Home / News / ਸੋਭਾ ਸਿੰਘ: ਨੇੜਿਓਂ ਦੇਖੇ ਚਿੱਤਰਕਾਰ

ਸੋਭਾ ਸਿੰਘ: ਨੇੜਿਓਂ ਦੇਖੇ ਚਿੱਤਰਕਾਰ

-ਹਰਬੀਰ ਸਿੰਘ ਭੰਵਰ

ਸੀਨੀਅਰ ਪੱਤਰਕਾਰ

ਕਿਸੇ ਵੀ ਮਹਾਨ ਵਿਅਕਤੀ ਦਾ ਸਾਡੇ ਜੀਵਨ ‘ਚ ਆਉਣਾ ਵੱਡੀ ਘਟਨਾ ਹੁੰਦਾ ਹੈ, ਕਿਉਂ ਜੋ ਉਸ ਮਹਾਨ ਸਖਸ਼ੀਅਤ ਦਾ ਪ੍ਰਭਾਵ ਸਾਡੇ ਜੀਵਨ ‘ਤੇ ਜ਼ਰੂਰ ਪੈਂਦਾ ਹੈ। ਅਕਸਰ ਇਹ ਮਹਾਨ ਵਿਅਕਤੀ ਸਾਡੇ ਅੰਦਰ ਛੁਪੀ ਪ੍ਰਤਿਭਾ ਨੂੰ ਪਛਾਣ ਕੇ ਸਾਡੀ ਰਹਿਨੁਮਾਈ ਕਰ ਕੇ ਸਾਨੂੰ ਅਪਣੀ ਮੰਜ਼ਲ ‘ਤੇ ਪਹੁੰਚਣ ਲਈ ਸਹਾਈ ਹੁੰਦੇ ਹਨ। ਸਾਨੂੰ ਜੀਵਨ ਦੀ ਸੇਧ ਦਿੰਦੇ ਹਨ। ਸਾਡਾ ਜੀਵਨ ਹੀ ਬਦਲ ਦਿੰਦੇ ਹਨ।

ਮੇਰੀ ਸ਼ਾਇਦ ਇਹ ਤਕਦੀਰ ਹੀ ਸੀ ਕਿ ਪ੍ਰਸਿੱਧ ਚਿੱਤਰਕਾਰ ਪਦਮਸ੍ਰੀ ਸ੍ਰ. ਸੋਭਾ ਸਿੰਘ ਦੇ ਸੰਪਰਕ ਵਿਚ ਆਇਆ। ਚੜ੍ਹਦੀ ਜਵਾਨੀ ਵਿਚ ਜਦੋਂ ਜ਼ਿਲਾ ਮੋਗਾ ਵਿਚ ਇਕ ਅਧਿਆਪਕ ਵਜੋਂ ਕਰੀਅਰ ਸ਼ਰੂ ਕੀਤਾ, ਚਿੱਤਰਕਾਰੀ ਦਾ ਸ਼ੌਕ ਸੀ। ਪੰਜਾਬੀ ਵਿਚ ਕਵਿਤਾ ਤੇ ਕਹਾਣੀ ਲਿਖਣ ਵਲ ਵੀ ਰੁਚੀ ਸੀ। ਮੇਰੇ ਬਣਾਏ ਕੁਝ ਡੀਜ਼ਾਈਨ ਪੰਜਾਬੀ ਪਰਚਿਆ ਅਤੇ ਦੋ ਪੁਸਤਕਾਂ ਦੇ ਟਾਈਟਲ ਵਜੋਂਂ ਛਪ ਚੁਕੇ ਸਨ, ਕਈ ਅਖ਼ਬਾਰਾਂ ਤੇ ਮੈਗਜ਼ੀਨਾਂ ਵਿਚ ਲੈਟਰਿੰਗ ਡੀਜ਼ਾਈਨ ਛਪ ਰਹੇ ਸਨ। ਉਹਨਾਂ ਦਿਨਾਂ ਵਿਚ ਮੋਗਾ ਤੇ ਬਰਨਾਲਾ ਦੀਆਂ ਸਾਹਿਤ ਸਭਾਵਾਂ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰ ਰਹੀਆਂ ਸਨ ਤੇ ਨਵੇਂ ਉਭਰ ਰਹੇ ਲੇਖਕਾਂ ਦੀ ਅਗਵਾਈ ਵੀ ਕਰ ਰਹੀਆਂ ਸਨ। ਮੈਂ ਦੋਨਾਂ ਥਾਵਾਂ ‘ਤੇ ਅਕਸਰ ਜਾਂਦਾ ਰਹਿੰਦਾ ਸੀ। ਪ੍ਰੀਤਮ ਬਰਾੜ ਪੱਤੋ ਤੇ ਜਰਨੈਲ ਸਿੰਘ ਸੇਖਾਂ ਵਰਗੇ ਸੁਹਿਰਦ ਸਾਹਿਤਕਾਰ ਦੋਸਤਾਂ ਨੇ ਸਲਾਹ ਦਿੱਤੀ ਕਿ ਕਿਸੇ ਉੁਸਤਾਦ ਚਿੱਤਰਕਾਰ ਪਾਸ ਰਹਿ ਕੇ ਸਿਖਿਆ ਲਵਾਂ, ਤਾਂ ਜੋ ਹੱਥ ਹੋਰ ਸਾਫ਼ ਹੋ ਜਾਏ ਤੇ ਡਰਾਇੰਗ ਵਿਚ ਹੋਰ ਨਿਖਾਰ ਤੇ ਨਿਪੁੰਨਤਾ ਆ ਜਾਏ। ਮੈਂ ਉਸ ਵੇਲੇ ਦੇ ਚਾਰ ਪ੍ਰਮੁੱਖ ਚਿੱਤਰਕਾਰਾਂ ਨੂੰ ਪੱਤਰ ਲਿਖੇ ਕਿ ਮੈਨੂੰ ਚਿੱਤਰਕਾਰੀ ਦਾ ਸ਼ੋਕ ਹੈ, ਤੁਹਾਡੀ ਰਹਿਨੁਮਾਈ ਚਾਹੂੰਦਾ ਹਾਂ,ਜੋ ਫੀਸ ਆਦਿ ਕਹੋਗੇ ਦੇ ਦਿਆਂਗਾ। ਇਨ੍ਹਾਂ ‘ਚੋਂ ਸਿਰਫ ਸਰਦਾਰ ਸੋਭਾ ਸਿੰਘ ਦਾ ਜਵਾਬ ਆਇਆ, ਇਕ ਪੋਸਟ ਕਾਰਡ ‘ਤੇ ਇਹ ਲਿਖਿਆ ਸੀ, “ਤੁਹਾਡਾ ਖ਼ਤ ਮਿਲਿਆ। ਮੈਂ ਇਕ ਮਜ਼ਦੂਰ ਆਦਮੀ ਹਾਂ, ਉਸਤਾਦ ਨਹੀਂ, ਤੁਸੀ ਮੈਨੂੰ ਕੰਮ ਕਰਦਿਆ ਦੇਖ ਸਕਦੇ ਹੋ, ਚਿੱਤਰਕਾਰੀ ਬਾਰੇ ਜੋ ਵੀ ਜਾਣਕਾਰੀ ਮੈਂ ਦੇ ਸਕਦਾ ਹਾਂ, ਜ਼ਰੂਰ ਦਿਆਂਗਾ। ਰਿਹਾਇਸ਼ ਆਦਿ ਦਾ ਪ੍ਰਬੰਧ ਤੁਹਾਨੂੰ ਖੁਦ ਕਰਨਾ ਹੋਏਗਾ।” ਚਿੱਠੀ ਪੜ੍ਹ ਕੇ ਮੇਰੀ ਖੁਸ਼ੀ ਦੀ ਕੋਈ ਹੱਦ ਨਾ ਰਹੀ। ਮੈਂ ਝੱਟ ਹੀ ਪੱਤਰ ਲਿਖਿਆ ਕਿ ਜੁਲਾਈ ਅਗਸਤ ਦੇ ਮਹੀਨੇ ਮੈਨੂੰ ਗਰਮੀਆਂ ਦੀਆਂ ਛੁੱਟੀਆਂ ਹੋਣੀਆਂ ਹਨ, ਉਦੋਂ ਮੈਂ ਅੰਦਰੇਟੇ ਆਵਾਂਗਾ। ਮੇਰੀ ਰਿਹਾਇਸ਼ ਦਾ ਕੇਵਲ ਦੋ ਦਿਨ ਦਾ ਪ੍ਰਬੰਧ ਕਰ ਦਿਓ ,ਫਿਰ ਮੈਂ ਆ ਕੇ ਆਪੇ ਕਰ ਲਵਾਂਗਾ।

 

ਛੁੱਟੀਆਂ ਮਿਲਣ ਤੋਂ ਅਗਲੇ ਹੀ ਦਿਨ ਮੈਂ ਅੰਦਰੇਟੇ ਲਈ ਚਲ ਪਿਆ ਤੇ ਪਠਾਨਕੋਟ ਤੋਂ ਅੱਧੀ ਕੁ ਰਾਤ ਨੂੰ ਚੱਲਣ ਵਾਲੀ ਗੱਡੀ ਲੈ ਕੇ ਅਗਲੀ ਸਵੇਰ 9.30 ਵਜੇ ਦੇ ਕਰੀਬ ਪੰਚਰੁਖੀ ਸਟੇਸ਼ਨ ‘ਤੇ ਉਤਰ ਕੇ ਉੇਥੇ ਪੁੱਜਾ। ਇਹ ਜੁਲਾਈ 1960 ਦੇ ਪਹਿਲੇ ਹਫਤੇ ਦੀ ਗੱਲ ਹੈ। ਪਹਾੜੀ ਇਲਾਕਾ ਮੈਂ ਅਪਣੀ ਜ਼ਿੰਦਗੀ ਵਿਚ ਪਹਿਲੀ ਵਾਰੀ ਦੇਖਿਆ ਸੀ ਤੇ ਪਹਿਲੀ ਵਾਰੀ ਹੀ ਛੋਟੀ ਲਾਈਨ ਵਾਲੀ ਗੱਡੀ ਵਿਚ ਸਫ਼ਰ ਕੀਤਾ ਸੀ ਜੋ ਸੱਪ ਵਾਂਗੂ ਵਲ ਖਾਂਦੀ ਲਾਈਨ ‘ਤੇ ਪਹਾੜਾਂ ਨੂੰ ਚੀਰਦੀ ਹੋਈ ਤੇ ਨਦੀਆਂ ਨਾਲਿਆਂ ਨੂੰ ਪਾਰ ਕਰਦੀ ਹੋਈ ਬੜੀ ਹੀ ਮਨਮੋਹਕ ਲਗ ਰਹੀ ਸੀ। ਇਸ ਸਫ਼ਰ ਨੇ ਹੀ ਮੈਨੂੰ ਦੀਵਾਨਾ ਕਰ ਦਿੱਤਾ ਸੀ। ਅੰਦਰੇਟੇ ਪਹੁੰਚ ਕੇ ਜਦੋਂ ਟੈਗੋਰ ਵਰਗੀ ਸ਼ਖਸੀਅਤ ਵਾਲੇ ਇਸ ਮਹਾਨ ਚਿੱਤਰਕਾਰ ਦੇ ਦਰਸ਼ਨ ਕੀਤੇ ਤਾਂ ਹੋਰ ਵੀ ਅਸਰ ਹੋਇਆ। ਉਹਨਾਂ ਦਿਨਾਂ ਵਿਚ ਦੋ ਹੋਰ ਸ਼ਾਗਿਰਦ-ਗੁਰਦਾਸਪੁਰ ਤੋਂ ਚਰਨਜੀਤ ਤੇ ਅਲੀਗੜ੍ਹ ਤੋਂ ਦਲਜੀਤ ਸਿੰਘ (ਹੁਣ ਲੁਧਿਆਣਾ) ਕੰਮ ਸਿਖ ਰਹੇ ਸਨ। ਉਹ ਦੋਵੇ ਪੰਜਾਬੀ ਨਾਟਕ ਦੀ ਨੱਕੜਦਾਦੀ ਮਿਸਿਜ਼ ਨੋਰਾ ਰਿਚਰਡਜ਼ ਦੇ ਗਵਾਂਢ ਵਿਚ ਬਟਾਲਾ ਨਿਵਾਸੀ ਇੰਜਨੀਅਰ ਬਸੰਤ ਸਿੰਘ ਦੀ ਕੋਠੀ ਕਿਰਾਏ ‘ਤੇ ਲੈ ਕੇ ਰਹਿ ਰਹੇ ਸਨ। ਮੇਰੇ ਰਹਿਣ ਦਾ ਪ੍ਰਬੰਧ ਉਨ੍ਹਾਂ ਨਾਲ ਕੀਤਾ ਗਿਆ ਸੀ। ਇਹਨਾਂ ਦੋ ਮਹੀਨਿਆ ਦੌਰਾਨ ਉਹਨਾਂ ਮੈਨੂੰ ਡਰਾਇੰਗ ਦੇ ਮੁੱਢਲੇ ਸਬਕ ਦਿੱਤੇ। ਜਦੋਂ ਉਹਨਾਂ ਕੋਲ ਵਿਹਲ ਹੁੰਦੀ, ਉਨ੍ਹਾਂ ਦੀਆਂ ਫਿਲਾਸਫ਼ੀ ਭਰੀਆਂ ਗੱਲਾਂ ਸੁਣਦੇ। ਉਹ ਸਾਹਿਤ ਪੜ੍ਹਦੇ ਬਹੁਤ ਸਨ, ਵਿਸ਼ੇਸ ਕਰ ਅੰਗਰੇਜ਼ੀ ਵਿਚ ਫਿਲਾਸਫੀ ਦੀਆਂ ਪੁਸਤਕਾਂ, ਸੋ ਬਹੁਤੀਆਂ ਗੱਲਾਂ ਫਿਲਾਸਫੀ ਤੇ ਜ਼ਿੰਦਗੀ ਦੇ ਅਪਣੇ ਤਜ਼ਰਬੇ ਬਾਰੇ ਕਰਦੇ। ਉਹਨਾਂ ਮੈਨੂੰ ਖਲੀਲ ਜਿਬਰਾਨ, ਥੋਰੋ, ਜੇ. ਕ੍ਰਿਸ਼ਨਾਮੂਰਤੀ, ਵਾਲਟ ਵਿਟਮੈਨ, ਆਲਿਵ ਸ਼੍ਰੀਨਰ ਦੀਆਂ ਪੁਸਤਕਾਂ ਪੜ੍ਹਣ ਦੀ ਸਲਾਹ ਦਿੱਤੀ,ਤੇ ਮੈਂ ਇਨ੍ਹਾਂ ਲੇਖਕਾਂ ਦੀਆਂ ਕਈ ਪੁਸਤਕਾਂ ਪੜ੍ਹੀਆ ਵੀ, ਖਲੀਲ ਜਿਬਰਾਨ ਦੀਆਂ ਅਨੇਕਾਂ ਲਿਖਤਾਂ ਪੰਜਾਬੀ ਵਿਚ ਅਨੁਵਾਦ ਵੀ ਕੀਤੀਆਂ, ਸ਼ਾਇਦ ਸਭ ਤੋਂ ਪਹਿਲਾ ਮੈਂ ਹੀ ਕੀਤੀਆ,ਜੋ ਕਈ ਅਖ਼ਬਾਰਾਂ ਤੇ ਰਿਸਾਲਿਆਂ ਵਿਚ ਛਪਦੀਆਂ ਰਹੀਆਂ।

