ਬ੍ਰਿਟਿਸ਼ ਕੋਲੰਬੀਆ: ਬੀਸੀ ‘ਚ ਆਉਣ ਵਾਲੇ ਦਿਨਾਂ ‘ਚ ਬਹੁਤ ਸਾਰੀਆਂ ਰਿਟਾਇਰਮੈਂਟ ਪਾਰਟੀਆਂ ਦੇਖਣ ਨੂੰ ਮਿਲਣਗੀਆਂ। ਇਨ੍ਹਾਂ ਪਾਰਟੀਆਂ ਦਾ ਕਾਰਨ ਹੈ ਦੋ ਤਿਹਾਈ ਸੂਬਾਈ ਕਰਮਚਾਰੀ 2031 ਤੱਕ ਆਪਣੀਆਂ ਨੌਕਰੀਆਂ ਛੱਡਣ ਲਈ ਤਿਆਰ ਹਨ। ਦਰਅਸਲ ਇਹ ਸੂਬੇ ਦੇ ਨਵੇਂ ਲੇਬਰ ਮਾਰਕੀਟ ਆਉਟਲੁੱਕ ਦੇ ਮੁਤਾਬਕ ਹੈ ਜੋ ਭਵਿਖਵਾਣੀ ਕਰਦਾ ਹੈ ਕਿ ਇਸ ਨਾਲ ਸੇਵਾਮੁਕਤ ਹੋਣ ਵਾਲੇ ਕਰਮਚਾਰੀਆਂ ਦੀ ਥਾਂ ਲੈਣ ਲਈ ਨੌਕਰੀ ਦੇ ਮੌਕੇ ਵਧਾਉਂਦਾ ਹੈ।
ਸਾਰੀ ਆਰਥਿਕਤਾ ‘ਚ ਬੀਸੀ ਪਰੋਵਿੰਸ ਨੇ ਭਵਿੱਖਵਾਣੀ ਕੀਤੀ ਹੈ ਕਿ 2031 ਤੱਕ ਲਗਭਗ 10 ਲੱਖ ਨੌਕਰੀਆਂ ਸ਼ੁਰੂ ਹੋਣ ਜਾ ਰਹੀਆਂ ਹਨ ਤੇ ਉਨ੍ਹਾਂ ‘ਚੋਂ 77 ਫੀਸਦੀ ਨੂੰ ਸੈਕੰਡਰੀ ਤੋਂ ਬਾਅਦ ਦੀ ਸਿੱਖਿਆ ਦੇ ਕੁਝ ਪੱਧਰ ਦੀ ਲੋੜ ਹੋਵੇਗੀ।
ਦੱਸ ਦਈਏ ਕਿ 2031 ਤੱਕ ਇਕੱਲੀ ਨਰਸਿੰਗ ‘ਚ 26,000 ਅਸਾਮੀਆਂ ਖਾਲੀ ਹੋ ਜਾਣਗੀਆਂ। ਬੀਸੀ ਨਰਸ ਯੂਨੀਅਨ ਦੇ ਪ੍ਰਧਾਨ ਅਮਨ ਗਰੇਵਾਲ ਦਾ ਕਹਿਣਾ ਹੈ ਕਿ ਪਹਿਲਾਂ ਹੀ ਕਮੀਆਂ ਹਨ ਤੇ ਪਰੋਵਿੰਸ ਨੂੰ ਜਲਦੀ ਤੋਂ ਜਲਦੀ ਸਿਖਲਾਈ ਪ੍ਰਾਪਤ ਸਟਾਫ ਤਿਆਰ ਕਰਨ ਲਈ ਇੱਕ ਯੋਜਨਾ ਦੀ ਲੋੜ ਹੈ।
ਗਰੇਵਾਲ ਨੇ ਕਿਹਾ ਕਿ ਸਾਨੂੰ ਲੋੜ ਹੈ ਕਿ ਕੌਮਾਂਤਰੀ ਪੱਧਰ ‘ਤੇ ਪੜੀਆਂ ਲਿਖੀਆਂ ਨਰਸਾਂ ਲਈ ਇਥੇ ਬੀਸੀ ‘ਚ ਆਪਣਾ ਲਾਇਸੈਂਸ ਹਾਸਲ ਕਰਨ ਲਈ ਘੱਟ ਰੁਕਾਵਟਾਂ ਹੋਣ। ਉਨਾਂ ਦੇ ਰਜਿਸਟਰ ਹੋਣ ਲਈ ਪ੍ਰਕਿਰਿਆ ਨੂੰ ਤੇਜ਼ ਕੀਤਾ ਜਾਵੇ ਉਨਾਂ ਦੇ ਹੁਨਰ ਤੇ ਵਿਭਿਨਤਾ ਨੂੰ ਅਪਨਾਇਆ ਜਾਵੇ। ਉਨ੍ਹਾਂ ਕਿਹਾ ਜੇ ਤੁਸੀ ਉਹੀ ਪੜ੍ਹਾਈ ਕਰਕੇ ਉਹੀ ਇਮਤਿਹਾਨ ਲਿਖ ਰਹੇ ਹੋ ਤਾਂ ਤੁਹਾਨੂੰ ਇੰਤਜ਼ਾਰ ਕਿਉਂ ਕਰਨਾ ਪੈ ਰਿਹਾ ਹੈ, ਖਾਸ ਕਰਕੇ ਮਹਾਂਮਾਰੀ ਦੇ ਮੱਧ ਵਿਚ ਸਟਾਫਿੰਗ ਸੰਕਟ ਦੌਰਾਨ। ਫਿਰ ਸਾਡੇ ਕੋਲ ਨਰਸਾਂ ਹਨ ਜਿਨਾਂ ਨੇ ਸਾਊਦੀ ਅਰਬ ‘ਚ 20 ਸਾਲ ਕੰਮ ਕੀਤਾ ਹੈ, ਉਨ੍ਹਾਂ ਕੋਲ ਕਲੀਨੀਕਲ ਹੁਨਰ ਹਨ। ਉਨ੍ਹਾਂ ਨੂੰ ਪ੍ਰਮਾਣਿਤ ਕਰਨ ਦੀ ਪ੍ਰਕਿਰਿਆ ‘ਚ ਇੰਨਾ ਸਮਾਂ ਕਿਉਂ ਲਗ ਰਿਹਾ ਹੈ।