ਟੋਰਾਂਟੋ: ਟੋਰਾਂਟੋ ਦੇ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਤੋਂ ਆਪਣਾ ਸਮਾਨ ਲੈਣ ਦੀ ਉਡੀਕ ‘ਚ ਬੈਠੇ ਮੁਸਾਫ਼ਰਾਂ ਦਾ ਸਬਰ ਟੁੱਟਦਾ ਜਾ ਰਿਹਾ ਹੈ। ਉਧਰ ਹਵਾਈ ਅੱਡਾ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਲਗੇਜ ਬੈਕਲਾਗ ਖ਼ਤਮ ਕਰਨ ਦੇ ਯਤਨ ਕੀਤੇ ਜਾ ਰਹੇ ਹਨ ਪਰ ਜ਼ਮੀਨੀ ਪੱਧਰ ‘ਤੇ ਦੇਖਿਆ ਜਾਵੇ ਤਾਂ ਸਮੱਸਿਆ ਹੱਲ ਹੋਣ ‘ਚ ਕਈ ਦਿਨ ਲੱਗ ਸਕਦੇ ਹਨ।
ਹਵਾਈ ਅੱਡੇ ਦੇ ਵਿਚਕਾਰ ਹਜ਼ਾਰਾਂ ਦੀ ਗਿਣਤੀ ਵਿਚ ਸੂਟਕੇਸ ਅਤੇ ਬੈਗ ਦੇਖੇ ਜਾ ਸਕਦੇ ਹਨ ਅਤੇ ਇਨ੍ਹਾਂ ਵਿਚੋਂ ਕੌਣ ਕਿਸਦਾ ਹੈ, ਇਹ ਪਤਾ ਕਰਨਾ ਮੁਸ਼ਕਲ ਹੋ ਗਿਆ ਹੈ। ਇੱਕ ਰਿਪੋਰਟ ਮੁਤਾਬਕ ਇਕ ਸ਼ਖਸ ਨੇ ਦੱਸਿਆ ਕਿ ਉਸ ਦਾ ਪਰਿਵਾਰ ਬਗੈਰ ਸਮਾਨ ਤੋਂ ਹੀ ਜਹਾਜ਼ ਚੜ ਗਿਆ ਅਤੇ ਬਾਅਦ ਵਿਚ ਪਤਾ ਲੱਗਿਆ ਕਿ ਲਗੇਜ ਤਾਂ ਹਵਾਈ ਅੱਡੇ ‘ਤੇ ਹੀ ਪਿਆ ਹੈ। ਬਰਫ਼ੀਲੇ ਤੂਫਾਨ ਕਾਰਨ ਫਲਾਈਟਸ ਪ੍ਰਭਾਵਤ ਹੋਈਆਂ ਪਰ ਹਵਾਈ ਅੱਡਿਆਂ ‘ਤੇ ਲੋਕਾਂ ਸਖ਼ਤ ਗੁੱਸੇ ਵਿਚ ਦੇਖੇ ਜਾ ਸਕਦੇ ਹਨ। ਵੱਖ ਵੱਖ ਏਅਰਲਾਈਨਜ਼ ਵੀ ਸਮੱਸਿਆ ਨਾਲ ਨਜਿੱਠਣ ਲਈ ਯੋਗਦਾਨ ਪਾ ਰਹੀਆਂ ਹਨ।
ਪੀਅਰਸਨ ਏਅਰਪੋਰਟ ਦੀ ਤਰਜਮਾਨ ਟੋਰੀ ਨੇ ਕਿਹਾ ਕਿ ਟਰਮੀਨਲ 3 ‘ਤੇ ਬੈਗੇਜ ਬੈਲਟ ਖਰਾਬ ਹੋਣ ਕਾਰਨ ਸਮੱਸਿਆਵਾਂ ‘ਚ ਵਾਧਾ ਹੋਇਆ। ਇਸ ਤੋਂ ਇਲਾਵਾ ਛੁੱਟੀਆਂ ਕਾਰਨ ਸਟਾਫ਼ ਦੀ ਘਾਟ ਵੀ ਮੁਸਾਫ਼ਰਾਂ ਦੀਆਂ ਦਿੱਕਤਾਂ ਵਧਾਉਣ ਦਾ ਕੰਮ ਕਰ ਗਈ। ਇਸੇ ਦੌਰਾਨ ਏਅਰ ਕੈਨੇਡਾ ਦੇ ਇਕ ਬੁਲਾਰੇ ਨੇ ਕਿਹਾ ਕਿ ਮੌਂਟਰੀਅਲ ਦੇ ਦਫ਼ਤਰ ਤੋਂ ਕੁਝ ਮੁਲਾਜ਼ਮਾਂ ਨੂੰ ਟੋਰਾਂਟੋ ਲਿਆਂਦਾ ਗਿਆ ਹੈ ਤਾਂਕਿ ਲਗੇਜ ਦੇ ਬੈਕਲਾਗ ਨੂੰ ਖ਼ਤਮ ਕਰਾਇਆ ਜਾ ਸਕੇ। ਵੈਸਟਜੇਟ ਦੇ ਬੁਲਾਰੇ ਦਾ ਕਹਿਣਾ ਸੀ ਕਿ ਸਹੀ ਮੁਸਾਫ਼ਰਾਂ ਤੱਕ ਸਮਾਨ ਪਹੁੰਚਾਉਣ ਲਈ ਲਗਾਤਾਰ ਚੁਣੌਤੀਆਂ ਦਾ ਟਾਕਰਾ ਕਰਨਾ ਪੈ ਰਿਹਾ ਹੈ।