ਅੰਦਰੇਟੇ ਤੋਂ ਮੁੜਣ ਸਮੇਂ ਉਹ ਮੈਨੂੰ ਕਾਫੀ ਦੂਰ ਤਕ ਛੱਡਣ ਆਏ ਤੇ ਗਲਵੱਕੜੀ ਪਾ ਕੇ ਵਿਦਾ ਕੀਤਾ। ਸਾਡਾ ਖ਼ਤ ਪੱਤਰ ਚਲਦਾ ਰਿਹਾ। ਜਦੋਂ ਉਹ ਕਦੀ ਜਲੰਧਰ, ਪਟਿਆਲਾ, ਫਰੀਦਕੋਟ ਜਾਂ ਹੁਸ਼ਿਆਰਪੁਰ ਅਪਣੇ ਦੋਸਤ ਮਿੱਤਰਾਂ ਪਾਸ ਆਉਂਦੇ ਤਾਂ ਮੈਨੂੰ ਪਹਿਲਾਂ ਪੱਤਰ ਲਿਖ ਦਿੰਦੇ, ਮੈਂ ਉਥੇ ਜਾ ਕੇ ਮਿਲ ਆਉਂਦਾ। ਜ਼ਿਲਾ ਕਾਂਗੜਾ ਉਸ ਸਮੇਂ ਪੰਜਾਬ ਦਾ ਹੀ ਹਿੱਸਾ ਸੀ, ਅਪਰੈਲ 1963 ਦੇ ਪਹਿਲੇ ਹਫ਼ਤੇ ਮੈਂ ਅਪਣੀ ਬਦਲੀ ਗੌਰਮਿੰਟ ਹਾਈ ਸਕੂਲ ਪਪਰੋਲ਼ਾ ਦੀ ਕਰਵਾ ਲਈ, ਰਿਹਾਇਸ਼ ਅੰਦਰੇਟੇ ਉਹਨਾਂ ਦੇ ਗਵਾਂਢ ਪੰਡਤ ਮੰਗਤ ਰਾਮ ਦੇ ਨਵੇਂ ਬਣੇ ਘਰ ਰੱਖੀ, ਅਗਲੇ ਵਰ੍ਹੇ ਜਦੋਂ ਉਹ ਅੰਦਰੇਟੇ ਆ ਗਏ ਤਾਂ ਪਿੰਡ ਵਿਚ ਇਕ ਮਕਾਨ ਕਿਰਾਏ ‘ਤੇ ਲੈ ਲਿਆ। ਜਦੋਂ ਬਦਲੀ ਕਰਵਾ ਕੇ ਗਿਆ, ਉਹਨਾਂ ਮੈਨੂੰ ‘ਜੀ ਆਇਆਂ’ ਆਖਦਿਆਂ ਕਿਹਾ, ”ਵੈਸੇ ਮੈਂ ਨਹੀ ਚਾਹੁੰਦਾ ਕੋਈ ਸਨੇਹੀ ਮੇਰੇ ਨੇੜੇ ਰਹੇ। ਇਕ ਕਹਾਵਤ ਹੈ ਭਾਵ ਦੂਰ ਦੇ ਢੋਲ ਹੀ ਸੁਹਾਵਣੇ ਹੁੰਦੇ ਹਨ। ਨੇੜੇ ਰਹਿ ਕੇ ਕਈ ਵਾਰੀ ਇਕ ਦੂਜੇ ਦੀਆਂ ਕਮਜ਼ੋਰੀਆਂ ਜਾਣ ਜਾਂਦਾ ਹੈ ਜਿਸ ਕਾਰਨ ਕਈ ਵਾਰੀ ਆਪਸੀ ਸਬੰਧ ਵਿਗੜ ਜਾਂਦੇ ਹਨ।” ਉਹਨਾਂ ਦੀ ਇਹ ਗੱਲ ਬਿਲਕੁਲ ਠੀਕ ਸੀ। ਅਸੀਂ ਇਕ ਦੂਜੇ ਦੇ ਇਤਨੇ ਨੇੜੇ ਆਏ ਕਿ ਦੋ ਪਰਿਵਾਰ ਇਕ ਪਰਿਵਾਰ ਬਣ ਗਿਆ, ਤੇ ਫਿਰ ਸਮੇਂ ਦੇ ਬੀਤਣ ਨਾਲ ਮਤਭੇਦ ਪੈਦਾ ਹੋਏ ਤੇ ਵਧਣ ਲਗੇ, ਇਥੋਂ ਤਕ ਕਿ ਅਸੀਂ ਇਕ ਦੂਜੇ ਤੋਂ ਬਹੁਤ ਦੂਰ ਚਲੇ ਗਏ, ਅੰਦਰੇਟੇ ਨੂੰ ਅਲਵਿਦਾ ਆਖ ਮੈਂ ਅੰਮ੍ਰਿਤਸਰ ਆ ਗਿਆ। ਇਹ ਸਾਡੇ ਘਰ ਦਾ ਅੰਦਰੂਨੀ ਮਸਲਾ ਹੈ, ਇਸ ਬਾਰੇ ਹੋਰ ਕੁਝ ਨਹੀਂ ਕਿਹਾ ਜਾ ਸਕਦਾ।

