ਬਰਤਾਨੀਆ ‘ਚ ਸਿੱਖ ਟੈਕਸੀ ਡਰਾਈਵਰ ‘ਤੇ ਹੋਏ ਨਸਲੀ ਹਮਲੇ ਦੀ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਸਖਤ ਨਿੰਦਾ

TeamGlobalPunjab
2 Min Read

ਚੰਡੀਗੜ੍ਹ : ਐੱਸਜੀਪੀਸੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਬੀਤੇ ਦਿਨ ਬਰਤਾਨੀਆਂ ‘ਚ ਇੱਕ ਸਿੱਖ ਟੈਕਸੀ ਡਰਾਈਵਰ ਵਨੀਤ ਸਿੰਘ ‘ਤੇ ਕੁਝ ਲੋਕਾਂ ਵੱਲੋਂ ਕੀਤੇ ਗਏ ਨਸਲੀ ਹਮਲੇ ਦੀ ਸਖਤ ਸ਼ਬਦਾਂ ‘ਚ ਨਿਖੇਧੀ ਕੀਤੀ ਹੈ। ਭਾਈ ਲੌਂਗੋਵਾਲ ਨੇ ਕਿਹਾ ਕਿ ਬਰਤਾਨੀਆ ‘ਚ ਸਿੱਖ ਡਰਾਈਵਰ ਅਤੇ ਉਸ ਦੀ ਦਸਤਾਰ ਤੇ ਕੇਸਾਂ ਬਾਰੇ ਅਪਸ਼ਬਦ ਬੋਲਣਾ ਕਾਫੀ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਇਹ ਕੋਈ ਪਹਿਲੀ ਘਟਨਾ ਨਹੀਂ ਹੈ, ਇਸ ਤੋਂ ਪਹਿਲਾਂ ਵੀ ਵਿਦੇਸ਼ਾਂ ‘ਚ ਸਿੱਖਾਂ ‘ਤੇ ਨਸਲੀ ਹਮਲੇ ਦੀਆਂ ਕਈ ਮੰਦਭਾਗੀ ਘਟਨਾਵਾਂ ਵਾਪਰੀਆਂ ਹਨ।

ਭਾਈ ਲੌਂਗੋਵਾਲ ਨੇ ਇਸ ਮਾਮਲੇ ‘ਚ ਭਾਰਤ ਸਰਕਾਰ ਦੇ ਦਖਲ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਵਿਦੇਸ਼ਾਂ ‘ਚ ਸਿੱਖਾਂ ‘ਤੇ ਹੁੰਦੇ ਨਸਲੀ ਹਮਲਿਆਂ ਨੂੰ ਰੋਕਣ ਲਈ ਵਿਦੇਸ਼ ਮੰਤਰਾਲੇ ਰਾਹੀਂ ਲੋਂੜੀਦੀ ਕਾਰਵਾਈ ਕਰੇ। ਉਨ੍ਹਾਂ ਕਿਹਾ ਕਿ ਇਸ ਸੰਜੀਦਾ ਮਸਲੇ ‘ਤੇ ਵਿਦੇਸ਼ ਮੰਤਰਾਲਾ ਵੀ ਆਪਣੀ ਬਣਦੀ ਜ਼ਿੰਮੇਵਾਰੀ ਨਿਭਾਵੇ।

ਦੱਸ ਦਈਏ ਕਿ ਸਿੱਖ ਡਰਾਈਵਰ ਵਨੀਤ ਸਿੰਘ ਨੇ ਐਤਵਾਰ ਰਾਤ ਦੱਖਣ ਪੂਰਬੀ ਇੰਗਲੈਂਡ ਦੇ ਰੀਡਿੰਗ ਕਸਬੇ ਦੇ ਕੈਸੀਨੋ ਤੋਂ ਚਾਰ ਲੋਕਾਂ ਨੂੰ ਆਪਣੀ ਟੈਕਸੀ ‘ਚ ਬਿਠਾਇਆ ਸੀ। ਉਨ੍ਹਾਂ ਲੋਕਾਂ ਨੇ ਟੈਕਸੀ ‘ਚ ਬੈਠਣ ਤੋਂ ਕੁਝ ਦੇਰ ਬਾਅਦ ਹੀ ਵਨੀਤ ਤੋਂ ਪੁੱਛਿਆ, ਕੀ ਤੂੰ ਤਾਲਿਬਾਨੀ ਹੈ ? ਇਸ ਤੋਂ ਬਾਅਦ ਉਨ੍ਹਾਂ ਨੇ ਵਨੀਤ ਸਿੰਘ ਨਾਲ ਕੁੱਟਮਾਰ ਵੀ ਕੀਤੀ। ਇੱਥੋਂ ਤੱਕ ਕਿ ਉਨ੍ਹਾਂ ਨੇ ਭੱਦੀ ਸ਼ਬਦਾਵਲੀ ਦੀ ਵਰਤੋਂ ਕਰਦਿਆਂ ਸਿੰਘ ਦੀ ਦਸਤਾਰ ਉਤਾਰਨ ਦੀ ਕੋਸ਼ਿਸ਼ ਕੀਤੀ।

Share this Article
Leave a comment