ਸਦੀ ਪੂਰੀ ਕਰਨ ਵਾਲਾ ਸਾਹਿਤਕਾਰ – ਜਸਵੰਤ ਸਿੰਘ ਕੰਵਲ

TeamGlobalPunjab
6 Min Read

-ਅਵਤਾਰ ਸਿੰਘ 

ਜਸਵੰਤ ਸਿੰਘ ਕੰਵਲ ਪ੍ਰਸਿੱਧ ਨਾਵਲਕਾਰ, ਕਹਾਣੀਕਾਰ, ਕਵੀ, ਪੱਤਰਕਾਰ, ਚਿੱਠੀ ਲੇਖਕ, ਰੇਖਾ ਚਿੱਤਰਕਾਰ, ਵਾਰਤਾਕਾਰ, ਸੈਲਾਨੀ, ਰਾਜਸੀ ਪਾਰਟੀਆਂ ਦਾ ਸਲਾਹਕਾਰ, ਸ਼ਤਰੰਜ ਦਾ ਖਿਡਾਰੀ ਤੇ ਕਬੀਲਦਾਰ ਵੀ ਸੀ। ਪੰਜਾਬੀ ਦੇ ਉਹ ਪਹਿਲੇ ਲੇਖਕ ਸਨ ਜਿਨ੍ਹਾਂ ਨੂੰ ਜਨਮ ਸ਼ਤਾਬਦੀ ‘ਤੇ ਪੰਜਾਬ ਕਲਾ ਪਰੀਸ਼ਦ ਵਲੋਂ ਜਨਮ ਦੇ ਸੌ ਸਾਲ ਪੂਰੇ ਹੋਣ ‘ਤੇ ਪੰਜਾਬ ਗੌਰਵ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਵੱਡੀ ਉਮਰ ਦੇ ਲੇਖਕ ਭਾਈ ਜੋਧ ਸਿੰਘ 99 ਸਾਲ ਚਾਰ ਮਹੀਨੇ ਤੇ ਛੇ ਦਿਨ ਜੀਵੇ। ਲੇਖਕ ਖੁਸ਼ਵੰਤ ਦੀ ਸੌ ਸਾਲ ਜੀਣ ਦੀ ਖਾਹਸ਼ ਵੀ ਅਧੂਰੀ ਰਹੀ ਉਨ੍ਹਾਂ 99 ਸਾਲ ਇਕ ਮਹੀਨਾ 18 ਦਿਨ ਦੀ ਉਮਰ ਭੋਗੀ।