ਅੰਦਰੇਟੇ ਰਹਿ ਕੇ ਵੀ ਮੈਂ ਚਿੱਤਰਕਾਰ ਨਾ ਬਣ ਸਕਿਆ। ਮੇਰਾ ਸਕੂਲ ਘਰ ਤੋਂ ਛੇ ਕਿਲੋਮੀਟਰ ਦੂਰ ਸੀ, ਸਾਰਾ ਪਹਾੜੀ ਇਲਾਕਾ ਅਤੇ ਰਸਤੇ ਵਿਚ ਤਿੰਨ ਵੱਡੀਆ ਨਦੀਆਂ ਸਨ, ਜਿਨ੍ਹਾ ਨੂੰ ਬਰਸਾਤ ਦੇ ਦਿਨਾਂ ਵਿਚ ਪਾਰ ਕਰਨਾ ਬੜਾ ਮੁਸ਼ਕਲ ਹੁੰਦਾ ਸੀ। ਪੈਦਲ ਹੀ ਆਉਣਾ ਜਾਣਾ ਪੈਂਦਾ ਸੀ। ਸ਼ਾਮ ਨੂੰ ਥਕ ਹਾਰ ਕੇ ਘਰ ਆਉਣਾ ਤੇ ਫਿਰ ਅਪਣੀ ਕਬੀਲਦਾਰੀ ਦੇ ਕੰਮਾਂ ਵਿਚ ਰੁਝ ਜਾਣਾ। ਮੇਰੀ ਨਿਯੁਕਤੀ ਪੰਜਾਬੀ ਟੀਚਰ ਵਜੋਂ ਹੋਈ ਸੀ। ਅਕਾਲੀਆਂ ਦੀ ਮਿਹਰਬਾਨੀ ਸਦਕਾ ਕਾਂਗੜਾ ਮਸਾਂ ਪਹਾੜੀ ਇਲਾਕੇ ਨਵੰਬਰ 1966 ਨੂੰ ਹਿਮਾਚਲ ਵਿੱਚ ਚਲੇ ਗਏ। ਸੋ, ਹਿਮਾਚਲ ਸਰਕਾਰ ਨੇ ਪਹਿਲੀ ਅਪਰੈਲ 1967 ਤੋਂ ਸਕੂਲਾਂ ਵਿਚ ਪੰਜਾਬੀ ਹਟਾ ਕੇ ਉਰਦੂ ਭਾਸ਼ਾ ਪੜ੍ਹਾਉਣਾ ਸ਼ੁਰੂ ਕਰ ਦਿੱਤਾ। ਮੇਰੀਆਂ ਸੇਵਾਵਾਂ ਪੰਜਾਬ ਨੂੰ ਐਲੋਕੇਟ ਹੋ ਗਈਆਂ। ਪਰਿਵਾਰ ਹਿਮਾਚਲ ਵਿਚ ਸੀ, ਮੈਂ ਨੌਕਰੀ ਛੱਡ ਦਿੱਤੀ। ਵੈਸੇ ਵੀ ਉਸਤਾਦ ਚਿਤ੍ਰਕਾਰ ਨੇ ਮੈਨੂੰ ਇਕ ਵਾਰੀ ਸਲਾਹ ਦਿੱਤੀ ਕਿ ਮੈਂ ਦੋ ਬੇੜੀਆਂ ਵਿਚ ਪੈਰ ਨਾ ਰੱਖਾਂ, ਦੋ ਬੇੜੀਆਂ ਵਿਚ ਪੈਰ ਰੱਖਣ ਵਾਲਾ ਡੁੱਬ ਜਾਂਦਾ ਹੈ। ਚਿੱਤਰਕਾਰੀ ਵੱਲ ਸਾਰਾ ਧਿਆਨ ਦਿਆਂ ਜਾਂ ਲਿਖਣ ਵੱਲ, ਜੋ ਵੀ ਕਰਾਂ ਉਸ ਵਿਚ ਆਪਣੀ ਰੂਹ ਫੂਕ ਦਿਆਂ। ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਐਮ.ਏ. (ਪੰਜਾਬੀ) ਅਤੇ ਜਰਨਲਿਜ਼ਮ ਦਾ ਇਕ-ਸਾਲਾ ਪੋਸਟ-ਗ੍ਰੈਜੂਏਟ ਕੋਰਸ ਕਰ ਕੇ ਪੱਤਰਕਾਰੀ ਖੇਤਰ ਵਿਚ ਆ ਗਿਆ।

