ਜਨਾਨੀ ਨੇ ਗੋਲੀਆਂ ਮਾਰ ਕੇ ਮਾਰਨ ਦੀ ਕੋਸ਼ਿਸ਼ ਕੀਤੀ ਥਾਣੇਦਾਰ ਤੇ ਉਸ ਦੇ ਪੁੱਤਰ ਨੂੰ, ਪੁਲਿਸ ਨੇ ਫੜ ਲਈ ਤਾਂ ਪੀੜਤ ਥਾਣੇਦਾਰ ਕਹਿੰਦਾ ਮੈਂ ਜਾਣਦਾਂ ਆਪਣੇ ਮਹਿਕਮੇਂ ਨੂੰ, ਇਹ ਹੁਣੇ ਛੱਡ ਦਿਊ

TeamGlobalPunjab
3 Min Read

ਅੰਮ੍ਰਿਤਸਰ : ਪੰਜਾਬੀ ਦੀ ਇੱਕ ਕਹਾਵਤ ਹੈ ਕਿ ਘਰ ਦਾ ਭੇਤੀ ਲੰਕਾ ਢਾਹੇ ਤੇ ਇਹ ਕਹਾਵਤ ਅਸੀਂ ਉਸ ਵੇਲੇ ਵਰਤਦੇ ਹਾਂ ਜਦੋਂ ਕਿਸੇ ਅਜਿਹੇ ਵਿਅਕਤੀ ਬਾਰੇ ਦੱਸਣਾ ਹੋਵੇ ਜਿਹੜਾ ਹੋਵੇ ਤਾਂ ਆਪਣਾ ਹੀ ਪਰ ਆਪਣਿਆਂ ਦੇ ਹੀ ਭੇਦ ਖੋਲ੍ਹ ਕੇ ਉਨ੍ਹਾਂ ਨੂੰ ਨੁਕਸਾਨ ਪਹੁੰਚਾ ਦੇਵੇ। ਇਸ ਉਦਾਹਰਨ ਨਾਲ ਮਿਲਦੀ ਜੁਲਦੀ ਇੱਕ ਘਟਨਾ ਸਾਹਮਣੇ ਆਈ ਹੈ ਅੰਮ੍ਰਿਤਸਰ ਦੇ ਸੁਲਤਾਨ ਵਿੰਡ ਰੋਡ ਦੀ ਜਿੱਥੋਂ ਦਾ ਵਸਨੀਕ ਰੇਸ਼ਮ ਸਿੰਘ ਪੰਜਾਬ ਪੁਲਿਸ ‘ਚ ਥਾਣੇਦਾਰ ਹੈ ਤੇ ਉਸ ਦੀ ਪਤਨੀ ਨੇ ਉਸ ਵੇਲੇ ਉਸ ਦੇ ਪੁੱਤਰ ਅਤੇ ਉਸ ‘ਤੇ ਗੋਲੀ ਚਲਾ ਦਿੱਤੀ ਸੀ ਜਦੋਂ ਔਰਤ ਦਾ ਰੇਸ਼ਮ ਸਿੰਘ ਦੇ ਪੁੱਤਰ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਸੀ। ਝਗੜੇ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਔਰਤ ਨੂੰ ਗ੍ਰਿਫਤਾਰ ਤਾਂ ਕਰ ਲਿਆ ਹੈ ਪਰ ਹੁਣ ਥਾਣੇਦਾਰ ਰੇਸ਼ਮ ਸਿੰਘ ਨੂੰ ਆਪਣੇ ਹੀ ਮਹਿਕਮੇਂ ‘ਤੇ ਭਰੋਸਾ ਨਹੀਂ ਹੈ ਤੇ ਉਹ ਦਾਅਵੇ ਨਾਲ ਕਹਿੰਦਾ ਹੈ ਕਿ ਉਹ ਆਪਣੇ ਮਹਿਕਮੇਂ ਨੂੰ ਚੰਗੀ ਤਰ੍ਹਾਂ ਜਾਣਦਾ ਹੈ ਜੋ ਕਿ ਉਸ ਨੂੰ ਬਹੁਤ ਜਲਦ ਛੱਡ ਦੇਵੇਗਾ। ਕਿਉਂ ਹੋ ਗਈ ਨਾ ਘਰ ਦਾ ਭੇਤੀ ਲੰਕਾ ਢਾਹੇ ਵਾਲੀ ਗੱਲ?