ਜਸਵੰਤ ਸਿੰਘ ਕੰਵਲ ਦਾ ਜਨਮ 27 ਜੂਨ 1919 ਨੂੰ ਪਿੰਡ ਢੁੱਡੀਕੇ (ਜ਼ਿਲਾ ਮੋਗਾ) ਵਿੱਚ ਸ੍ਰੀ ਮੁਹੱਲਾ ਸਿੰਘ ਦੇ ਘਰ ਹੋਇਆ। 1943 ਵਿੱਚ ਉਨ੍ਹਾਂ ਦਾ ਵਿਆਹ ਮੁਖਤਿਆਰ ਕੌਰ ਨਾਲ ਹੋਇਆ। ਉਨ੍ਹਾਂ ਦੇ ਘਰ ਚਾਰ ਧੀਆਂ ਤੇ ਇੱਕ ਪੁੱਤਰ ਨੇ ਜਨਮ ਲਿਆ। ਤਿੰਨ ਧੀਆਂ ਰੱਬ ਨੂੰ ਪਿਆਰੀਆਂ ਹੋ ਚੁੱਕੀਆਂ ਹਨ। ਪੁੱਤਰ ਸਰਬਜੀਤ ਸਿੰਘ ਦੋ ਬੇਟੀਆਂ ਹਰਮੀਤ ਤੇ ਸੁਮੀਤ ਦਾ ਪਿਤਾ ਹੈ। ਕੰਵਲ ਹੁਰਾਂ ਨੇ ਆਪਣੀ ਮੁਢਲੀ ਵਿਦਿਆ ਆਪਣੇ ਪਿੰਡ ਦੇ ਸਕੂਲ ਤੋਂ ਹੀ ਪ੍ਰਾਪਤ ਕੀਤੀ। ਉਨ੍ਹਾਂ ਨੇ ਦਸਵੀਂ ਦੀ ਜਮਾਤ ਪਾਸ ਨਹੀਂ ਕੀਤੀ ਪਰ ਗਿਆਨੀ ਜ਼ਰੂਰ ਕੀਤੀ। ਉਨ੍ਹਾਂ ਨੂੰ ਲਿਖਣ ਦੀ ਚੇਟਕ ਮਲਾਇਆ ਦੇ ਜੰਗਲਾਂ ਵਿੱਚ ਘੁੰਮਦਿਆਂ ਲੱਗੀ। ਉਹ ਆਪਣੀ ਲਿਖਣ ਕਲਾ ਨੂੰ ਮਲਾਇਆ ਦੀ ਸੌਗਾਤ ਆਖਦੇ ਸਨ। ਹਰ ਇਨਸਾਨ ਦੇ ਪਹਿਲੇ ਪਿਆਰ ਵਾਂਗ ਉਨ੍ਹਾਂ ਦਾ ਪਹਿਲਾ ਪਿਆਰ ਇੱਕ ਚੀਨੀ ਮੁਟਿਆਰ ਹੀ ਸੀ, ਜੋ ਉਨ੍ਹਾਂ ਨਾਲ ਵਿਆਹ ਤਾਂ ਕਰਵਾਉਣਾ ਚਾਹੁੰਦੀ ਸੀ ਪਰ ਆਪਣਾ ਦੇਸ਼ ਨਹੀਂ ਸੀ ਛੱਡਣਾ ਚਾਹੁੰਦੀ। ਇਸੇ ਤਰ੍ਹਾਂ ਕੰਵਲ ਹੁਰੀਂ ਵੀ ਉਥੇ ਪੱਕੇ ਤੌਰ ‘ਤੇ ਰਹਿਣਾ ਨਹੀਂ ਸੀ ਚਾਹੁੰਦੇ। ਉਨ੍ਹਾਂ ਦੇ ਰਿਸ਼ਤੇ ਦਾ ਅੰਤ ਇਥੇ ਹੀ ਹੋ ਗਿਆ। ਉਨ੍ਹਾਂ ਨੇ ਵੀ ਰੋਜ਼ੀ ਰੋਟੀ ਦੀ ਖਾਤਰ ਮਲਾਇਆ ਵਿੱਚ ਚੌਕੀਦਾਰੀ ਵੀ ਕੀਤੀ ਤੇ ਆਪਣੇ ਪਿੰਡ ਦਿਆਂ ਖੇਤਾਂ ਵਿੱਚ ਆਪਣੇ ਛੋਟੇ ਭਰਾ ਨਾਲ ਹਲ ਵੀ ਵਾਹਿਆ।

ਇਹ ਉਨ੍ਹਾਂ ਦਾ ਸੁਭਾਗ ਸੀ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਹੀ ਉਨ੍ਹਾਂ ਨੂੰ ਗੁਰੂ ਰਾਮਦਾਸ ਦੀ ਨਗਰੀ ਵਿੱਚ ਕਲਰਕੀ ਦੀ ਨੌਕਰੀ ਮਿਲ ਗਈ। ਉਥੇ ਹੀ ਰਹਿਣਾ, ਖਾਣਾ ਪੀਣਾ ਤੇ ਸਾਹਿਤਕ ਭੁੱਖ ਪੂਰੀ ਕਰਨ ਲਈ ਉਹ ਬਾਕੀ ਬਚਦਾ ਸਮਾਂ ਸ਼੍ਰੋਮਣੀ ਕਮੇਟੀ ਦੀ ਲਾਇਬਰੇਰੀ ਵਿੱਚ ਬਿਤਾਉਂਦੇ। ਇਥੇ ਹੀ ਉਨ੍ਹਾਂ ਨੂੰ ਦੁਨੀਆਂ ਦੀਆਂ ਸਭ ਤੋਂ ਵਧੀਆ ਕਿਤਾਬਾਂ, ਨਾਵਲ ਤੇ ਕਹਾਣੀਆਂ ਪੜ੍ਹੀਆਂ। ‘‘ਜੀਵਨ ਕਣੀਆਂ ਦੇ ਪਬਲਿਸ਼ਰ ਨੇ ਹੀ ਉਨ੍ਹਾਂ ਨੂੰ ਨਾਵਲ ਲਿਖਣ ਵੱਲ ਪ੍ਰੇਰਿਤ ਕੀਤਾ।