ਉਹਨਾਂ ਨਾਲ ਸੰਪਰਕ ਵਿਚ ਆ ਕੇ ਮੈਨੂੰ ਲਗਪਗ 21-22 ਸਾਲ ਉਹਨਾਂ ਨੂੰ ਨੇੜਿਓਂ ਦੇਖਣ ਦਾ ਮੌਕਾ ਮਿਲਿਆ। ਉਹ ਵਾਕਈ ਇਕ ਮਹਾਨ ਤੇ ਬਹੁ-ਪੱਖੀ ਸ਼ਖਸ਼ੀਅਤ ਵਾਲੇ ਚਿੱਤਰਕਾਰ ਸਨ। ਆਮ ਲੋਕ ਉਨ੍ਹਾਂ ਨੂੰ ਇਕ ਚਿੱਤਰਕਾਰ ਵਜੋਂ ਹੀ ਜਾਣਦੇ ਹਨ। ਗੁਰੂ-ਘਰ ਦੇ ਪ੍ਰੇਮੀ ਉਨ੍ਹਾਂ ਵਲੋਂ ਚਿੱਤਰੀਆਂ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਨੂੰ ਮੁੱਖ ਰੱਖ ਕੇ ਉਨ੍ਹਾਂ ਨੂੰ ਸ਼ਰਧਾ ਨਾਲ ਯਾਦ ਕਰਦੇ ਹਨ, ਕਲਾ-ਪ੍ਰੇਮੀ ‘ਸੋਹਣੀ-ਮਹੀਂਵਾਲ’ ਦੇ ਸ਼ਾਹਕਾਰ ਕਾਰਨ ਉਨ੍ਹਾਂ ਨੂੰ ਇਕ ਮਹਾਨ ਕਲਾਕਾਰ ਸਮਝਦੇ ਹਨ। ਇਹ ਤਸਵੀਰ ਬਹੁਤ ਹੀ ਪ੍ਰਸਿੱਧ ਹੋਈ ਹੈ ਅਤੇ ਦੇਸ਼ ਵਿਦੇਸ਼ ਵਿਚ ਆਮ ਪੰਜਾਬੀ ਘਰਾਂ ਵਿਸ਼ੇਸ਼ ਕਰ ਕੇ ਕਲਾ-ਪ੍ਰੇਮੀਆਂ ਦੇ ਘਰ ਦੇਖੀ ਜਾ ਸਕਦੀ ਹੈ। ਕਈ ਕਲਾ-ਆਲੋਚਕ ਇਸ ਨੂੰ ਉਨ੍ਹਾਂ ਦਾ “ਮਾਸਟਰ-ਪੀਸ” ਗਰਦਾਨਦੇ ਹਨ। ਕਲਾ-ਆਲੋਚਕਾਂ ਅਨੁਸਾਰ ਇਹ ਇਕੋ ਤਸਵੀਰ ਉਨ੍ਹਾਂ ਨੂੰ ਕਲਾ-ਜਗਤ ਵਿੱਚ ਇਕ ਮਹਾਨ ਕਲਾਕਾਰ ਵਜੋਂ ਅਮਰ ਰੱਖਣ ਲਈ ਕਾਫ਼ੀ ਹੈ। ਉਨ੍ਹਾਂ ਦੇ ਇਕ ਦੋਸਤ ਮਰਹੂਮ ਡਾ.ਕਰਮ ਸਿੰਘ ਗਰੇਵਾਲ ਕਿਹਾ ਕਰਦੇ ਸਨ, “ਕੌਣ ਕਹਿੰਦਾ ਹੈ ਕਿ ਸੋਹਣੀ ਮਹੀਵਾਲ ਦੀ ਹੈ, ਸੋਹਣੀ ਤਾਂ ਮੇਰੇ ਯਾਰ ਦੀ ਹੈ।”

