ਲੌਕਡਾਊਨ ਦੌਰਾਨ ਬੱਚੇ ਘਰ ਵਿੱਚ ਸਮਾਂ ਕਿਵੇਂ ਗੁਜ਼ਾਰਨ; ਮਾਪਿਆਂ ਦੇ ਬੱੱਚਿਆਂ ਪ੍ਰਤੀ ਫਰਜ਼

TeamGlobalPunjab
6 Min Read

-ਡਾ. ਸੁਖਦੀਪ ਕੌਰ ਮਾਨਸ਼ਾਹੀਆ ਅਤੇ ਡਾ.ਕਿਰਨਜੋਤ ਸਿੱਧੂ

ਕੋਵਿਡ-19 ਜਾਂ ਕਰੋਨਾ ਵਾਇਰਸ ਦੇ ਵਿਸ਼ਾਣੂ ਨੇ ਪੂਰੇ ਸੰਸਾਰ ਵਿੱਚ ਹਾਹਾਕਾਰ ਮਚਾ ਕੇ ਰੱਖ ਦਿੱਤੀ ਹੈ। ਇਸ ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਬਹੁਤ ਸਾਰੇ ਦੇਸ਼ਾਂ ਨੇ ਲੌਕਡਾਊਨ ਦਾ ਸਹਾਰਾ ਲਿਆ ਹੈ। ਪਿਛਲੇ ਮਹੀਨੇ ਤੋਂ ਭਾਰਤ ਵਿੱਚ ਵੀ ਹਾਲਾਤ ਚਿੰਤਾਜਨਕ ਹੋਣ ਕਰਕੇ ਭਾਰਤ ਸਰਕਾਰ ਨੇ ਵੀ ਸਾਰੇ ਦੇਸ਼ ਵਿੱਚ ਲੌਕਡਾਊਨ ਦਾ ਐਲਾਨ ਕਰ ਦਿੱਤਾ। ਇਸ ਦੌਰਾਨ ਸਾਰੇ ਜਨਤਕ ਅਦਾਰਿਆਂ ਦੇ ਨਾਲ-ਨਾਲ ਵਿਦਿਅਕ ਅਦਾਰੇ ਵੀ ਬੰਦ ਕਰ ਦਿੱੱਤੇ ਗਏ ਹਨ।

ਸਾਰਾ ਦਿਨ ਘਰ ਵਿੱਚ ਬੈਠਣ ਦੀ ਮਜਬੂਰੀ ਵੱਡੇ ਤਾਂ ਸਮਝ ਸਕਦੇ ਹਨ, ਪਰ ਛੋਟੇ ਬੱਚਿਆਂ ਵਿੱਚ ਤਜਰਬੇ ਦੀ ਘਾਟ ਹੋਣ ਕਾਰਨ, ਉਹਨਾਂ ਨੂੰ ਬੰਦਸ਼ਾਂ ਵਿੱਚ ਘਰ ਬਿਠਾਉਣਾ ਬਹੁਤੇ ਮਾਪਿਆ ਲਈ ਔਖਾ ਸਾਬਤ ਹੋ ਰਿਹਾ ਹੈ। ਸੋ ਇੱਥੇ ਮਾਪਿਆਂ ਦੀ ਜਿੰਮੇਵਾਰੀ ਬਣਦੀ ਹੈ ਕਿ ਬੱਚਿਆਂ ਦੇ ਮਾਨਸਿਕ ਪੱਧਰ ਨੂੰ ਸਮਝ ਕੇ ਉਹਨਾਂ ਨੂੰ ਉਸਾਰੂ ਕੰਮਾਂ ਵਿੱਚ ਲਗਾ ਕੇ ਉਹਨਾਂ ਨੂੰ ਘਰ ਵਿੱਚ ਸਮਾਂ ਬਤੀਤ ਕਰਨ ਲਈ ਪ੍ਰਰੇਰਿਤ ਕਰਨ। ਹੇਠ ਲਿਖੇ ਕੁਝ ਨੁਕਤੇ ਵਰਤਕੇ ਮਾਪੇ ਬੱਚਿਆਂ ਨਾਲ ਸਾਕਰਾਤਮਿਕ ਤਰੀਕੇ ਨਾਲ ਇਸ ਔਖੀ ਘੜੀ ਵਿੱਚੋਂ ਬਾਹਰ ਆ ਸਕਦੇ ਹਨ।

