ਬਲਬੀਰ ਸਿੰਘ ‘ਤੇ ਵੀ ਲਟਕੀ ਡਿਪੋਰਟੇਸ਼ਨ ਦੀ ਤਲਵਾਰ

Rajneet Kaur
3 Min Read

ਨਿਊਜ਼ ਡੈਸਕ: ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (ਸੀ.ਬੀ.ਐੱਸ.ਏ.) ਨੇ ਉਨ੍ਹਾਂ ਵਿਦਿਆਰਥੀਆਂ ਨੂੰ ਦੇਸ਼ ਨਿਕਾਲੇ ਦੇ ਨੋਟਿਸ ਜਾਰੀ ਕੀਤੇ ਹਨ ਜਿਨ੍ਹਾਂ ਦੇ ਵਿਦਿਅਕ ਅਦਾਰਿਆਂ ਦੇ ਦਾਖਲੇ ਦੇ ਪੇਸ਼ਕਸ਼ ਪੱਤਰ ਜਾਅਲੀ ਪਾਏ ਗਏ ਸਨ।  ਦੇਸ਼ ਨਿਕਾਲੇ ਦਾ ਸਾਹਮਣਾ 2017 ‘ਚ ਸਟੂਡੈਂਟ ਵੀਜ਼ੇ ਤੇ ਆਇਆ ਬਲਬੀਰ ਸਿੰਘ ਵੀ ਕਰ ਰਿਹਾ ਹੈ। ਬਲਬੀਰ ਸਿੰਘ ਬਤੌਰ ਅੰਤਰਰਾਸ਼ਟਰੀ ਵਿਦਿਆਰਥੀ 2017 ਵਿਚ ਭਾਰਤ ਤੋਂ ਕੈਨੇਡਾ ਆਇਆ ਸੀ।

ਆਪਣੀ ਪੜ੍ਹਾਈ ਖ਼ਤਮ ਕਰਨ ਅਤੇ ਕੰਸਟਰਕਸ਼ਨ ਸੈਕਟਰ ‘ਚ ਇਕ ਸਥਿਰ ਜੌਬ ਤੇ ਵਰਕ-ਪਰਮਿਟ ਲੈਣ ਦੇ ਬਾਵਜੂਦ, ਬਲਬੀਰ ਨੂੰ ਆਪਣਾ ਕੈਨੇਡਾ ‘ਚ ਇੱਕ ਚੰਗਾ ਭਵਿੱਖ ਬਣਾਉਣ ਦਾ ਸੁਪਣਾ ਟੁੱਟਦਾ ਨਜ਼ਰ ਆ ਰਿਹਾ ਹੈ।  24 ਸਾਲਾ ਬਲਬੀਰ ਸਿੰਘ  ਕੈਨੇਡਾ ਭਰ ਦੇ ਉਨ੍ਹਾਂ ਸਾਰੇ ਅੰਤਰਰਾਸ਼ਟਰੀ ਵਿਦਿਆਰਥੀਆਂ ਵਿੱਚੋਂ ਇੱਕ ਹੈ ਜੋ ਇੱਕ ਸ਼ੱਕੀ ਅੰਤਰਰਾਸ਼ਟਰੀ ਇਮੀਗ੍ਰੇਸ਼ਨ ਘੁਟਾਲੇ ਤੋਂ ਬਾਅਦ ਸੰਭਾਵੀ ਦੇਸ਼ ਨਿਕਾਲੇ ਦਾ ਸਾਹਮਣਾ ਕਰ ਰਹੇ ਹਨ। ਡਿਪੋਰਟ ਹੋਣ ਕਾਰਨ ਕਈ ਵਿਦਿਆਰਥੀ ਤਣਾਅ ‘ਚ ਹਨ।

ਬਲਬੀਰ ਸਿੰਘ ਦਾ ਕਹਿਣਾ ਹੈ ਕਿ ਉਸਦੇ ਇਮੀਗ੍ਰੇਸ਼ਨ ਏਜੰਟ ਨੇ ਉਸ ਨਾਲ ਧੋਖਾ ਕੀਤਾ ਹੈ। ਬਲਬੀਰ ਨੇ ਕਿਹਾ ਕਿ ਉਸਨੇ ਕੈਨੇਡਾ ਵਿਚ ਬਤੌਰ ਅੰਤਰਰਾਸ਼ਟਰੀ ਵਿਦਿਆਰਥੀ ਆਉਣ ਲਈ ਐਜੁਕੇਸ਼ਨ ਮਾਈਗ੍ਰੇਸ਼ਨ ਸਰਵਿਸੇਜ਼ ਨਾਂ ਦੀ ਕੰਸਲਟੈਂਸੀ ਦੀਆਂ ਸੇਵਾਵਾਂ ਲਈਆਂ ਸਨ।  ਉਸਨੇ ਇਸ ਕੰਪਨੀ ਦੇ ਇਮੀਗ੍ਰੇਸ਼ਨ ਏਜੰਟ ਨੂੰ ਲੱਖਾਂ ਰੁਪਏ ਦਿੱਤੇ ਸਨ। ਇਸ ਇਮੀਗ੍ਰੇਸ਼ਨ ਏਜੰਟ ਨੇ ਬਲਬੀਰ ਨੂੰ ਕੈਨੇਡੀਅਨ ਕਾਲਜ ਦਾ ਦਾਖ਼ਲਾ ਪੱਤਰ ਮੁਹੱਈਆ ਕਰਵਾ ਕੇ ਸਟੂਡੈਂਟ ਵੀਜ਼ਾ ਪ੍ਰਾਪਤ ਕਰਨ ਵਿਚ ਮਦਦ ਕੀਤੀ। ਬਲਬੀਰ ਨੇ ਦੱਸਿਆ ਕਿ ਉਸ ਕੋਲ ਓਂਟਾਰੀਓ ਦੇ ਲੰਡਨ ‘ਚ ਸਥਿਤ ਫ਼ੈਨਸ਼ੌਅ ਕਾਲਜ ਦਾ ਦਾਖ਼ਲਾ ਪੱਤਰ ਸੀ, ਪਰ ਜਦੋਂ ਉਹ ਕੈਨੇਡਾ ਪਹੁੰਚਿਆ ਤਾਂ ਉਸਦੇ ਕੰਸਲਟੈਂਟ ਨੇ ਉਸਨੂੰ ਵੈਨਕੂਵਰ ਦੇ ਲੰਗਾਰਾ ਕਾਲਜ ਜਾਣ ਨੂੰ ਕਿਹਾ ਸੀ।

ਬਲਬੀਰ ਨੇ ਆਪਣੇ ਇਮੀਗ੍ਰੇਸ਼ਨ ਕੰਸਲਟੈਂਟ ਦੀ ਸਲਾਹ ਮੰਨੀ ਅਤੇ ਉਸ ਕਾਲਜ ਤੋਂ ਆਪਣਾ ਡਿਪਲੋਮਾ ਪੂਰਾ ਕੀਤਾ। ਪਰ ਜਦੋਂ ਬਲਬੀਰ ਨੇ ਪੀ ਆਰ ਲਈ ਅਰਜ਼ੀ ਦਿੱਤੀ ਤਾਂ ਉਸਦੀ ਅਰਜ਼ੀ ‘ਤੇ ਸਵਾਲੀਆ ਨਿਸ਼ਾਨ ਲੱਗ ਗਿਆ। ਕੈਨੇਡੀਅਨ ਬਾਰਡਰ ਸਰਵਿਸੇਜ਼ ਏਜੰਸੀ ਨੇ ਉਸਨੂੰ ਦੱਸਿਆ ਕਿ ਉਸਦਾ ਦਾਖ਼ਲਾ ਪੱਤਰ ਜਾਅਲੀ ਸੀ। ਹੁਣ, ਸਿੰਘ ਨੂੰ ਗਲਤ ਬਿਆਨੀ ਕਰਕੇ ਕੈਨੇਡਾ ਵਿੱਚ ਅਯੋਗ ਸਮਝਿਆ ਗਿਆ ਹੈ। ਉਸਦਾ ਕਹਿਣਾ ਹੈ ਕਿ ਉਸਦਾ ਕੇਸ ਨਿਆਂਇਕ ਸਮੀਖਿਆ ਅਧੀਨ ਹੈ, ਅਤੇ ਉਸਨੂੰ ਦੇਸ਼ ਨਿਕਾਲਾ ਦਿੱਤਾ ਜਾ ਸਕਦਾ ਹੈ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment