ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ 16 ਫਰਵਰੀ ਨੂੰ ਲਗਾਤਾਰ ਤੀਜੀ ਵਾਰ ਦੇਸ਼ ਦੀ ਰਾਜਧਾਨੀ ਦਿੱਲੀ ਦੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ। ਸਹੁੰ ਚੁੱਕ ਸਮਾਗਮ ਦਾ ਪ੍ਰਬੰਧ ਰਾਮਲੀਲਾ ਮੈਦਾਨ ਵਿੱਚ ਕੀਤਾ ਜਾਵੇਗਾ। ਸਾਲ 2015 ਵਿੱਚ ਵੀ ਅਰਵਿੰਦ ਕੇਜਰੀਵਾਲ ਨੇ ਰਾਮਲੀਲਾ ਮੈਦਾਨ ਵਿੱਚ ਹੀ ਸੀਐੱਮ ਅਹੁਦੇ ਲਈ ਸਹੁੰ ਚੁੱਕੀ ਸੀ।
ਇਸ ਤੋਂ ਪਹਿਲਾਂ ਅੱਜ ਸਵੇਰੇ ਅਰਵਿੰਦ ਕੇਜਰੀਵਾਲ ਦਿੱਲੀ ਦੇ ਉਪਰਾਜਪਾਲ ਅਨਿਲ ਬੈਜਲ ਨੂੰ ਮਿਲਣ ਪੁੱਜੇ। ਉਨ੍ਹਾਂ ਨੇ ਦਿੱਲੀ ਲੈਫਟਿਨੈਂਟ ਜਨਰਲ ਨਾਲ ਮਿਲ ਕੇ ਸਰਕਾਰ ਗਠਨ ਦਾ ਦਾਅਵਾ ਪੇਸ਼ ਕੀਤਾ ਨਾਲ ਹੀ ਸਹੁੰ ਚੁੱਕ ਦੀ ਤਰੀਕ ਦੀ ਜਾਣਕਾਰੀ ਦਿੱਤੀ।
ਸਵੇਰੇ ਹੋਈ ਵਿਧਾਇਕਾਂ ਦੀ ਬੈਠਕ ਇਸ ਤੋਂ ਪਹਿਲਾਂ ਬੁੱਧਵਾਰ ਦੀ ਸਵੇਰੇ ਆਪ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਆਪਣੇ ਘਰ ‘ਤੇ ਪਾਰਟੀ ਦੇ ਨਵੇਂ ਚੁਣੇ ਵਿਧਾਇਕਾਂ ਦੀ ਬੈਠਕ ਬੁਲਾਈ। ਪਾਰਟੀ ਦੇ ਉੱਚ ਆਗੂ ਗੋਪਾਲ ਰਾਏ ਨੇ ਇਸ ਸਬੰਧੀ ਜਾਣਕਾਰੀ ਦਿੱਤੀ।
ਇਸ ਬੈਠਕ ਵਿੱਚ ਕੇਜਰੀਵਾਲ ਦੇ ਸਹੁੰ ਚੁੱਕ ਨੂੰ ਲੈ ਕੇ ਗੱਲਬਾਤ ਹੋਈ ਕਈ ਵਿਧਾਇਕ ਜਿੱਥੇ 14 ਫਰਵਰੀ ਨੂੰ ਸਹੁੰ ਚੁੱਕ ਦੇ ਪੱਖ ਵਿੱਚ ਸਨ, ਉਥੇ ਹੀ ਕੁੱਝ ਲੋਕਾਂ ਦਾ ਕਹਿਣਾ ਸੀ ਕਿ 16 ਫਰਵਰੀ ਦੀ ਤਰੀਕ ਤੈਅ ਕੀਤੀ ਜਾਵੇ ਅੰਤ ਵਿੱਚ 16 ਫਰਵਰੀ ਉੱਤੇ ਸਹਿਮਤੀ ਬਣੀ।
ਤੁਹਾਨੂੰ ਦੱਸ ਦਈਏ ਕਿ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਨੇ ਦਿੱਲੀ ਵਿਧਾਨਸਭਾ ਚੋਣਾ ਵਿੱਚ ਵੱਡੀ ਬਹੁਮਤ ਨਾਲ ਸੱਤਾ ਵਿੱਚ ਵਾਪਸੀ ਕੀਤੀ ਹੈ। 70 ਮੈਂਬਰੀ ਵਿਧਾਨਸਭਾ ਵਿੱਚ AAP ਨੇ 62 ਸੀਟਾਂ ‘ਤੇ ਕਬਜਾ ਕਰ ਲਿਆ ਹੈ। ਉੱਥੇ ਹੀ , BJP ਨੂੰ ਅੱਠ ਸੀਟਾਂ ਮਿਲੀਆਂ ਹਨ ਜਦਕਿ ਕਾਂਗਰਸ ਦਾ ਲਗਾਤਾਰ ਦੂਜੀ ਵਾਰ ਖਾਤਾ ਨਹੀਂ ਖੁੱਲ੍ਹ ਸਕਿਆ।