ਕੁਆਲਾਲੰਪੁਰ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਇਨ੍ਹI ਦਿਨੀਂ ਸ਼ਹਿਬਾਜ਼ ਸ਼ਰੀਫ਼ ਤੇ ਅਸੀਮ ਮੁਨੀਰ ਦੀ ਚਮਚਾਗਿਰੀ ਵਾਲੀ ਤਾਰੀਫ਼ ਕਰਨ ‘ਚ ਲੱਗੇ ਹੋਏ ਹਨ। ਹੁਣ ਟਰੰਪ ਨੇ ਪਾਕਿਸਤਾਨੀ ਪੀ.ਐੱਮ. ਸ਼ਹਿਬਾਜ਼ ਸ਼ਰੀਫ਼ ਤੇ ਆਰਮੀ ਚੀਫ਼ ਅਸੀਮ ਮੁਨੀਰ ਨੂੰ “ਮਹਾਨ ਲੋਕ” ਕਰਾਰ ਦੇ ਦਿੱਤਾ। ਟਰੰਪ ਨੇ ਦੋਹਾਂ ਦੀ ਤਾਰੀਫ਼ ਵਿੱਚ ਪੂਰੇ ਕਸੀਦੇ ਪੜ੍ਹ ਦਿੱਤੇ।
ਪਾਕ-ਅਫਗਾਨ ਵਿਵਾਦ ਜਲਦ ਸੁਲਝਾਉਣ ਦਾ ਵਾਅਦਾ
ਟਰੰਪ ਨੇ ਪਾਕਿਸਤਾਨੀ ਪੀ.ਐੱਮ. ਸ਼ਹਿਬਾਜ਼ ਸ਼ਰੀਫ਼ ਤੇ ਆਰਮੀ ਚੀਫ਼ ਅਸੀਮ ਮੁਨੀਰ ਦੀ ਤਾਰੀਫ਼ ਨਾਲ ਹੀ ਪਾਕ-ਅਫਗਾਨ ਵਿਵਾਦ ਨੂੰ “ਜਲਦ” ਹੱਲ ਕਰਨ ਦਾ ਵਾਅਦਾ ਕੀਤਾ। ਮਲੇਸ਼ੀਆ ਦੇ ਕੁਆਲਾਲੰਪੁਰ ਵਿੱਚ ਆਸੀਆਨ ਸਿਖਰ ਸੰਮੇਲਨ ਦੌਰਾਨ ਥਾਈਲੈਂਡ-ਕੰਬੋਡੀਆ ਸ਼ਾਂਤੀ ਸਮਝੌਤੇ ’ਤੇ ਦਸਤਖ਼ਤ ਕਰਦਿਆਂ ਟਰੰਪ ਨੇ ਪਾਕਿਸਤਾਨੀ ਨੇਤਾਵਾਂ ਨੂੰ “ਮਹਾਨ ਲੋਕ” ਦੱਸਿਆ। ਟਰੰਪ ਨੇ ਪਿਛਲੇ ਦਿਨੀਂ ਸ਼ਹਿਬਾਜ਼ ਸ਼ਰੀਫ਼ ਤੇ ਮੁਨੀਰ ਨਾਲ ਦੋਸਤਾਨਾ ਸਬੰਧ ਵਿਖਾਏ ਹਨ। ਇਹ ਬਿਆਨ ਆਸੀਆਨ ਸੰਮੇਲਨ ਦੇ ਸਾਈਡਲਾਈਨ ’ਤੇ ਥਾਈਲੈਂਡ-ਕੰਬੋਡੀਆ ਸਮਝੌਤੇ ਦੇ ਸਮਾਰੋਹ ਵਿੱਚ ਦਿੱਤੇ ਗਏ।
ਟਰੰਪ ਨੇ ਕਿਹਾ—ਅਸੀਂ ਹਰ ਮਹੀਨੇ ਇੱਕ ਜੰਗ ਖਤਮ ਕਰ ਰਹੇ ਹਾਂ
ਥਾਈਲੈਂਡ-ਕੰਬੋਡੀਆ ਦਾ ਜ਼ਿਕਰ ਕਰਦਿਆਂ ਟਰੰਪ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ “ਸਿਰਫ਼ 8 ਮਹੀਨਿਆਂ ਵਿੱਚ 8 ਜੰਗਾਂ ਸੁਲਝਾ ਲਈਆਂ”। ਉਨ੍ਹਾਂ ਕਿਹਾ, “ਅਸੀਂ ਔਸਤਨ ਹਰ ਮਹੀਨੇ ਇੱਕ ਜੰਗ ਖਤਮ ਕਰ ਰਹੇ ਹਾਂ। ਹੁਣ ਸਿਰਫ਼ ਇੱਕ ਬਾਕੀ ਹੈ, ਹਾਲਾਂਕਿ ਮੈਂ ਸੁਣਿਆ ਹੈ ਕਿ ਪਾਕਿਸਤਾਨ ਤੇ ਅਫਗਾਨਿਸਤਾਨ ਨੇ ਫਿਰ ਸ਼ੁਰੂ ਕਰ ਦਿੱਤਾ ਹੈ, ਪਰ ਮੈਂ ਇਸ ਨੂੰ ਬਹੁਤ ਜਲਦ ਸੁਲਝਾ ਲਵਾਂਗਾ। ਮੈਂ ਦੋਹਾਂ ਨੂੰ ਜਾਣਦਾ ਹਾਂ। ਪਾਕਿਸਤਾਨ ਦਾ ਫੀਲਡ ਮਾਰਸ਼ਲ ਤੇ ਪ੍ਰਧਾਨ ਮੰਤਰੀ ਮਹਾਨ ਲੋਕ ਹਨ, ਤੇ ਮੈਨੂੰ ਕੋਈ ਸ਼ੱਕ ਨਹੀਂ ਕਿ ਅਸੀਂ ਇਸ ਨੂੰ ਜਲਦ ਪੂਰਾ ਕਰ ਲਵਾਂਗੇ।” ਟਰੰਪ ਨੇ ਕਿਹਾ ਕਿ ਉਹ ਮੰਨਦੇ ਹਨ ਕਿ ਜੰਗ ਸੁਲਝਾਉਣਾ ਉਹ ਕੰਮ ਹੈ ਜੋ ਉਹ ਕਰ ਸਕਦੇ ਹਨ। “ਮੈਂ ਇਸ ਨੂੰ ਚੰਗੇ ਤਰੀਕੇ ਨਾਲ ਕਰਦਾ ਹਾਂ।”
ਜਾਨਾਂ ਬਚਾਉਣ ਲਈ ਜੰਗਾਂ ਖਤਮ ਕਰਵਾਉਂਦਾ ਹਾਂ
ਟਰੰਪ ਨੇ ਅੱਗੇ ਕਿਹਾ, “ਮੈਨੂੰ ਲੱਗਦਾ ਹੈ ਕਿ ਮੈਨੂੰ ਇਹ ਕਰਨ ਦੀ ਲੋੜ ਨਹੀਂ… ਪਰ ਜੇ ਮੈਂ ਸਮਾਂ ਕੱਢ ਕੇ ਲੱਖਾਂ ਜਾਨਾਂ ਬਚਾ ਸਕਦਾ ਹਾਂ, ਤਾਂ ਇਹ ਸੱਚਮੁੱਚ ਇੱਕ ਮਹਾਨ ਕੰਮ ਹੈ। ਮੈਨੂੰ ਇਸ ਤੋਂ ਬਿਹਤਰ ਕੋਈ ਵਿਚਾਰ ਨਹੀਂ ਆਉਂਦਾ।” ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ 8 ਮਹੀਨਿਆਂ ਵਿੱਚ 8 ਜੰਗਾਂ ਖਤਮ ਕਰਨ ਵਰਗਾ ਕਦੇ ਨਹੀਂ ਹੋਇਆ, ਤੇ “ਇਸ ਵਰਗਾ ਫਿਰ ਕਦੇ ਨਹੀਂ ਹੋਵੇਗਾ”। “ਮੈਨੂੰ ਕੋਈ ਅਜਿਹਾ ਰਾਸ਼ਟਰਪਤੀ ਨਹੀਂ ਦਿਸਦਾ ਜਿਸ ਨੇ ਕਦੇ ਇੱਕ ਵੀ ਜੰਗ ਸੁਲਝਾਈ ਹੋਵੇ। ਮੇਰੇ ਖਿਆਲ ਵਿੱਚ ਕੋਈ ਨਹੀਂ। ਉਹ ਜੰਗਾਂ ਸ਼ੁਰੂ ਕਰਦੇ ਹਨ, ਸੁਲਝਾਉਂਦੇ ਨਹੀਂ।” ਟਰੰਪ ਨੇ ਕਿਹਾ ਕਿ “ਇਤਿਹਾਸ ਵਿੱਚ ਅਜਿਹਾ ਕੁਝ ਨਹੀਂ ਹੋਇਆ” ਤੇ ਉਹ ਇਸ ਦਾ ਹਿੱਸਾ ਬਣਨ ’ਤੇ ਸਨਮਾਨਿਤ ਮਹਿਸੂਸ ਕਰਦੇ ਹਨ। ਥਾਈਲੈਂਡ-ਕੰਬੋਡੀਆ ਤੇ ਸ਼ਾਂਤੀ ਸਮਝੌਤੇ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ, “ਸੰਯੁਕਤ ਰਾਜ ਅਮਰੀਕਾ ਵੱਲੋਂ, ਮੈਨੂੰ ਇਸ ਲੜਾਈ ਨੂੰ ਸੁਲਝਾਉਣ ਤੇ ਸੱਚਮੁੱਚ ਚੰਗੀਆਂ ਦੋਸਤੀਆਂ ਵਿਕਸਿਤ ਕਰਨ ’ਤੇ ਮਾਣ ਹੈ।”

