ਖ਼ਾਸ ਖ਼ਬਰ : ਯੂ.ਏ.ਈ. ‘ਚ ਪਾਰਾ 50 ਡਿਗਰੀ ਤੋਂ ਪਾਰ, ਰਾਹਤ ਲਈ ਡਰੋਨ ਦੀ ਮਦਦ ਨਾਲ ਪਾਇਆ ਨਕਲੀ ਮੀਂਹ (ਵੇਖੋ ਵੀਡੀਓ)

TeamGlobalPunjab
3 Min Read

ਅਬੂ ਧਾਬੀ : ਆਧੁਨਿਕ ਤਕਨੀਕਾਂ ਦਾ ਚੰਗਾ ਇਸਤੇਮਾਲ ਕਿਵੇਂ ਕੀਤਾ ਜਾ ਸਕਦਾ ਹੈ, ਇਸ ਦੀ ਮਿਸਾਲ ਪੇਸ਼ ਕੀਤੀ ਹੈ ਸੰਯੁਕਤ ਅਰਬ ਅਮੀਰਾਤ (UAE) ਨੇ । ਯੂ.ਏ.ਈ. ਧਰਤੀ ‘ਤੇ ਸਭ ਤੋਂ ਗਰਮ ਥਾਵਾਂ ਵਿੱਚੋਂ ਇੱਕ ਹੈ। ਇੱਥੇ ਪਾਰਾ 50 ਡਿਗਰੀ ਸੈਲਸੀਅਸ ਨੂੰ ਪਾਰ ਕਰ ਗਿਆ ਹੈ। ਝੁਲਸਾਉਣ ਵਾਲੀ ਗਰਮੀ ਤੋਂ ਛੁਟਕਾਰਾ ਪਾਉਣ ਲਈ ਹੁਣ ਇੱਥੇ ਇਕ ਵਿਸ਼ੇਸ਼ ਤਕਨੀਕ ਦੀ ਵਰਤੋਂ ਕੀਤੀ ਜਾ ਰਹੀ ਹੈ।

ਬ੍ਰਿਟੇਨ ਦੀ ਯੂਨੀਵਰਸਿਟੀ ਆਫ਼ ਰੀਡਿੰਗ ਦੇ ਸਹਿਯੋਗ ਨਾਲ ਇਥੇ ‘ਡਰੋਨ ਟੈਕਨੋਲੋਜੀ’ ਦੀ ਸਹਾਇਤਾ ਨਾਲ ਨਕਲੀ ਮੀਂਹ ਵਰ੍ਹਾਇਆ ਜਾ ਰਿਹਾ ਹੈ।

 

- Advertisement -

ਸ਼ਾਇਦ ਇਹ ਦੇਖਣ-ਸੁਣਨ ਵਿੱਚ ਅਜੀਬ ਲੱਗੇ ਪਰ ਇਹ ਹਕੀਕਤ ਹੈ । ਦੇਸ਼ ਦੇ ਰਾਸ਼ਟਰੀ ਮੌਸਮ ਵਿਗਿਆਨ ਕੇਂਦਰ ਨੇ ਇਸ ਸਫਲ ਪ੍ਰਯੋਗ ਦੀ ਫੁਟੇਜ ਵੀ ਸਾਂਝੀ ਕੀਤੀ ਹੈ।

 

- Advertisement -

 

ਹੁਣ ਜਾਣੋ ਨਕਲੀ ਮੀਂਹ ਕਿਵੇਂ ਪੈਂਦਾ ਹੈ?

ਨਕਲੀ ਮੀਂਹ ਲਈ ਤਕਨੀਕ ਦੇ ਜ਼ਰੀਏ ਬੱਦਲਾਂ ਨੂੰ ਬਿਜਲੀ ਦਾ ਝਟਕਾ ਦਿੱਤਾ ਜਾਂਦਾ ਹੈ, ਜੋ ਮੀਂਹ ਦਾ ਕਾਰਨ ਬਣਦਾ ਹੈ । ਉਮੀਦ ਕੀਤੀ ਜਾਂਦੀ ਹੈ ਕਿ ਇਸ ਤਕਨੀਕ ਨੂੰ ਟਰਿੱਗਰ ਵਜੋਂ ਵਰਤਣ ਨਾਲ ਮੀਂਹ ਦੀ ਮਾਤਰਾ ਨੂੰ ਵਧਾਇਆ ਜਾ ਸਕਦਾ ਹੈ। ਡਰੋਨ ਟੈਕਨੋਲੋਜੀ ਦੀ ਸਹਾਇਤਾ ਨਾਲ, ਜਦੋਂ ਬੱਦਲਾਂ ਨੂੰ ਬਿਜਲੀ ਦਾ ਝਟਕਾ ਦਿੱਤਾ ਜਾਂਦਾ ਹੈ, ਤਾਂ ਉਹ ਇਕੱਠੇ ਹੋਣੇ ਸ਼ੁਰੂ ਕਰ ਦਿੰਦੇ ਹਨ, ਜਿਸ ਨਾਲ ਮੀਂਹ ਪੈ ਜਾਂਦਾ ਹੈ।

