ਬਹਿਬਲ ਗੋਲੀ ਕਾਂਡ ‘ਚ ਸਾਬਕਾ ਡੀਜੀਪੀ ਸੁਮੇਧ ਸੈਣੀ ਖਿ਼ਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ

TeamGlobalPunjab
2 Min Read

ਫ਼ਰੀਦਕੋਟਬਹਿਬਲ ਗੋਲੀ ਕਾਂਡ ‘ਚ ਸਥਾਨਕ ਅਦਾਲਤ ਨੇ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਦੇ ਜ਼ਮਾਨਤਯੋਗ ਗ੍ਰਿਫ਼ਤਾਰੀ ਵਾਰੰਟ ਜਾਰੀ ਕਰ ਦਿੱਤੇ ਹਨ। ਅਦਾਲਤ ਨੇ ਸਾਬਕਾ ਡੀਜੀਪੀ ਨੂੰ ਬੀਤੇ ਮੰਗਲਵਾਰ ਨੂੰ ਉਸ ਅੱਗੇ ਪੇਸ਼ ਹੋਣ ਲਈ ਕਿਹਾ ਸੀ, ਪਰ ਅਦਾਲਤੀ ਹੁਕਮਾਂ ਦੇ ਬਾਵਜੂਦ ਉਹ ਹਾਜ਼ਰ ਨਹੀਂ ਹੋਇਆ। ਉਧਰ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਨੇ ਵੀ ਅਦਾਲਤ ‘ਚ ਪੇਸ਼ ਹੋਣਾ ਸੀ, ਪਰ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਆਪਣੇ ਇੱਕ ਹੁਕਮ ‘ਚ ਆਈਜੀ ਨੂੰ ਅਦਾਲਤ ‘ਚ ਨਿੱਜੀ ਪੇਸ਼ੀ ਤੋਂ ਛੋਟ ਦੇ ਦਿੱਤੀ, ਜਿਸ ਕਰਕੇ ਜੁਡੀਸ਼ੀਅਲ ਮੈਜਿਸਟਰੇਟ ਸੁਰੇਸ਼ ਕੁਮਾਰ ਨੇ ਦੇਰ ਸ਼ਾਮ ਆਈਜੀ ਖ਼ਿਲਾਫ਼ ਜਾਰੀ ਜ਼ਮਾਨਤਯੋਗ ਵਰੰਟਾਂ ਦਾ ਹੁਕਮ ਵਾਪਸ ਲੈ ਲਿਆ।

ਵਿਸ਼ੇਸ਼ ਜਾਂਚ ਟੀਮ  ਨੇ 15 ਜਨਵਰੀ ਨੂੰ ਸਾਬਕਾ ਡੀਜੀਪੀ ਸੁਮੇਧ ਸੈਣੀ ਤੇ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਖਿਲਾਫ ਚਲਾਨ ਅਦਾਲਤ ‘ਚ ਪੇਸ਼ ਕੀਤਾ ਸੀ, ਜਿਸ ਮਗਰੋਂ ਜੁਡੀਸ਼ੀਅਲ ਮੈਜਿਸਟਰੇਟ ਸੁਰੇਸ਼ ਕੁਮਾਰ ਨੇ ਦੋਵਾਂ ਨੂੰ ਬੀਤੇ ਮੰਗਲਵਾਰ ਨੂੰ ਅਦਾਲਤ ‘ਚ ਪੇਸ਼ ਹੋਣ ਦੇ ਹੁਕਮ ਦਿੱਤੇ ਸਨ। ਇਨ੍ਹਾਂ ਚੋਂ ਕੋਈ ਵੀ ਅਧਿਕਾਰੀ ਅਦਾਲਤ ‘ਚ ਪੇਸ਼ ਨਹੀਂ ਹੋਇਆ। ਆਈਜੀ ਪਰਮਰਾਜ ਸਿੰਘ ਉਮਰਾਨੰਗਲ ਨੇ ਬਹਿਬਲ ਕਾਂਡ ‘ਚ ਪੇਸ਼ ਹੋਏ ਚਲਾਨ ਨੂੰ ਹਾਈ ਕੋਰਟ ‘ਚ ਚੁਣੌਤੀ ਦਿੱਤੀ ਹੈ। ਪੰਜਾਬ ਦੇ ਹਰਿਆਣਾ ਹਾਈ ਕੋਰਟ ਦੇ ਜੱਜ ਗਰੀਸ਼ ਅਗਨੀਹੋਤਰੀ ਨੇ ਉਮਰਾਨੰਗਲ ਨੂੰ ਬੀਤੇ ਮੰਗਲਵਾਰ ਨੂੰ ਅਦਾਲਤ ‘ਚ ਪੇਸ਼ ਹੋਣ ਤੋਂ ਛੋਟ ਦਿੰਦਿਆਂ ਇਸ ਮਾਮਲੇ ਦੀ ਸੁਣਵਾਈ 26 ਫਰਵਰੀ ਤੱਕ ਟਾਲ ਦਿੱਤੀ ਹੈ।

Share this Article
Leave a comment