- Advertisement -

1943 ਵਿਚ ਜੀਵਨ ਕਣੀਆਂ ਤੋਂ ਸ਼ੁਰੂ ਹੋਇਆ ਸਫਰ ਧੁਰ ਦਰਗਾਹ ਤੱਕ ਪਹੁੰਚ ਗਿਆ ਹੈ। ਉਨ੍ਹਾਂ ਦੀਆਂ ਕਿਤਾਬਾਂ ਦੀ ਗਿਣਤੀ ਵੀ 100 ਦੇ ਕਰੀਬ ਹੈ।
ਜਸਵੰਤ ਸਿੰਘ ਕੰਵਲ ਦਾ ਸਭ ਤੋਂ ਪਹਿਲਾ ਨਾਵਲ ‘ਸੱਚ ਨੂੰ ਫਾਂਸੀ’ 1944 ਵਿੱਚ ਪਾਠਕਾਂ ਦੇ ਹੱਥਾਂ ਵਿੱਚ ਆਇਆ। ਪਾਲੀ-ਪਿਆਰ, ਪੀੜ, ਵੇਦਨਾ ਪੰਜਾਬ ਦੇ ਸਾਹਿਤ ਦੇ ਮਾਲਾ ਦਾ ਮੋਤੀ ਤੇ ਅਸਲ ਪੰਜਾਬੀ ਸਭਿਆਚਾਰ ਨੂੰ ਪੇਸ਼ ਕਰਦਾ, ਪੇਂਡੂ ਜੀਵਨ ਦੀ ਝਲਕ ਵਿਖਾਉਂਦਾ ਨਾਵਲ ‘‘ਪੂਰਨਮਾਸ਼ੀ ਉਨ੍ਹਾਂ ਦਾ ਤੀਜਾ ਨਾਵਲ ਸੀ ‘‘ਰਾਤ ਬਾਕੀ ਹੈ ਉਨ੍ਹਾਂ ਦਾ ਚੌਥਾ ਨਾਵਲ ਸੀ। ਇਹ ਨਾਵਲ ਉਨ੍ਹਾਂ ਉਦੋਂ ਲਿਖਿਆ ਜਦੋਂ ਕਮਿਊਨਿਸਟ ਪਾਰਟੀ ਆਪਣੇ ਸਿਖਰਾਂ ‘ਤੇ ਸੀ। ਕੰਵਲ ਦੇ ਇਸ ਨਾਵਲ ਨੇ ਉਨ੍ਹਾਂ ਦੀ ਜ਼ਿੰਦਗੀ ਵਿੱਚ ਵੀ ਇੱਕ ਖੂਬਸੂਰਤ ਮੋੜ ਲਿਆਂਦਾ। ਸੂਰਜਪੁਰ ਫੈਕਟਰੀ ਵਿੱਚ ਮੈਡੀਕਲ ਇੰਚਾਰਜ ਲੱਗੀ ਇੱਕ ਕੁੜੀ ‘‘ਡਾ ਜਸਵੰਤ ਕੌਰ ਨੇ ਉਨ੍ਹਾਂ ਨਾਲ ਖਤੋ-ਕਿਤਾਬਤ ਦਾ ਸਿਲਸਿਲਾ ਸ਼ੁਰੂ ਕੀਤਾ। ਉਹ ਕੁੜੀ ਬਾਅਦ ਵਿੱਚ ਉਨ੍ਹਾਂ ਦੀ ਜੀਵਨ ਸਾਥਣ ਬਣੀ ਡਾ ਜਸਵੰਤ ਗਿੱਲ। ਡਾ ਜਸਵੰਤ ਗਿੱਲ ਤੇ ਜਸਵੰਤ ਸਿੰਘ ਕੰਵਲ ਹੁਰੀਂ 1955 ਤੋਂ 1997 ਤੱਕ (42 ਸਾਲ) ਇਕੱਠੇ ਰਹੇ। ਕੰਵਲ ਹੁਰਾਂ ਦੇ ਕਹਿਣ ਮੁਤਾਬਕ ਡਾ ਜਸਵੰਤ ਗਿੱਲ ਹੀ ਉਨ੍ਹਾਂ ਦੇ ਸਾਹਿਤਕ ਸਫਰ ਵਿੱਚ ਉਨ੍ਹਾਂ ਦਾ ਆਦਰਸ਼ ਸੀ ਜਿਸ ਨੇ ਉਨ੍ਹਾਂ ਨੂੰ ਲਿਖਣ ਵੱਲ ਪ੍ਰੇਰਿਤ ਕੀਤਾ।