1. ਆਪਣੇ ਬੱਚਿਆਂ ਨਾਲ ਮੌਜੂਦਾ ਸਥਿਤੀ ਦੀ ਗੱਲ ਕਰੋ: ਸਭ ਤੋਂ ਪਹਿਲਾ ਫਰਜ਼ ਮਾਪਿਆਂ ਦਾ ਇਹ ਬਣਦਾ ਹੈ ਕਿ ਬੱਚਿਆਂ ਨੂੰ ਇਹ ਸਪੱਸ਼ਟ ਕੀਤਾ ਜਾਵੇ ਕਿ ਅਸੀਂ ਸਾਰੇ ਘਰਾਂ ਵਿੱਚ ਕਿਉਂ ਬੰਦ ਹਾਂ? ਬੱਚਿਆਂ ਦੀ ਉਮਰ ਦੇ ਮੁਤਾਬਿਕ ਉਹਨਾਂ ਨੂੰ ਮੌਜੂਦਾ ਸਥਿਤੀ ਦੀ ਜਾਣਕਾਰੀ ਦੇਣੀ ਜ਼ਰੂਰੀ ਹੈ ਤਾਂ ਕਿ ਉਹਨਾਂ ਨੂੰ ਘਰ ਵਿੱਚ ਰਹਿਣਾ ਇੱਕ ਬੰਦਸ਼ ਨਹੀਂ ਬਲਕਿ ਆਪਣੀ ਭਲਾਈ ਲੱਗੇ।

- Advertisement -

2. ਸਮਾਜ ਪ੍ਰਤੀ ਜ਼ਿੰਮੇਵਾਰੀ ਲਈ ਪ੍ਰਰੇਨਾ: ਬੱਚਿਆਂ ਨੂੰ ਸਮਾਜ ਪ੍ਰਤੀ ਉਹਨਾਂ ਦੇ ਫਰਜ਼ਾਂ ਬਾਰੇ ਸਮਝਾਓ। ਇਸ ਲਈ ਤੁਸੀ ਉਹਨਾਂ ਨੂੰ ਛੋਟੀਆਂ ਛੋਟੀਆਂ ਜ਼ਿੰਮੇਵਾਰੀਆਂ ਦੇ ਸਕਦੇ ਹੋ। ਲੋੜਵੰਦਾਂ ਦੀ ਮਦਦ ਲਈ ਉਹਨਾਂ ਨੂੰ ਆਪਣੇ ਦੋਸਤਾਂ ਨਾਲ ਮਿਲ ਕੇ ਕੁਝ ਉਪਰਾਲੇ ਕਰਨ ਲਈ ਪਰੇਰਿਤ ਕਰੋ। ਬੱਚਿਆਂ ਨੂੰ ਦੱੱਸੋ ਕਿ ਕਿਸ ਤਰਾਂ ਡਾਕਟਰ, ਨਰਸਾਂ, ਪੁਲਿਸ, ਸੈਨਿਕ, ਸਫਾਈ ਕਰਮਚਾਰੀ ਆਦਿ ਬਹੁਤ ਸਾਰੇ ਇਨਸਾਨ ਇਸ ਮੁਸੀਬਤ ਦੀ ਘੜੀ ਵਿੱਚ ਵੀ ਆਪਣੀਆਂ ਜ਼ਿੰਮੇਵਾਰੀਆਂ ਬਾਖੁਬੀ ਨਿਭਾ ਰਹੇ ਹਨ।