ਜੀ ਹਾਂ, ਉਹ ਵਾਕਈ ਮਹਾਨ ਚਿੱਤਰਕਾਰ ਸਨ। ਚਿੱਤਰਕਾਰੀ ਉਨ੍ਹਾਂ ਦਾ ਪੇਸ਼ਾ ਨਹੀ, ਧਰਮ ਸੀ, ਇਬਾਦਤ ਸੀ, ਜ਼ਿੰਦਗੀ ਸੀ। ਕੋਈ ਵੀ ਚਿੱਤਰ ਪੇਂਟ ਕਰਨ ਤੋਂ ਪਹਿਲਾਂ ਸਬੰਧਤ ਵਿਸ਼ੇ ਜਾਂ ਸਖ਼ਸ਼ੀਅਤ ਬਾਰੇ ਵੱਧ ਤੋਂ ਵੱਧ ਅਧਿਐਨ ਕਰਦੇ ਤੇ ਜਾਣਕਾਰੀ ਪ੍ਰਾਪਤ ਕਰਦੇ, ਤੇ ਜਦੋਂ ਕੰਮ ਕਰਨ ਬੈਠ ਜਾਂਦੇ ਤਾਂ ਪੂਰੀ ਲਗਨ, ਸਾਧਨਾ ਤੇ ਦਿਲ ਦਿਮਾਗ਼ ਨਾਲ ਉਸ ਵਿਚ ਗੁਆਚ ਜਾਂਦੇ। ਕਈ ਕਈ ਘੰਟੇ ਲਗਾਤਾਰ ਉਸ ਉਤੇ ਕੰਮ ਕਰਦੇ ਰਹਿੰਦੇ ਸਨ। ਇਸੇ ਲਈ ਉਹਨਾਂ ਦੇ ਬਣਾਏ ਚਿੱਤਰਾਂ ਵਿਚ ਇਤਨੀ ਜਾਨ ਹੈ, ਜਿਵੇਂ ਹੁਣੇ ਮੂੰਹੋਂ ਬੋਲ ਪੈਣਗੇ। ਅੰਦਰੇਟਾ ਵਿਖੇ ਉਹਨਾਂ ਦੀ ਆਰਟ-ਗੈਲਰੀ ਵਿਚ ਸਸ਼ੋਭਿਤ ਚਿੱਤਰ ਦੇਖ ਕੇ ਇਕ ਆਮ ਪੇਂਡੂ ਪਹਾੜਣ ਆਪ-ਮੁਹਾਰੇ ਕਹਿ ਉਠੀ, “ਅਪਣੀ ਜ਼ਿੰਦ ਕੱਢ ਕੱਢ ਕੇ ਇਨ੍ਹਾਂ ਤਸਵੀਰਾਂ ਵਿਚ ਪਾਈ ਜਾਂਦੇ ਹਨ।” ਹਰ ਚਿੱਤਰ ਉਤੇ ਕਈ ਕਈ ਹਫ਼ਤੇ, ਕਈ ਵਾਰੀ ਮਹੀਨੇ ਕੰਮ ਕਰਦੇ ਰਹਿੰਦੇ ਸਨ। ਉਹਨਾਂ ਦੇ ਰੂਹਾਨੀ ਬੁਰਸ਼ ਤੋਂ ਬਣੇ ਗੁਰੂ ਸਾਹਿਬਾਨ ਦੇ ਚਿੱਤਰ ਪ੍ਰਮਾਣਿਕ ਚਿੱਤਰ ਬਣ ਚੁੱਕੇ ਹਨ, ਹੁਣ ਲਗਪਗ ਹਰ ਚਿੱਤਰਕਾਰ ਇਨ੍ਹਾਂ ਚਿੱਤਰਾਂ ਨੂੰ ਮੁੱਖ ਰੱਖ ਕੇ ਹੀ ਗੁਰੂ ਸਾਹਿਬ ਦੇ ਚਿੱਤਰ ਬਣਾਉਂਦਾ ਹੈ। ਉਹਨਾਂ ਦੇ ਬਣੇ ਗੁਰੂ ਸਾਹਿਬਾਨ ਦੇ ਚਿੱਤਰ ਆਮ ਪੰਜਾਬੀ ਘਰਾਂ ਵਿਚ ਦੇਖੇ ਜਾ ਸਕਦੇ ਹਨ। ਮੈਨੂੰ ਚਾਰ ਮਹੀਨੇ ਲਈ ਕੈਨੇਡਾ ਜਾਣ ਦਾ ਮੌਕਾ ਮਿਲਿਆ, ਜਿਸ ਪੰਜਾਬੀ ਘਰ ਵੀ ਗਿਆ, ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਇਹਨਾਂ ਦੇ ਬਣੇ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਚਿੱਤਰ ਵੇਖੇ।

ਉਹ ਕਿਹਾ ਕਰਦੇ ਸਨ, “ਕਲਾ ਕਲਾ ਲਈ ਜਾਂ ਜੀਵਨ ਕਲਾ ਲਈ ਨਹੀਂਂ, ਸਗੋਂ ਕਲਾ ਜੀਵਨ ਲਈ ਹੋਣੀ ਚਾਹੀਦੀ ਹੈ।” ਇਸ ਦੀ ਮਿਸਾਲ ਉਹ ਇਸ ਤਰ੍ਹਾਂ ਦਿਆ ਕਰਦੇ ਸਨ, “ਕਲਾ ਲਈ ਕਲਾ ਮੇਰੀਆਂ ਨਜ਼ਰਾਂ ਵਿਚ ਕੋਈ ਮਹੱਤਵ ਨਹੀਂ ਰਖਦੀ। ਇਹ ਤਾਂ ਇਵੇਂ ਹੀ ਹੈ ਕਿ ਕੋਈ ਪਹਿਲਵਾਨ ਕੇਵਲ ਅਖਾੜੇ ਵਿਚ ਢੋਲ ਦੀ ਆਵਾਜ਼ ‘ਤੇ ਹੀ ਘੁਲ੍ਹ ਸਕਦਾ ਹੈ, ਲੜ ਸਕਦਾ ਹੈ, ਪਰ ਕਿਸੇ ਮਜ਼ਲੂਮ ਉਤੇ ਬਿਪਤਾ ਪੈਣ ਜਾਂ ਧੀ ਭੈਣ ਦੀ ਇਜ਼ਤ ‘ਤੇ ਹਮਲਾ ਹੋਣ ਵੇਲੇ ਕੰਮ ਨਹੀਂ ਆ ਸਕਦਾ, ਸਗੋਂ ਕਈ ਵਾਰੀ ਖੁਦ ਵੀ ਕੋਈ ਧੱਕਾ ਜਾਂ ਜ਼ੁਲਮ ਕਰ ਦਿੰਦਾ ਹੈ।” ਅਪਣੀ ਜ਼ਿੰਦਗੀ ਵਿਚ ਉਹਨਾਂ ਕਲਾ ਨੂੰ ਪੂਰੀ ਤਰ੍ਹਾਂ ਜੀਵਿਆ ਤੇ ਮਾਣਿਆ। ਉਹਨਾਂ ਦਾ ਘਰ, ਸਸਟੂਡੀਓ, ਆਰਟ-ਗੈਲਰੀ ਹਰ ਚੀਜ਼ ਇਸ ਦੀ ਗਵਾਹ ਹੈ। ਬਗ਼ੀਚੇ ਵਿਚ ਲਗੇ ਹੋਏ ਫੁਲ ਬੂਟੇ ਵੀ ਇਕੋ ਜਿਹੇ ਫਾਸਲੇ ਤੇ ਕਿਸੇ ਖਾਸ ਡੀਜ਼ਾਈਨ ਵਿਚ ਲਗੇ ਹੁੰਦੇ ਸਨ। ਉਹ ਕਿਹਾ ਕਰਦੇ ਸਨ ਕਿ ਜੇਕਰ ਰਸੋਈ ਵਿਚ ਮਾਂਜਣ ਵਾਲੇ ਜੂਠੇ ਭਾਂਡੇ ਪਏ ਹਨ, ਉਹ ਵੀ ਕਿਸੇ ਤਰਤੀਬ ਵਿਚ ਰਖੇ ਜਾਣ। ਇਕ ਵਾਰੀ ਮਿੱਟੀ ਦਾ ਇਕ ਕੁੱਜਾ ਥੋੜ੍ਹਾ ਜਿਹਾ ਟੁੱਟ ਗਿਆ। ਉਨ੍ਹਾਂ ਉਸ ਵਿਚ ਕੈਕਟਸ ਦਾ ਬੂਟਾ ਲਗਵਾ ਕੇ ਇਕ ਖਾਸ ਅੰਦਾਜ਼ ਵਿਚ ਰਖਵਾ ਦਿੱਤਾ , ਜਿਸ ਨੂੰ ਦੇਖ ਕੇ ਉਨ੍ਹਾਂ ਦੇ ਦੋਸਤ ਡਾ.ਕਰਮ ਸਿੰਘ ਗਰੇਵਾਲ ਕਹਿਣ ਲੱਗੇ, “ਆਰਟਿਸਟਾਂ ਦੇ ਘਰ ਕੁੱਜੇ ਵੀ ਆਰਟਿਸਟੀਕਲੀ ਟੁੱਟਦੇ ਹਨ।”

ਬਹੁਤ ਘੱਟ ਲੋਕਾਂ ਨੂੰ ਪਤਾ ਹੋਏਗਾ ਕਿ ਉਹ ਇਕ ਬਹੁਤ ਵੱਧੀਆ ਬੁੱਤ–ਤਰਾਸ਼ ਵੀ ਸਨ। ਅਪਣੇ ਮਿੱਤਰ ਪ੍ਰਿਥਵੀ ਰਾਜ ਕਪੂਰ, ਡਾ.ਐਮ.ਐਸ. ਰੰਧਾਵਾ, ਅੰਮ੍ਰਿਤਾ ਪ੍ਰੀਤਮ ਤੇ ਹੋਰਨਾ ਕਈ ਸ਼ਖਸੀਅਤਾਂ ਦੇ ਬੁੱਤ ਤਰਾਸ਼ੇ। ਡਾ ਰੰਧਾਵਾ ਦਾ ਬੁੱਤ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਲਾਇਬਰੇਰੀ ਵਿਚ ਤੇ ਸ੍ਰੀ ਕਪੂਰ ਦਾ ਬੁੱਤ ਅੰਦਰੇਟੇ ਆਰਟ ਗੈਲਰੀ ਦੇ ਬਾਹਰ ਦੀਵਾਰ ‘ਤੇ ਲਗਾ ਹੋਇਆ ਦੇਖਿਆ ਜਾ ਸਕਦਾ ਹੈ। ਲਾਹੌਰ ਵਿਖੇ ਉਨ੍ਹਾਂ ਫਿਲਮ ‘ਬੁੱਤ-ਤਰਾਸ਼’ ਦੀ ਆਰਟ-ਡਾਇਰੈਕਸ਼ਨ ਦਿਤੀ ਸੀ, ਇਸ ਫਿਲਮ ਵਿਚ ਦਿਖਾਏ ਗਏ ਸਾਰੇ ਬੁੱਤ ਉਨ੍ਹਾਂ ਖੁਦ ਤਰਾਸ਼ੇ ਸਨ।

ਉਹਨਾਂ ਦੀ ਸਾਹਿਤ ਵਿਚ ਬਹੁਤ ਰੁਚੀ ਸੀ। ਅਪਣੇ ਸਮਕਾਲੀ ਸਾਰੇ ਪੰਜਾਬੀ ਲੇਖਕਾਂ ਨੂੰ ਪੜ੍ਹਣ ਤੋਂ ਬਿਨਾ ਅੰਗਰੇਜੀ ਦੇ ਕਈ ਪ੍ਰਮੁੱਖ ਲੇਖਕਾਂ ਨੂੰ ਅਕਸਰ ਪੜ੍ਹਦੇ ਰਹਿੰਦੇ ਸਨ। ਅਪਣੇ ਸਨੇਹੀਆਂ ਨੂੰ ਚੰਗੀਆਂ ਪੁਸਤਕਾਂ ਪੜ੍ਹਣ ਦੀ ਸਿਫ਼ਾਰਿਸ਼ ਕਰਦੇ, ਕਈ ਵਾਰੀ ਖੁਦ ਚੰਗੀ ਪੁਸਤਕ ਖਰੀਦ ਕੇ ਸਨੇਹੀਆਂ ਨੂੰ ਤੋਹਫ਼ੇ ਵਜੋਂ ਭੇਟ ਵੀ ਕਰਦੇ। ਉਨ੍ਹਾਂ ਨੂੰ ਲਿਖਣ ਦਾ ਵੀ ਸ਼ੌਕ ਸੀ। ਕਲਾ ਬਾਰੇ ਅਨੇਕਾਂ ਲੇਖ ਲਿਖੇ ਤੇ ਅਪਣੇ ਸਮਕਾਲੀ ਪੰਜਾਬੀ ਲੇਖਕਾਂ ਦੇ ਕਲਮੀ ਚਿਹਰੇ ਵੀ ਲਿਖੇ, ਜੋ ਉਨ੍ਹਾਂ ਦੀ ਪੁਸਤਕ “ਕਲਾ ਵਾਹਿਗੁਰੂ ਜੀ ਕੀ” ਵਿਚ ਦੇਖੇ ਜਾ ਸਕਦੇ ਹਨ।