ਨਾਵਲ ਲਹੂ ਦੀ ਲੋਅ ਲਿਖਦਿਆਂ- ਲਿਖਦਿਆਂ ਹੀ ਉਨ੍ਹਾਂ ਦੇ ਅੰਦਰ ਇੰਨੀ ਸੂਰਮਤਾਈ ਆਈ ਕਿ ਉਨ੍ਹਾਂ ਨੇ 70ਵਿਆਂ ਦੇ ਵਿੱਚ ਪੰਜਾਬੀ ਕੌਮ ਦੇ ਹਾਲਾਤ ਦੇ ਮੱਦੇਨਜ਼ਰ ‘‘ਲਹੂ ਦੀ ਲੋਅ ਵਰਗੀ ਰਚਨਾ ਲਿਖ ਦਿੱਤੀ। 1971 ਤੋਂ 1972 ਤੱਕ ਉਨ੍ਹਾਂ ਨੇ ਇਸ ਨਾਵਲ ਦੇ ਖਰੜੇ ਤਿਆਰ ਕੀਤੇ। ਉਧਰ ਦੇਸ਼ ਵਿੱਚ ਐਮਰਜੈਂਸੀ ਲੱਗ ਗਈ। ਜਿਹੜੇ ਪਬਲਿਸ਼ਰ ਕਦੇ ਨਾਵਲ ਛਾਪਣ ਲਈ ਉਨ੍ਹਾਂ ਦੇ ਮਗਰ-ਮਗਰ ਫਿਰਦੇ ਸਨ, ਉਹ ‘‘ਲਹੂ ਦੀ ਲੋਅ ਵਰਗੀ ਰਚਨਾ ਛਾਪਣੋਂ ਡਰ ਗਏ। ਛਾਪੇਖਾਨਿਆਂ ‘ਤੇ ਛਾਪੇ ਪੈਣ ਲੱਗ ਪਏ ਤੇ ਸਖਤ ਸੈਂਸਰਸ਼ਿਪ ਲਾਗੂ ਹੋ ਗਈ। ਕਿਸੇ ਪਬਲਿਸ਼ਰ ਨੇ ਹੌਸਲਾ ਨਹੀਂ ਕੀਤਾ ਕਿ ਉਹ ਉਨ੍ਹਾਂ ਦਾ ਨਾਵਲ ਛਾਪ ਸਕਣ। ਅਖੀਰ ‘‘ਲਹੂ ਦੀ ਲੋਅ ਨਾਵਲ ਸਿੰਗਾਪੁਰ ਵਿੱਚ ਛਪਿਆ ਤੇ ਸਭ ਤੋਂ ਪਹਿਲਾਂ ਪਰਵਾਸੀ ਪੰਜਾਬੀਆਂ ਵਿੱਚ ਪੜ੍ਹਿਆ ਗਿਆ। ਕੁਝ ਕਾਪੀਆਂ ਪੰਜਾਬ ਵਿੱਚ ਵੀ ਸਮਗਲ ਹੋਈਆਂ ਤੇ ਹੱਥੋਂ ਹੱਥੀ ਵਿਕ ਗਈਆਂ। ਉਸ ਵੇਲੇ ਨਾਵਲ ਦੀ ਕੀਮਤ ਤੀਹ ਰੁਪਏ ਸੀ। ਐਮਰਜੈਂਸੀ ਟੁੱਟੀ ਤੇ ਆਰਸੀ ਵਾਲਿਆਂ ਨੇ ਨਾਵਲ ਦੀ ਕੀਮਤ 15 ਰੁਪਏ ਰੱਖ ਦਿੱਤੀ। ਉਸ ਨਾਵਲ ਦੀਆਂ ਬਾਰਾਂ ਹਜ਼ਾਰ ਤੋਂ ਵੀ ਵੱਧ ਕਾਪੀਆਂ ਵਿਕੀਆਂ। ਕੰਵਲ ਦਾ ‘ਤੌਸ਼ਾਲੀ ਦੀ ਹੰਸੋ’ ਸਾਹਿਤ ਅਕਾਦਮੀ ਐਵਾਰਡ ਨਾਲ ਨਿਵਾਜਿਆ ਹੋਇਆ ਨਾਵਲ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਬਹੁਤ ਸਾਰੇ ਇਨਾਮ ਸਨਮਾਨ ਮਿਲੇ। ਮਹਾਨ ਸ਼ਖਸੀਅਤ ਜਸਵੰਤ ਸਿੰਘ ਕੰਵਲ ਨੇ ਜਿੰਦਗੀ ਦਾ ਸੈਂਕੜਾ 100 ਸਾਲ ਹੋਣ ‘ਤੇ 1 ਫਰਵਰੀ, 2020 ਨੂੰ ਆਪਣੀ ਕਲਮ ਦੇ ਸਫਰ ਨੂੰ ਅਲਵਿਦਾ ਆਖ ਦਿੱਤਾ।

Share this Article
Leave a comment