ਦੱਸ ਦਈਏ ਕਿ ਬੀਤੀ ਕੱਲ੍ਹ ਰੇਸ਼ਮ ਸਿੰਘ ਦੀ ਦੂਜੀ ਪਤਨੀ ਹਰਜਿੰਦਰ ਕੌਰ ਅਤੇ ਉਸ ਦੇ ਪੁੱਤਰ ਜਸਰਾਜ ਸਿੰਘ ਦੀ ਮਤਰੇਈ ਮਾਂ ਦੀ ਜਸਰਾਜ ਸਿੰਘ ਨਾਲ ਕਿਸੇ ਗੱਲੋਂ ਝਗੜਾ ਹੋ ਗਿਆ ਤੇ ਉਸ ਨੇ ਆਪਣੀ ਮਤਰੇਈ ਮਾਂ ਨੂੰ ਗਾਲਾਂ ਕੱਢ ਦਿੱਤੀਆਂ। ਦੋਸ਼ ਹੈ ਕਿ ਇਸ ਤੋਂ ਹਰਜਿੰਦਰ ਕੌਰ ਬੜੀ ਬੁਰੀ ਤਰ੍ਹਾਂ ਗੁੱਸਾ ਖਾ ਗਈ ਤੇ ਉਸ ਨੇ ਜਸਰਾਜ ਸਿੰਘ ‘ਤੇ ਗੋਲੀ ਚਲਾ ਕੇ ਉਸ ਨੂੰ ਮਾਰ ਦੇਣ ਦਾ ਯਤਨ ਕੀਤਾ। ਇਸ ਦੌਰਾਨ ਜਸਰਾਜ ਸਿੰਘ ਤਾਂ ਮੌਕੇ ਤੋਂ ਬਚ ਕੇ ਭੱਜਣ ਵਿੱਚ ਕਾਮਯਾਬ ਰਿਹਾ ਤੇ ਥੋੜੀ ਦੇਰ ਬਾਅਦ ਹੀ ਉੱਥੇ ਰੇਸ਼ਮ ਪਹੁੰਚ ਗਿਆ ਤੇ ਇੱਧਰ ਜਸਰਾਜ ਤੋਂ  ਹਰਖ ਖਾਈ ਬੈਠੀ ਹਰਜਿੰਦਰ ਕੌਰ ਨੇ ਰੇਸ਼ਮ ਸਿੰਘ ਨੂੰ ਵੀ ਨਹੀਂ ਬਖਸ਼ਿਆ ਤੇ ਉਸ ਦੀ ਵੀ ਗੋਲੀਆਂ ਮਾਰ ਕੇ ਜਾਨ ਲੈਣ ਦੀ ਕੋਸ਼ਿਸ਼ ਕੀਤੀ। ਜਿਸ ਤੋਂ ਬਾਅਦ ਪੁਲਿਸ ਨੇ ਰੇਸ਼ਮ ਸਿੰਘ ਅਤੇ ਜਸਰਾਜ ਸਿੰਘ ਦੀ ਸ਼ਿਕਾਇਤ ‘ਤੇ ਹਰਜਿੰਦਰ  ਕੌਰ ਦੇ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਤਾਂ ਕਰ ਲਿਆ ਹੈ ਪਰ ਇਸ ਦੇ ਬਾਵਜੂਦ ਰੇਸ਼ਮ ਸਿੰਘ ਦੀ ਅਜੇ ਵੀ ਤਸੱਲੀ ਨਹੀਂ ਹੋਈ ਹੈ। ਇਸ ਗ੍ਰਿਫਤਾਰੀ ਤੋਂ ਬਾਅਦ ਰੇਸ਼ਮ ਸਿੰਘ ਕਹਿੰਦਾ ਹੈ ਕਿ ਭਾਵੇਂ ਉਸ ਦੀ ਪਤਨੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੋਵੇ ਪਰ ਉਸ ਨੂੰ ਯਕੀਨ ਹੈ ਕਿ ਹਰਜਿੰਦਰ ਕੌਰ ਨੂੰ ਛੱਡ ਦਿੱਤਾ ਜਾਵੇਗਾ। ਰੇਸ਼ਮ ਸਿੰਘ ਕਹਿੰਦਾ ਹੈ ਕਿ ਇਹ ਉਸ ਦਾ ਮਹਿਕਮਾਂ ਹੈ ਤੇ ਇਸ ਮਹਿਕਮੇਂ ‘ਤੇ ਉਸ (ਰੇਸ਼ਮ) ਨੂੰ ਰੱਤੀ ਭਰ ਵੀ ਵਿਸ਼ਵਾਸ ਨਹੀਂ ਹੈ।

ਰੇਸ਼ਮ ਸਿੰਘ ਨੇ ਦੱਸਿਆ ਕਿ ਉਸ ਦੀ ਪਹਿਲੀ ਪਤਨੀ ਦੀ ਮੌਤ ਸੰਨ 2012 ਵਿੱਚ ਹੋ ਗਈ ਸੀ। ਜਿਸ ਤੋਂ ਬਾਅਦ ਉਸ ਨੇ ਹਰਜਿੰਦਰ ਕੌਰ ਨਾਮਕ ਔਰਤ ਨਾਲ ਵਿਆਹ ਕਰਵਾ ਲਿਆ।

Share this Article
Leave a comment