ਪ੍ਰਾਹੁਣੇ ਸਾਡੇ ਘਰ ਬਹੁਤ ਆਉਂਦੇ ਸਨ। ਆਰਟ ਗੈਲਰੀ ਦੇਖਣ ਵਾਲੇ ਵੀ ਬੜੇ ਲੋਕ ਆਏ ਰਹਿੰਦੇ ਸਨ। ਉਨ੍ਹਾਂ ਦੇ ਕੰਮ ਵਿਚ ਵਿੱਘਨ ਪੈਂਦਾ, ਸਾਡੀ ਪ੍ਰਾਈਵੇਟ ਜ਼ਿੰਦਗੀ ਵਿਚ ਦਖਲਅੰਦਾਜ਼ੀ ਹੁੰਦੀ। ਅਸੀਂ ਉਨ੍ਹਾਂ ਨੂੰ ਆਖਦੇ ਕਿ ਅਪਣਾ ਕੰਮ ਛੱਡ ਕੇ ਹਰ ਬੰਦੇ ਨਾਲ ਗੱਲਬਾਤ ਕਰਨ ਲਗ ਜਾਂਦੇ ਹੋ, ਅਪਣੇ ਸੁਖ ਆਰਾਮ ਦਾ ਵੀ ਖਿਆਲ ਕਰਿਆ ਕਰੋ। ਉਹ ਆਖਦੇ ਕਿ ਇਹ ਘਰ ਗੁਰੂ ਨਾਨਕ ਦਾ ਘਰ ਹੈ ਅਤੇ ਕਈ ਵਾਰੀ ਕਹਿੰਦੇ ,”ਜਿਹੜਾ ਬੰਦਾ ਵੀ ਆਇਆ ਹੈ , ਘਟੋ ਘਟ ਪਾਲਮਪੁਰ ਤੋਂ 12-13 ਕਿਲੋਮੀਟਰ ਦੂਰੋਂ ਤਾਂ ਚਲ ਕੇ ਆਇਆ ਹੈ, ਉਸ ਵਲ ਧਿਆਨ ਦੇਣਾ ਚਾਹੀਦਾ ਹੀ ਹੈ। ਦੂਜੇ ਕਾਵਾਂ ਵਿਚ ਕਦੀ ਕੋਈ ਹੰਸ ਵੀ ਆ ਜਾਂਦਾ ਹੈ।”

ਸਭ ਤੋਂ ਵਡੀ ਗੱਲ ਉਹ ਬਹੁਤ ਵਧੀਆ ਇਨਸਾਨ ਸਨ, ਦੁਸਰੇ ਦੇ ਕੰਮ ਆਉਣ ਵਾਲੇ ਤੇ “ਨੇਕੀ ਕਰ ਔਰ ਕੂਏਂ ਮੇਂ ਡਾਲ” ਦੀ ਪਾਲਿਸੀ ‘ਤੇ ਚੱਲਣ ਵਾਲੇ।ਪੰਜਾਬ, ਪੰਜਾਬੀ ਤੇ ਪੰਜਾਬੀਅਤ ਨਾਲ ਬੜਾ ਪਿਆਰ ਸੀ। ਪੰਜਾਬ ਦਾ ਹਰ ਪੱਖੋਂ ਵਿਕਾਸ ਲੋਚਦੇ ਰਹਿੰਦੇ ਸਨ। ਪੰਜਾਬ ਨਾਲ ਕਿਸੇ ਤਰ੍ਹਾਂ ਦਾ ਧੱਕਾ ਹੁੰਦਾ, ਤਾਂ ਬੜੇ ਦੁਖੀ ਹੁੰਦੇ ਸਨ। ਉਹ ਪੰਜਾਬ ਦੇ ਇਕ ਮਹਾਨ ਸਪੂਤ ਸਨ।

ਮੇਰੇ ਭਾਵੇਂ ਉਨ੍ਹਾਂ ਨਾਲ ਕਈ ਮਸਲਿਆਂ ਬਾਰੇ ਤਿੱਖੇ ਮਤਭੇਦ ਸਨ, ਫਿਰ ਵੀ ਮੇਰੇ ਜੀਵਨ ‘ਤੇ ਉਹਨਾਂ ਦਾ ਬੜਾ ਪ੍ਰਭਾਵ ਹੈ। ਪੱਤਰਕਾਰੀ ਖੇਤਰ ਵਿਚ ਮੇਰੀ ਅਪਣੀ ਇਕ ਵੱਖਰੀ ਪਛਾਣ ਹੈ, ਨਾਂਅ ਹੈ। ਮੇਰੀ ਸਫਲਤਾ ਪਿੱਛੇ ਉਨ੍ਹਾਂ ਦਾ ਵੀ ਹੱਥ ਹੈ।

ਪੰਜਾਬ ਤੇ ਹਿਮਾਚਲ ਪ੍ਰਦੇਸ਼ ਸਰਕਾਰਾਂ ਨੇ ਨਵੰਬਰ 2001 ਵਿਚ ਉਹਨਾਂ ਦੀ ਜਨਮ ਸ਼ਤਾਬਦੀ ਸਰਕਾਰੀ ਪੱਧਰ ‘ਤੇ ਮਨਾਈ। ਭਾਰਤ ਸਰਕਾਰ ਨੇ ਇਸ ਸਮੇਂ ਇਕ ਯਾਦਗਾਰੀ ਟਿਕਟ ਜਾਰੀ ਕੀਤਾ। ਇਸ ਸਭ ਲਈ ਮੈਂ ਹੀ ਹੰਭਲਾ ਮਾਰਿਆ ਸੀ, ਡਾਕ ਟਿਕਟ ਜਾਰੀ ਹੋਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਤਕਾਲੀ ਪ੍ਰਧਾਨ ਜੱਥੇਦਾਰ ਗੁਰਚਰਨ ਸਿੰਘ ਟੌਹੜਾ ਤੇ ਪੰਜਾਬ ਤੇ ਹਿਮਾਚਲ ਸਰਕਾਰ ਨੂੰ ਜਨਮ ਸ਼ਤਾਬਦੀ ਮਨਾਉਣ ਲਈ ਕੌਮੀ ਘੱਟ ਗਿਣਤੀ ਦੇ ਤਤਕਾਲੀ ਚੇਅਰਮੈਨ ਤਰਲੋਚਨ ਸਿੰਘ ਨੇ ਇਸ ਕਾਰਜ ਲਈ ਪੂਰਨ ਸਹਿਯੋਗ ਦਿੱਤਾ।

Check Also

ਸੁਖਬੀਰ ਸਿੰਘ ਬਾਦਲ ਮੁੜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣੇ

ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ ਦੇ 99 ਵੇਂ ਵਰ੍ਹੇ ਪੂਰੇ ਹੋਣ ‘ਤੇ ਅੱਜ ਪਾਰਟੀ ਦਾ …

Leave a Reply

Your email address will not be published. Required fields are marked *