ਨਿਊਜ਼ ਡੈਸਕ: ਛੱਤੀਸਗੜ੍ਹ ਅਤੇ ਮਿਜ਼ੋਰਮ ‘ਚ ਹੋ ਰਹੀਆਂ ਵਿਧਾਨ ਸਭਾ ਚੋਣਾਂ ‘ਚ ਅੱਜ ਯਾਨੀ ਮੰਗਲਵਾਰ 7 ਨਵੰਬਰ ਨੂੰ ਪਹਿਲੇ ਪੜਾਅ ਦੀ ਵੋਟਿੰਗ ਹੋਵੇਗੀ। ਛੱਤੀਸਗੜ੍ਹ ‘ਚ ਵੋਟਿੰਗ ਦੇ ਪਹਿਲੇ ਪੜਾਅ ‘ਚ ਸੂਬੇ ਦੇ 40,78,681 ਵੋਟਰ 223 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ। ਇਸ ਦੇ ਨਾਲ ਹੀ ਮਿਜ਼ੋਰਮ ਵਿੱਚ ਸਖ਼ਤ ਸੁਰੱਖਿਆ ਪ੍ਰਬੰਧਾਂ ਦਰਮਿਆਨ 8.57 ਲੱਖ ਤੋਂ ਵੱਧ ਵੋਟਰ 174 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ।
ਜੇਕਰ ਪਹਿਲਾਂ ਗੱਲ ਕਰੀਏ ਛੱਤੀਸਗੜ੍ਹ ਦੀ ਤਾਂ ਰਾਜ ਦੇ ਨਕਸਲ ਪ੍ਰਭਾਵਿਤ ਬਸਤਰ ਡਿਵੀਜ਼ਨ ਦੀਆਂ 20 ਸੀਟਾਂ ਅਤੇ ਰਾਜਨੰਦਗਾਓਂ ਸਮੇਤ ਚਾਰ ਹੋਰ ਜ਼ਿਲ੍ਹਿਆਂ ‘ਤੇ ਵੋਟਿੰਗ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਵੋਟਿੰਗ ਦੇ ਪਹਿਲੇ ਪੜਾਅ ‘ਚ ਸੂਬੇ ਦੇ 40,78,681 ਵੋਟਰ 223 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ। ਇਨ੍ਹਾਂ ਉਮੀਦਵਾਰਾਂ ਵਿੱਚ ਸਾਬਕਾ ਮੁੱਖ ਮੰਤਰੀ ਰਮਨ ਸਿੰਘ, ਸੂਬਾ ਕਾਂਗਰਸ ਪ੍ਰਧਾਨ ਅਤੇ ਬਸਤਰ ਦੇ ਸੰਸਦ ਮੈਂਬਰ ਦੀਪਕ ਬੈਜ, ਕਾਂਗਰਸ ਸਰਕਾਰ ਦੇ ਤਿੰਨ ਮੰਤਰੀ, ਭਾਜਪਾ ਦੇ ਚਾਰ ਸਾਬਕਾ ਮੰਤਰੀ ਅਤੇ ਇੱਕ ਸਾਬਕਾ ਆਈਏਐਸ ਅਧਿਕਾਰੀ ਸ਼ਾਮਿਲ ਹਨ।
ਅਧਿਕਾਰੀਆਂ ਨੇ ਦੱਸਿਆ ਕਿ ਪਹਿਲੇ ਪੜਾਅ ਦੇ 20 ਵਿਧਾਨ ਸਭਾ ਹਲਕਿਆਂ ਵਿੱਚੋਂ 10 ਵਿਧਾਨ ਸਭਾ ਹਲਕਿਆਂ ਵਿੱਚ ਮੋਹਲਾ-ਮਾਨਪੁਰ, ਅੰਤਾਗੜ੍ਹ, ਭਾਨੂਪ੍ਰਤਾਪਪੁਰ, ਕਾਂਕੇਰ, ਕੇਸ਼ਕਲ, ਕੋਂਡਗਾਓਂ, ਨਾਰਾਇਣਪੁਰ, ਦਾਂਤੇਵਾੜਾ, ਬੀਜਾਪੁਰ ਅਤੇ ਕੋਂਟਾ ਵਿਧਾਨ ਸਭਾ ਹਲਕਿਆਂ ਵਿੱਚ ਸਵੇਰੇ 7 ਵਜੇ ਤੋਂ ਦੁਪਹਿਰ 3 ਵਜੇ ਤੱਕ ਵੋਟਾਂ ਪੈਣਗੀਆਂ। ਪੰਡਾਰੀਆ, ਕਵਾਰਧਾ, ਖੈਰਾਗੜ੍ਹ, ਡੋਂਗਰਗੜ੍ਹ, ਰਾਜਨੰਦਗਾਓਂ, ਡੋਂਗਰਗਾਂਵ, ਖੂਜੀ, ਬਸਤਰ, ਜਗਦਲਪੁਰ ਅਤੇ ਚਿਤਰਕੋਟ ਵਿਧਾਨ ਸਭਾ ਹਲਕਿਆਂ ਵਿੱਚ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਵੋਟਿੰਗ ਹੋਵੇਗੀ। ਪਹਿਲੇ ਪੜਾਅ ਵਿੱਚ ਜਿਨ੍ਹਾਂ 20 ਸੀਟਾਂ ਲਈ ਵੋਟਿੰਗ ਹੋਣੀ ਹੈ, ਉਨ੍ਹਾਂ ਵਿੱਚੋਂ 12 ਅਨੁਸੂਚਿਤ ਜਨਜਾਤੀ (ਐਸਟੀ) ਲਈ ਰਾਖਵੀਆਂ ਹਨ ਜਦੋਂਕਿ ਇੱਕ ਅਨੁਸੂਚਿਤ ਜਾਤੀ (ਐਸਸੀ) ਵਰਗ ਲਈ ਰਾਖਵੀਂ ਹੈ।
ਹੁਣ ਗੱਲ ਕਰੀਏ ਮਿਜ਼ੋਰਮ ਦੀ ਤਾਂ ਸੂਬੇ ‘ਚ ਵਿਧਾਨ ਸਭਾ ਚੋਣਾਂ ਲਈ ਅੱਜ ਮੰਗਲਵਾਰ ਨੂੰ ਵੋਟਿੰਗ ਹੋਵੇਗੀ। ਸਖ਼ਤ ਸੁਰੱਖਿਆ ਪ੍ਰਬੰਧਾਂ ਦਰਮਿਆਨ 8.57 ਲੱਖ ਤੋਂ ਵੱਧ ਵੋਟਰ 174 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ। ਮੁੱਖ ਚੋਣ ਅਧਿਕਾਰੀ (CEO) ਮਧੂਪ ਵਿਆਸ ਨੇ ਦੱਸਿਆ ਕਿ ਮਿਜ਼ੋਰਮ ਦੇ ਸਾਰੇ 1,276 ਪੋਲਿੰਗ ਸਟੇਸ਼ਨਾਂ ‘ਤੇ ਸਵੇਰੇ 7 ਵਜੇ ਵੋਟਿੰਗ ਸ਼ੁਰੂ ਹੋਵੇਗੀ ਅਤੇ ਸ਼ਾਮ 4 ਵਜੇ ਤੱਕ ਜਾਰੀ ਰਹੇਗੀ। ਵੋਟਾਂ ਦੀ ਗਿਣਤੀ 3 ਦਸੰਬਰ ਨੂੰ ਹੋਵੇਗੀ। ਇਨ੍ਹਾਂ ਵਿੱਚੋਂ 149 ਰਿਮੋਟ ਪੋਲਿੰਗ ਸਟੇਸ਼ਨ ਹਨ, ਜਦੋਂ ਕਿ ਅੰਤਰਰਾਜੀ ਅਤੇ ਅੰਤਰਰਾਸ਼ਟਰੀ ਸਰਹੱਦਾਂ ਦੇ ਆਸ-ਪਾਸ ਕਰੀਬ 30 ਪੋਲਿੰਗ ਸਟੇਸ਼ਨਾਂ ਨੂੰ ਸੰਵੇਦਨਸ਼ੀਲ ਐਲਾਨਿਆ ਗਿਆ ਹੈ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.