ਸਰੀ ‘ਚ ਛੋਟੇ ਭਰਾ ਨੂੰ ਸਕੂਲ ਤੋਂ ਲੈਣ ਗਏ ਨੌਜਵਾਨ ਦਾ ਕਤਲ, ਇੱਕ ਗ੍ਰਿਫ਼ਤਾਰ

Prabhjot Kaur
2 Min Read

ਸਰੀ: ਕੈਨੇਡਾ ‘ਚ ਪੰਜਾਬੀ ਨੌਜਵਾਨ ਦੇ ਕਤਲ ਦੀ ਪੜਤਾਲ ਕਰ ਰਹੀ ਪੁਲਿਸ ਨੇ ਸ਼ੱਕੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪਿਛਲੇ ਸਾਲ 22 ਨਵੰਬਰ ਨੂੰ ਸਰੀ ਦੇ ਤਮੈਨਾਵਿਸ ਸੈਕੰਡਰੀ ਸਕੂਲ (Tamanawis Secondary School) ਦੇ ਬਾਹਰ ਛੁਰੇਬਾਜ਼ੀ ਦੌਰਾਨ ਮਹਿਕਪ੍ਰੀਤ ਸੇਠੀ ਦੀ ਮੌਤ ਹੋ ਗਈ ਸੀ ਅਤੇ ਉਸ ਵੇਲੇ ਪੁਲਿਸ ਨੇ 17 ਸਾਲ ਦੇ ਇਕ ਸ਼ੱਕੀ ਨੂੰ ਹਿਰਾਸਤ ਵਿਚ ਵੀ ਲਿਆ ਪਰ ਬਾਅਦ ਵਿਚ ਰਿਹਾਅ ਕਰ ਦਿ`ਤਾ। ਫਿਲਹਾਲ ਪੁਲਿਸ ਨੇ ਤਸਦੀਕ ਨਹੀਂ ਕੀਤੀ ਕਿ ਵੀਰਵਾਰ ਨੂੰ ਗ੍ਰਿਫ਼ਤਾਰ ਸ਼ਖਸ ਉਹੀ ਹੈ ਜਿਸ ਨੂੰ ਪਹਿਲਾਂ ਹਿਰਾਸਤ ਵਿਚ ਲਿਆ ਗਿਆ ਸੀ।

ਇੰਟੈਗਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਦਾ ਮੰਨਣਾ ਹੈ ਕਿ ਮਹਿਕਪ੍ਰੀਤ ਸੇਠੀ ਅਤੇ ਸ਼ੱਕੀ ਇਕ-ਦੂਜੇ ਨੂੰ ਜਾਣਦੇ ਸਨ ਅਤੇ ਇਸ ਵਾਰਦਾਤ ਦਾ ਲੋਅਰ ਮੇਨਲੈਂਡ ਦੀ ਗੈਂਗਵਾਰ ਨਾਲ ਕੋਈ ਸਬੰਧ ਨਹੀਂ ਹੈ। ਆਈ. ਐਚ.ਆਈ.ਟੀ. ਦੇ ਸਾਰਜੈਂਟ ਟਿਮੋਥੀ ਪਿਓਰੌਟੀ ਨੇ ਕਿਹਾ ਕਿ ਵਾਰਦਾਤ ਵੇਲੇ ਸੈਂਕੜੇ ਵਿਦਿਆਰਥੀ ਸਕੂਲ ‘ਚ ਮੌਜੂਦ ਸਨ ਜਿਸ ਨੂੰ ਵੇਖਦਿਆਂ ਪੂਰੀ ਸੰਜੀਦਗੀ ਨਾਲ ਮਾਮਲਾ ਨਜਿੱਠਿਆ ਗਿਆ।

ਜਾਂਚਕਰਤਾਵਾਂ ਦਾ ਕਹਿਣਾ ਹੈ ਕਿ ਇਸ ਕਤਲਕਾਂਡ ਨਾਲ ਸਬੰਧਤ ਕਈ ਗਵਾਹ ਹਾਲੇ ਤੱਕ ਅੱਗੇ ਨਹੀਂ ਆਏ। ਹੁਣ ਸਮਾਂ ਆ ਗਿਆ ਸਹੀ ਕਦਮ ਚੁੱਕਣ ਦਾ ਤਾਂਕਿ ਪੀੜਤ ਪਰਿਵਾਰ ਨੂੰ ਇਨਸਾਫ਼ ਮਿਲ ਸਕੇ। ਜਾਂਚਕਰਤਾਵਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਸ ਵਾਰਦਾਤ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ 1-877-551-ਆਈ.ਐਚ. ਆਈ.ਟੀ. 4448 ‘ਤੇ ਸੰਪਰਕ ਕਰੇ।

ਦੱਸ ਦਈਏ ਕਿ ਮਹਿਕਪ੍ਰੀਤ ਸੇਠੀ ਆਪਣੇ ਛੋਟੇ ਭਰਾ ਨੂੰ ਲੈਣ ਸਕੂਲ ਗਿਆ ਸੀ। ਛੋਟੇ ਭਰਾ ਦਾ ਜਨਮ ਦਿਨ ਹੋਣ ਕਾਰਨ ਉਹ ਉਸ ਨਾਲ ਸ਼ੌਪਿੰਗ ਕਰਨਾ ਚਾਹੁੰਦਾ ਸੀ। ਇਕ ਅੱਲ੍ਹੜ ਨਾਲ ਤਲਖ ਕਲਾਮੀ ਮਗਰੋਂ ਇਹ ਵਾਰਦਾਤ ਸਾਹਮਣੇ ਆਏ ਅਤੇ ਛੁਰਾ ਮਹਿਕਪ੍ਰੀਤ ਦੀ ਛਾਤੀ ਵਿੱਚ ਵੱਜਿਆ ਅਤੇ ਪੈਰਾਮੈਡਿਕਸ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਉਹ ਮੌਕੇ ’ਤੇ ਹੀ ਦਮ ਤੋੜ ਗਿਆ। ਮਹਿਕਪ੍ਰੀਤ ਦੇ ਪਰਿਵਾਰ ਵੱਲੋਂ ਕਾਤਲ ਦੀ ਗ੍ਰਿਫ਼ਤਾਰੀ ਲਈ ਮੁਹਿੰਮ ਵੀ ਛੇੜੀ ਗਈ ਅਤੇ ਪੁਲਿਸ ‘ਤੇ ਢਿੱਲੀ ਕਾਰਵਾਈ ਕਰਨ ਦੇ ਦੋਸ਼ ਲੱਗੇ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment