ਸੰਗਰੂਰ – ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਅਗਲੇ ਮਹੀਨੇ ਹੋਣ ਵਾਲੀ ਕਣਕ ਦੀ ਚੁਕਾਈ ਦਾ ਕੰਮ ਪੂਰਾ ਕਰਨ ਲਈ ਸਾਰੇ ਇੰਤਜ਼ਾਮਾਤ ਕਰ ਲਏ ਹਨ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੂੰ ਮਿਲਣ ਦਿੱਲੀ ਗਏ ਹਨ ਤੇ ਉਹ ਇਸ ਮੁਲਾਕਾਤ ਦੇ ਦੌਰਾਨ ਕਣਕ ਦੀ ਖਰੀਦ ਲਈ ‘ਕੈਸ਼ ਕਰੈਡਿਟ ਲਿਮਿਟ’ ਦੇ ਮੁੱਦੇ ਤੇ ਵੀ ਗੱਲ ਕਰਨਗੇ। ਉਨ੍ਹਾਂ ਨੇ ਕਿਹਾ ਕਿ ਕਣਕ ਦੀ ਖਰੀਦ ਨੂੰ ਲੈ ਕੇ ਸਾਰੇ ਇੰਤਜ਼ਾਮਾਤ ਮੁਕੰਮਲ ਕਰ ਦਿੱਤੇ ਗਏ ਹਨ ਤੇ ਉਨ੍ਹਾਂ ਨੂੰ ਭਰੋਸਾ ਹੈ ਕਿ ਕਿਸਾਨਾਂ ਨੂੰ ਇਸ ਬਾਬਤ ਕਿਸੇ ਵੀ ਤਰੀਕੇ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ।
ਵਿੱਤ ਮੰਤਰੀ ਚੀਮਾ ਨੇ ਸੂਬੇ ਦੇ ਖ਼ਜ਼ਾਨੇ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਸੂਬੇ ਦੇ ਖ਼ਜ਼ਾਨੇ ਨੂੰ ਕਰੋੜਾਂ ਦੀ ਢਾਹ ਲਾਈ ਹੈ। ਉਨ੍ਹਾਂ ਕਿਹਾ ਕਿ ਕਈ ਉਦਾਹਰਣ ਸਾਹਮਣੇ ਆ ਰਹੇ ਹਨ ਜਿੱਥੇ ਕਿਸੇ ਇੱਕ ਕੰਮ ਨੁੂੰ ਜੇਕਰ 300 ਕਰੋਡ਼ ਰੁਪਏ ਦੀ ਲਾਗਤ ਨਾਲ ਮੁਕੰਮਲ ਕੀਤਾ ਜਾ ਸਕਦਾ ਸੀ ਪਰ ਉੱਥੇ 600 ਕਰੋੜ ਰੁਪਏ ਖਰਚ ਕਰ ਦਿੱਤੇ ਗਏ।
ਚੀਮਾ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਅਜਿਹੇ ਸਾਰੇ ਹੀ ਮਾਮਲਿਆਂ ਨੁੂੰ ਸਾਹਮਣੇ ਲਿਆਵਾਂਗੇ ਤੇ ਖ਼ਜ਼ਾਨੇ ਦੀ ਹਾਲਤ ਨੂੰ ਠੀਕ ਕਰਨ ਵਾਸਤੇ ਵਾਧੂ ਖ਼ਰਚਿਆਂ ਵਿੱਚ ਕਟੌਤੀ ਕੀਤੀ ਜਾਵੇਗੀ। ਚੀਮਾ ਨੇ ਇਲਾਕਾ ਵਾਸੀਆਂ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਦੀਆਂ ਸ਼ਿਕਾਇਤਾਂ ਵੀ ਸੁਣੀਆ। ਉਨ੍ਹਾਂ ਨੇ ਕਿਹਾ ਕਿ ਲੋਕਾਂ ਦੀਆਂ ਸ਼ਿਕਾਇਤਾਂ ਨੁੂੰ ਲੇੈ ਕੇ ਉਨ੍ਹਾਂ ਨੇ ਉੱਚ ਅਧਿਕਾਰੀਆਂ ਨੂੰ ਹੁਕਮ ਜਾਰੀ ਕਰ ਦਿੱਤੇ ਹਨ।