ਕੈਲਗਰੀ: ਨਸ਼ਿਆਂ ਕਾਰਨ ਆਏ ਦਿਨ ਕਈ ਘਰਾਂ ਦੇ ਚਿਰਾਗ ਬੁਝ ਰਹੇ ਹਨ ਪੰਜਾਬ ਸਮੇਤ ਹੁਣ ਕੈਨੇਡਾ ‘ਚ ਵੀ ਨਸ਼ੇ ਦੀ ਓਵਰਡੋਜ਼ ਕਾਰਨ ਮਰਨ ਵਾਲਿਆਂ ਦੀ ਗਿਣਤੀ ‘ਚ ਵਾਧਾ ਹੋ ਰਿਹਾ ਹੈ ਆਏ ਦਿਨ ਨਸ਼ੇ ਕਾਰਨ ਕਈ ਨੌਜਵਾਨ ਮੌਤ ਦੇ ਘਾਟ ਉਤਰ ਰਹੇ ਹਨ। ਇਸ ਸੰਕਟ ਨੇ ਸਭ ਤੋਂ ਜ਼ਿਆਦਾ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਨੂੰ ਪ੍ਰਭਾਵਿਤ ਕੀਤਾ ਹੈ।
ਬੀਤੇ ਦਿਨੀਂ ਜਾਰੀ ਕੀਤੀ ਗਈ ਇਕ ਰਿਪੋਰਟ ‘ਚ ਇਸ ਗੱਲ ਦਾ ਖੁਲਾਸਾ ਹੋਇਆ ਹੈ ਕਿ ਨਸ਼ੇ ਦੇ ਸੰਕਟ ਦੇ ਚੱਲਦਿਆਂ ਬ੍ਰਿਟਿਸ਼ ਕੋਲੰਬੀਆ ‘ਚ ਸਾਲ 2016 ‘ਚ ਪਬਲਿਕ ਹੈਲਥ ਐਮਰਜੈਂਸੀ ਲਗਾਈ ਗਈ ਸੀ ਜਿਹੜੀ ਸਾਲ 2017 ਦੇ ਅੰਤ ਤਕ ਜਾਰੀ ਰਹੀ ਸੀ। ਉਸ ਸਮੇਂ ਤਕ ਬ੍ਰਿਟਿਸ਼ ਕੋਲੰਬੀਆ ‘ਚ ਨਸ਼ਿਆਂ ਦੀ ਓਵਰਡੋਜ਼ ਕਾਰਨ 2,177 ਵਿਅਕਤੀਆਂ ਦੀ ਜਾਨ ਚਲੀ ਗਈ ਸੀ।
ਯੂ.ਬੀ.ਸੀ. ‘ਚ ਪੋਸਟ ਡੌਕਟੋਰਲ ਸਟੱਡੀ ਕਰਨ ਵਾਲੇ ਮਾਈਕ ਇਰਵਿਨ ਨੇ ਇਹ ਰਿਸਰਚ ਰਿਪੋਰਟ ਤਿਆਰ ਕੀਤੀ ਹੈ। ਸਾਲ 2017 ਵਿਚ ਹੀ 60 ਹਜ਼ਾਰ ਨੈਲੌਕਸੋਨ ਕਿਟਸ ਵੰਡੀਆਂ ਗਈਆਂ ਸਨ ਜਿਹੜਾ ਸੰਕੇਤ ਕਰਦਾ ਹੈ ਕਿ ਇਹ ਸੰਕਟ ਕਿੰਨਾ ਫੈਲ ਚੁੱਕਾ ਹੈ। ਅਪ੍ਰਰੈਲ 2016 ਤੋਂ ਦਸੰਬਰ 2017 ਦੌਰਾਨ 1,580 ਜਾਨਾਂ ਨੈਲੌਕਸੋਨ ਕਿਟਸ ਦੀ ਮਦਦ ਨਾਲ ਬਚਾਈਆਂ ਗਈਆਂ, 230 ਜਾਨਾਂ ਸੁਪਰਵਾਈਜ਼ਡ ਸੇਫ ਇੰਜੈਕਸ਼ਨ ਸਾਈਟਸ ਨਾਲ ਬਚਾਈਆਂ ਜਾ ਸਕੀਆਂ ਅਤੇ 22,191 ਵਿਅਕਤੀਆਂ ਨੂੰ ਟ੍ਰੀਟਮੈਂਟ ਦਿੱਤਾ ਗਿਆ ਤਾਂਕਿ ਉਹ ਨਸ਼ੇ ਦੀ ਲਤ ਤੋਂ ਬਾਹਰ ਨਿਕਲ ਸਕਣ
ਇਸ ਤਰ੍ਹਾਂ ਇਹ ਤਿੰਨ ਪੱਧਰੀ ਯੋਜਨਾ ਕਾਮਯਾਬ ਹੋਈ ਹੈ।