ਚੰਡੀਗੜ-ਸ਼੍ਰੋਮਣੀ ਪੰਥ ਰਤਨ ਬਾਬਾ ਇਕਬਾਲ ਸਿੰਘ ਜੀ ਬੱਡੂ ਸਾਹਿਬ ਵਾਲਿਆਂ ਦੇ ਅਕਾਲ ਚਲਾਣੇ ‘ਤੇ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸ਼ਰਮਾ ਨੇ ਬਾਬਾ ਜੀ ਦੇ ਚਰਨਾਂ ਵਿੱਚ ਸੀਸ ਨਿਵਾਉਂਦੀਆਂ ਆਪਨੇ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਬਾਬਾ ਇਕਬਾਲ ਸਿੰਘ ਜੀ ਵੱਲੋਂ ਸਮਾਜ ਦੀ ਬਿਹਤਰੀ ਲਈ ਕੀਤੇ ਸਮਾਜ ਸੇਵੀ ਕਾਰਜ ਅਭੁੱਲ ਹਨ। ਉਨ੍ਹਾਂ ਦੀ ਮੌਤ ਨਾਲ ਸਮਾਜ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਹਨਾਂ ਦੇ ਪੰਜ ਤੱਤਾਂ ਵਿੱਚ ਵਿਲੀਨ ਹੋਣ ਦੀ ਖ਼ਬਰ ਸੁਣ ਕੇ ਉਹਨਾਂ ਦੇ ਮਨ ਨੂੰ ਬਹੁਤ ਠੇਸ ਪੁੱਜੀ ਹੈ। ਸ਼੍ਰੋਮਣੀ ਪੰਥ ਰਤਨ ਬਾਬਾ ਇਕਬਾਲ ਸਿੰਘ ਜੀ ਨੂੰ ਉਨ੍ਹਾਂ ਦੇ ਸਮਾਜਿਕ ਕਾਰਜਾਂ ਲਈ ਭਾਰਤ ਸਰਕਾਰ ਵੱਲੋਂ ਹਾਲ ਹੀ ਵਿੱਚ ਪਦਮ ਸ਼੍ਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। ਸਿੱਖਿਆ ਸ਼ਾਸਤਰੀ ਅਤੇ ਸਮਾਜ ਸੇਵੀ ਬਾਬਾ ਇਕਬਾਲ ਸਿੰਘ ਜੀ ਵੱਲੋਂ ਦਿੱਤੀਆਂ ਸਿੱਖਿਆਵਾਂ ਨੂੰ ਸਮਾਜ ਹਮੇਸ਼ਾ ਯਾਦ ਰੱਖੇਗਾ।
ਅਸ਼ਵਨੀ ਸ਼ਰਮਾ ਨੇ ਬਾਬਾ ਇਕਬਾਲ ਸਿੰਘ ਜੀ ਦੇ ਕੰਮਾਂ ਨੂੰ ਯਾਦ ਕਰਦਿਆਂ ਕਿਹਾ ਕਿ ਬਾਬਾ ਜੀ ਨੇ ਲਗਪਗ 75 ਸਾਲ ਪੇਂਡੂ ਵਿੱਦਿਆ ਦੇ ਖੇਤਰ ਵਿੱਚ ਲੋਕ-ਸੇਵਾ ਕੀਤੀ। ਉਨ੍ਹਾਂ ਦੀ ਰਹਿਨੁਮਾਈ ਹੇਠ ਕਲਗੀਧਰ ਟਰੱਸਟ/ਸੁਸਾਇਟੀ ਤੋਂ ਇਲਾਵਾ ਉੱਤਰੀ ਭਾਰਤ ਵਿੱਚ 129 ਅਕਾਲ ਅਕੈਡਮੀਆਂ ਅਤੇ 2 ਯੂਨੀਵਰਸਿਟੀਆਂ ਸ਼ੁਰੂ ਕੀਤੀਆਂ ਗਈਆਂ। ਉਨ੍ਹਾਂ ਦੇ ਟਰੱਸਟ ਵੱਲੋਂ ਇੱਕ ਚੈਰੀਟੇਬਲ ਹਸਪਤਾਲ ਅਤੇ ਦੋ ਨਸ਼ਾ ਛੁਡਾਊ ਕੇਂਦਰ ਵੀ ਚਲਾਏ ਜਾ ਰਹੇ ਹਨ। ਕਲਗੀਧਰ ਟਰੱਸਟ ਦੀ ਸਰਪ੍ਰਸਤੀ ਹੇਠ ਚਲਾਈਆਂ ਜਾ ਰਹੀਆਂ ਅਕਾਲ ਅਕੈਡਮੀਆਂ ਵਿੱਚ ਮਹਿਲਾ ਸਸ਼ਕਤੀਕਰਨ ਲਈ ਅਹਿਮ ਕੰਮ ਕੀਤੇ ਜਾ ਰਹੇ ਹਨ ਅਤੇ ਇਹ ਉਪਰਾਲੇ ਲਗਾਤਾਰ ਜਾਰੀ ਹਨ। ਇਨ੍ਹਾਂ ਅਕੈਡਮੀਆਂ ਵਿੱਚ ਵਾਂਝਿਆਂ ਪੇਂਡੂ ਲੜਕੀਆਂ ਨੂੰ ਮੁਫ਼ਤ ਸਿੱਖਿਆ ਦਿੱਤੀ ਜਾਂਦੀ ਹੈ। ਅੱਜ ਇਨ੍ਹਾਂ ਅਕੈਡਮੀਆਂ ਵਿੱਚ ਹਜ਼ਾਰਾਂ ਗਰੀਬ ਪੇਂਡੂ ਬੱਚਿਆਂ ਨੂੰ ਮੁਫਤ ਜਾਂ ਰਿਆਇਤੀ ਸਿੱਖਿਆ ਦਿੱਤੀ ਜਾ ਰਹੀ ਹੈ। ਇੱਥੇ ਪੜ੍ਹਣ ਵਾਲੇ ਬੱਚੇ ਨਾ ਸਿਰਫ਼ ਕੌਮੀ ਟਾਪਰ ਬਣੇ, ਸਗੋਂ ਮਲਟੀਨੈਸ਼ਨਲ ਕੰਪਨੀਆਂ ਲਈ ਵੀ ਕੰਮ ਕਰ ਰਹੇ ਹਨ। ਇੱਥੋਂ ਤੱਕ ਕਿ ਆਈਏਐਸ ਅਤੇ ਆਈਪੀਐਸ ਅਧਿਕਾਰੀ ਵੀ ਬਣ ਗਏ ਹਨ। ਸ਼ਰਮਾ ਨੇ ਕਿਹਾ ਕਿ ਬਾਬਾ ਜੀ ਨੇ ਆਪਣੇ ਜੀਵਨ ਵਿੱਚ ਜੋ ਕਾਰਜ ਕੀਤੇ ਹਨ ਉਹ ਸਾਡੇ ਸਾਰਿਆਂ ਲਈ ਹਮੇਸ਼ਾ ਪ੍ਰੇਰਨਾਦਾਇਕ ਰਹੇ ਹਨ ਅਤੇ ਰਹਿਣਗੇ।