀ ਦੇ ਜਨਰਲ ਹਾਊਸ ਦੇ 23 ਮੈਂਬਰਾਂ ਨੇ ਭਾਗ ਲਿਆ। ਦੱਸ ਦਈਏ ਕਿ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨੇ ਆਪਣੀ ਸਿਹਤ ਦਾ ਹਵਾਲਾ ਦਿੰਦੇ ਹੋਏ ਪਿਛਲੇ ਹਫਤੇ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।
ਜਨਰਲ ਹਾਊਸ ਵੱਲੋਂ ਮੀਟਿੰਗ ‘ਚ ਕਮੇਟੀ ਦੇ ਸਾਰੇ ਕਾਰਜਕਾਰੀ ਮੈਂਬਰਾਂ ਸਮੇਤ ਪ੍ਰਧਾਨ ਦਾ ਅਸਤੀਫਾ ਪ੍ਰਵਾਨ ਕਰਨ ਤੋਂ ਬਾਅਦ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੂੰ ਸਰਬਸੰਮਤੀ ਨਾਲ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ।
ਜਥੇਦਾਰ ਦਾਦੂਵਾਲ ਦੀ ਪ੍ਰਧਾਨਗੀ ਹੇਠ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋਈ ਮੀਟਿੰਗ ‘ਚ ਪਿਛਲੇ ਸਾਲ ਦਾ ਬਜਟ ਪੇਸ਼ ਕੀਤਾ ਗਿਆ। ਜਥੇਦਾਰ ਦਾਦੂਵਾਲ ਨੇ ਕਮੇਟੀ ਦੇ ਕਾਰਜਕਾਰੀ ਮੈਂਬਰਾਂ ਦੀ ਚੋੋਣ ਲਈ 13 ਅਗਸਤ ਤੱਕ ਦਾ ਸਮਾਂ ਨਿਸ਼ਚਿਤ ਕੀਤਾ ਹੈ। ਉਮੀਦਵਾਰ 7 ਅਗਸਤ ਤੱਕ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰ ਸਕਦੇ ਹਨ ਅਤੇ 9 ਅਗਸਤ ਤੱਕ ਆਪਣਾ ਨਾਂ ਵਾਪਸ ਲੈ ਸਕਦੇ ਹਨ।