3. ਸਮਾਂ ਸਾਰਨੀ ਬਨਾਓ: ਮਾਪਿਆਂ ਨੂੰ ਬੱਚਿਆਂ ਦੀ ਨਹੀਂ ਬਲਕਿ ਆਪਣੀ ਵੀ ਰੋਜ਼ ਦੇ ਕੰਮਾਂ ਦੀ ਸਮਾਂ ਸਾਰਨੀ ਬਣਾਉਣੀ ਚਾਹੀਦੀ ਹੈ। ਬੱਚਿਆਂ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕਰੋ ਇਹ ਛੁਟੀਆਂ ਨਹੀਂ ਹਨ। ਇਸ ਲਈ ਸਾਨੂੰ ਖਾਣ ਪੀਣ, ਕੰਮ ਕਰਨ, ਸੌਣ ਅਤੇ ਜਾਗਣ ਦਾ ਸਮਾਂ ਨਿਸ਼ਚਿਤ ਕਰਨਾ ਚਾਹੀਦਾ ਹੈ। ਬਹੁਤ ਸਾਰੇ ਸਕੂਲ ਆਨਲਾਈਨ ਕਲਾਸਾਂ ਵੀ ਲੈ ਰਹੇ ਹਨ। ਇਸ ਲਈ ਬੱਚਿਆਂ ਨੂੰ ਰੋਜ਼ ਦਾ ਕੰਮ ਰੋਜ਼ ਖਤਮ ਕਰਨ ਅਤੇ ਨਾਲ ਹੀ ਕੁਝ ਚੰਗੀਆਂ ਕਿਤਾਬਾਂ ਪੜ੍ਹਨ ਲਈ ਪ੍ਰਰਿਤ ਕਰੋ।ਛੋਟੇ ਬੱਚਿਆਂ ਨਾਲ ਬੈਠ ਕੇ ਤੁਸੀਂ ਆਪ ਉਹਨਾਂ ਨੂੰ ਕਿਤਾਬਾਂ ਵਿਚੋ ਲੇਖ ਜਾਂ ਕਹਾਣੀਆਂ ਪੜ ਕੇ ਸੁਣਾਓ।

4. ਘਰ ਦੇ ਕੰਮਾਂ ਵਿੱਚ ਬੱਚਿਆਂ ਦੀ ਮਦਦ : ਉਮਰ ਦੇ ਮੁਤਾਬਿਕ ਘਰ ਦੇ ਕੰਮਾਂ ਵਿੱਚ ਵੀ ਬੱਚਿਆਂ ਦੀ ਮਦਦ ਲੈਣੀ ਚਾਹੀਦੀ ਹੈ। ਇਸ ਨਾਲ ਬੱਚੇ ਦਾ ਸਮਾਂ ਵੀ ਗੁਜਰੇਗਾ ਅਤੇ ਉਹ ਰੋਜਾਨਾ ਜਿੰਦਗੀ ਵਿੱਚ ਕੰਮ ਆਉਣ ਵਾਲੀਆਂ ਕਾਫੀ ਗੱਲਾਂ ਸਿਖ ਸਕਦੇ ਹਨ।

5. ਕੋਈ ਨਵਾਂ ਹੁਨਰ ਸਿੱਖਣ ਲਈ ਪ੍ਰਰੇਰਿਤ ਕਰੋ: ਅੱਜ ਕੱਲ੍ਹ ਦੀ ਭਜਦੌੜ ਵਾਲੀ ਜਿੰਦਗੀ ਵਿੱਚ ਨਾ ਤਾਂ ਮਾਪਿਆਂ ਕੋਲ ਸਮਾਂ ਹੁੰਦਾ ਹੈ, ਬੱਚਿਆਂ ਨੂੰ ਕੁਝ ਨਵਾਂ ਸਿਖਾਉਣ ਦਾ ਅਤੇ ਬੱਚੇ ਵੀ ਆਪਣੀ ਰੋਜ਼ਾਨਾ ਜਿੰਦਗੀ ਬਹੁਤ ਬਿਜ਼ੀ ਰਹਿੰਦੇ ਹਨ। ਸੋ ਇਸ ਸਮੇਂ ਕੋਈ ਵੀ ਆਨਲਾਈਨ ਕੋਰਸਾਂ ਜਾਂ ਯੂ ਟਿਊਬ ਤੋਂ ਬੱਚੇ ਬਹੁਤ ਕੁਝ ਨਵਾਂ ਸਿਖ ਸਕਦੇ ਹਨ।

6. ਮੋਬਾਇਲ ਅਤੇ ਟੀ.ਵੀ. ਦੀ ਘੱਟ ਵਰਤੋ- ਬੱਚਿਆਂ ਨੂੰ ਬਿਜ਼ੀ ਰੱੱਖਣ ਲਈ ਮਾਪੇ ਅੱਜਕਲ੍ਹ ਮੋਬਾਇਲ ਜਾਂ ਟੀ.ਵੀ. ਦਾ ਸਹਾਰਾ ਲੈਂਦੇ ਹਨ, ਜੋ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਬਹੁਤ ਗਲਤ ਹੈ। ਜੇਕਰ ਇਹ ਬਹੁਤ ਜ਼ਰੂਰੀ ਹੋ ਜਾਂਦਾ ਹੈ ਤਾਂ ਬੱਚਿਆਂ ਦੇ ਟੀ.ਵੀ. ਅਤੇ ਮੋਬਾਇਲ ਦੇਖਣ ਦਾ ਸਮਾਂ ਵੀ ਨਿਸ਼ਚਿਤ ਅਤੇ ਮਾਂ ਬਾਪ ਦੀ ਦੇਖ ਰੇਖ ਵਿੱਚ ਹੋਵੇ। ਮੋਬਾਇਲ ਅਤੇ ਟੀ.ਵੀ. ਤੋਂ ਵੀ ਕੁਝ ਸਿੱਖਿਅਕ ਅਤੇ ਸਕਾਰਤਮਿਕ ਚੈਨਲ ਦੇਖਣ ਲਈ ਪ੍ਰੇਰਰਿਆ ਜਾਵੇ।

- Advertisement -

7. ਇੰਨਡੋਰ ਖੇਡਾਂ ਖੇਡੋ: ਸਕੂਲਾਂ ਦੇ ਨਾਲ-ਨਾਲ ਬੱਚਿਆਂ ਦਾ ਖੇਡ ਦੇ ਗਰਾਉਂਡਾਂ ਵਿੱਚ ਜਾਣਾ ਵੀ ਬੰਦ ਹੋ ਗਿਆ ਹੈ। ਇਸ ਲਈ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਲਈ ਬੱਚਿਆਂ ਨਾਲ ਲੂਡੋ, ਕੈਰਮਬੋਰਡ, ਸ਼ਤਰੰਜ, ਬੈਡਮਿੰਟਨ ਆਦਿ ਵੀ ਖੇਡੋ।ਜੇ ਘਰ ਵਿਚ ਖੁਲੀ ਜਗਾ ਹੈ ਤਾ ਬਾਹਰ ਵਾਲੀਆਂ ਖੇਡਾਂ ਆਪ ਵੀ ਬੱਚਿਆਂ ਖੇਡੋ।

8. ਪਰਿਵਾਰਿਕ ਸਮਾਂ ਨਿਸ਼ਚਿਤ ਕਰੋ: ਇਸ ਲੌਕਡਾਊਨ ਦੌਰਾਨ ਸਾਰੇ ਪਰਿਵਾਰਿਕ ਮੈਂਬਰ ਇੱਕਠੇ ਭੋਜਨ ਖਾਣ ਦਾ ਨਿਯਮ ਬਣਾਓ। ਇਸ ਤੋਂ ਇਲਾਵਾ ਮਾਪਿਆਂ ਨੂੰ ਵੀ ਚਾਹੀਦਾ ਹੈ ਕਿ ਉਹ ਮੋਬਾਇਲਾਂ ਨੂੰ ਛੱਡ ਕੇ ਇਸ ਸਮੇਂ ਬੱਚਿਆਂ ਨਾਲ ਆਪਣੇ ਵਿਰਸੇ, ਇਤਿਹਾਸਿਕ ਕਹਾਣੀਆਂ ਅਤੇ ਸਮਾਜਿਕ ਕਦਰਾਂ ਕਿਮਤਾਂ ਬਾਰੇ ਵਿਚਾਰ ਸਾਂਝੇ ਕਰਨ। ਬਜੁਰਗਾਂ ਦੇ ਅਨੁਭਵਾਂ ਤੋਂ ਬੱਚੇ ਬਹੁਤ ਕੁਝ ਸਿੱਖ ਸਕਦੇ ਹਨ।
9. ਸ਼ਖਸੀਅਤ ਨੂੰ ਨਿਖਾਰਣ ਦਾ ਮੌਕਾ: ਬੱਚਿਆਂ ਨੂੰ ਕੁਝ ਅਜਿਹੀਆਂ ਰੁਚੀਆਂ ਵੱਲ ਆਕਰਸ਼ਿਤ ਕਰੋ, ਜਿਹੜੀਆਂ ਉਹਨਾਂ ਦੀ ਸ਼ਖਸੀਅਤ ਨੂੰ ਨਿਖਾਰਣ ਵਿੱੱਚ ਸਹਾਇਕ ਸਿੱੱਧ ਹੋਣ।ਜਿਵੇਂ ਕਿ ਕਲਾ,ਥੀਏਟਰ,ਜਨਤਕ ਬੋਲ ਚਾਲ ਦੇ ਤਰੀਕੇ ਆਦਿ।
10. ਸਕਾਰਾਤਮਕ ਸੋਚ ਬਣਾਈ ਰੱੱਖੋ- ਕਰੋਨਾ ਵਾਇਰਸ ਕਾਰਨ ਘਰ ਵਿੱਚ ਚਿੰਤਾ ਦਾ ਮਾਹੌਲ ਨਹੀ ਹੋਣਾ ਚਾਹੀਦਾ। ਬੱਚਿਆਂ ਨੂੰ ਆਪਣੀ ਸਾਫ ਸਫਾਈ ਅਤੇ ਦੂਸਰਿਆਂ ਤੋਂ ਦੂਰੀ ਬਣਾਈ ਰੱਖਣ ਬਾਰੇ ਜਾਣਕਾਰੀ ਦਿਓ। ਉਹਨਾਂ ਨੂੰ ਹੌਸਲਾ ਦਿਓ ਕਿ ਅਸੀ ਜਲਦੀ ਹੀ ਇਸ ਸੰਕਟ ਵਿੱਚੋਂ ਬਾਹਰ ਆ ਜਾਵਾਂਗੇ।

ਲੌਕਡਾਊਨ ਦੌਰਾਨ ਜੇ ਉਪਰੋਕਤ ਦੱਸੇ ਛੋਟੇ=ਛੋਟੇ ਨੁਕਤੇ ਅਪਣਾ ਲਏ ਜਾਣ ਤਾਂ ਬੱਚਿਆਂ ਦਾ ਮਨੋਰੰਜਨ,ਉਹਨਾਂ ਦੀ ਸ਼ਖਸੀਅਤ ਦਾ ਨਿਖਾਰ, ਮਾਪਿਆਂ ਦੀ ਸਹਾਇਤਾ ਦੇ ਨਾਲ-ਨਾਲ ਪਰਿਵਾਰਿਕ ਸਾਂਝ ਦੀਆਂ ਤੰਦਾਂ ਨੂੰ ਵੀ ਅਸੀਂ ਮਜਬੂਤ ਕਰ ਸਕਦੇ ਹਾਂ।ਕਰੋਨਾ ਵਾਇਰਸ ਤੋਂ ਬਚਣ ਲਈ ਸਰਕਾਰ ਅਤੇ ਡਾਕਟਰਾਂ ਦੁਆਰਾ ਦਿੱਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਨਾ ਇਸ ਵੇਲੇ ਸਾਡਾ ਸਭ ਤੋਂ ਵੱਡਾ ਫਰਜ਼ ਹੈ। ਘਰ ਦੇ ਅੰਦਰ ਰਹਿਣ ਵਿੱਚ ਹੀ ਸਾਡੀ, ਸਾਡੇ ਪਰਿਵਾਰ ਦੀ ਅਤੇ ਸਮੁੱਚੇ ਸਮਾਜ ਦੀ ਭਲਾਈ ਹੈ।

Share this Article
Leave a comment