ਮੌਸਮ ਵਿਭਾਗ ਦਾ ਕਹਿਣਾ ਹੈ ਕਿ ਬਾਰਸ਼ ਦੀ ਮਾਤਰਾ ਨੂੰ ‘ਕਲਾਉਡ ਸੀਡਿੰਗ’ ਦੁਆਰਾ ਵੀ ਵਧਾਇਆ ਜਾ ਸਕਦਾ ਹੈ । ਯੂਏਈ ਦੁਨੀਆ ਦੇ 10 ਸਭ ਤੋਂ ਗਰਮ ਦੇਸ਼ਾਂ ਵਿੱਚੋਂ ਇੱਕ ਹੈ । ਇਥੇ ਇਕ ਸਾਲ ਵਿਚ ਔਸਤਨ ਸਿਰਫ ਤਿੰਨ ਇੰਚ ਬਾਰਸ਼ ਹੁੰਦੀ ਹੈ। ਇੱਥੇ ਮੀਂਹ ਨੂੰ ਵਧਾਉਣ ਲਈ 15 ਮਿਲੀਅਨ ਡਾਲਰ ਦੇ ਪ੍ਰਾਜੈਕਟ ਚਲਾਏ ਜਾ ਰਹੇ ਹਨ ਅਤੇ ‘ਕਲਾਉਡ ਸੀਡਿੰਗ’ ਵੀ ਇਸਦਾ ਇਕ ਹਿੱਸਾ ਹੈ।

 

 

 

 

ਤਕਨੀਕ ਦੀ ਵਰਤੋਂ ਲਈ ਬੱਦਲ ਕਾਫ਼ੀ ਹਨ : ਮਾਹਰ

ਇਸ ਤੋਂ ਪਹਿਲਾਂ ਬ੍ਰਿਟੇਨ ਦੀ ਯੂਨੀਵਰਸਿਟੀ ਆਫ਼ ਰੀਡਿੰਗ ਦੇ ਪ੍ਰੋਫੈਸਰ ਮਾਰਟਿਨ ਅੰਬੋਮ ਨੇ ਬੀਬੀਸੀ ਨੂੰ ਦੱਸਿਆ ਸੀ ਕਿ ਯੂਏਈ ਵਿੱਚ ਬਾਰਸ਼ ਲਈ ਬੱਦਲਾਂ ਦੀ ਮਾਤਰਾ ਕਾਫ਼ੀ ਹੈ। ਡਰੋਨ ਚਾਰਜ ਜਾਰੀ ਕਰਕੇ ਪਾਣੀ ਦੀਆਂ ਬੂੰਦਾਂ ਨੂੰ ਇਕੱਠੇ ਰਹਿਣ ਵਿਚ ਸਹਾਇਤਾ ਕਰਦਾ ਹੈ। ਜਦੋਂ ਇਹ ਬੂੰਦਾਂ ਵੱਡੇ ਅਤੇ ਭਾਰੀਆਂ ਹੋ ਜਾਂਦੀਆਂ ਹਨ, ਤਦ ਮੀਂਹ ਪੈਂਦਾ ਹੈ।

 

 

 

ਇਸ ਪ੍ਰੋਗਰਾਮ ਦੀ ਡਾਇਰੈਕਟਰ ਆਲਯਾ ਅਲ-ਮਜਰੋਈ ਨੇ ਅਰਬ ਨਿਊਜ਼ ਨੂੰ ਦੱਸਿਆ ਕਿ ‘ਇਲੈਕਟ੍ਰਿਕ ਚਾਰਜ’ ਰਿਲੀਜ਼ ਕਰਨ ਵਾਲੇ ਉਪਕਰਣ ਡਰੋਨ ਰਾਹੀਂ ਹਵਾ ਵਿੱਚ ਲਿਜਾਏ ਜਾਂਦੇ ਹਨ ਅਤੇ ਉਹ ਬੱਦਲਾਂ ਵਿੱਚ ਹਲਚਲ ਪੈਦਾ ਕਰਦੇ ਹਨ, ਜਿਸ ਨਾਲ ਮੀਂਹ ਪੈਂਦਾ ਹੈ।

ਉਨ੍ਹਾਂ ਇਹ ਵੀ ਦੱਸਿਆ ਕਿ ਇਸਦੇ ਲਈ ਪਹਿਲਾਂ ਇਹ ਹੀ ਵੇਖਿਆ ਜਾਂਦਾ ਹੈ ਕਿ ਬੱਦਲਾਂ ਦੀ ਸਥਿਤੀ ਕੀ ਹੈ । ਜਿਵੇਂ ਹੀ ਬੱਦਲ ਬਣਦੇ ਦਿਖਾਈ ਦਿੰਦੇ ਹਨ, ਡਰੋਨ ਲਾਂਚ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਅਜਿਹਾ ਵੀ ਨਹੀਂ ਹੈ ਕਿ ਹਰ ਵਾਰ ਜਦੋਂ ਤੁਸੀਂ ਬੱਦਲਾਂ ਨੂੰ ਕੋਈ ਚਾਰਜ ਦਿੰਦੇ ਹੋ ਤਾਂ ਮੀਂਹ ਪੈਂਦਾ ਹੈ, ਪਰ ਜ਼ਿਆਦਾਤਰ ਅਜਿਹਾ ਹੁੰਦਾ ਹੈ ।

Share this Article
Leave a comment