ਤ੍ਰਿਪਤ ਬਾਜਵਾ ਨੇ ਮੱਛੀ ਪਾਲਕਾਂ ਨੂੰ ਦਿੱਤੀ ‘ਵਿਸ਼ਵ ਮੱਛੀ ਪਾਲਣ ਦਿਵਸ’ ਦੀ ਵਧਾਈ

TeamGlobalPunjab
4 Min Read

ਚੰਡੀਗੜ੍ਹ : ਪੰਜਾਬ ਦੇ ਪਸ਼ੂ ਪਾਲਣ, ਮੱਛੀ ਪਾਲਣਾ ਅਤੇ ਡੇਅਰੀ ਵਿਕਾਸ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਸੂਬੇ ਦੇ ਮੱਛੀ ਪਾਲਕਾਂ ਨੂੰ ਹਰ ਵਰੇ 21 ਨਵੰਬਰ ਨੂੰ ਦੁਨੀਆ ਭਰ ਵਿੱਚ ਮਨਾਏ ਜਾਂਦੇ ‘ਵਿਸ਼ਵ ਮੱਛੀ ਪਾਲਣ ਦਿਵਸ’ ਦੀ ਵਧਾਈ ਦਿੰਦਿਆਂ ਵੱਧ ਤੋਂ ਵੱਧ ਮੱਛੀ ਦੀ ਪੈਦਾਵਾਰ ਕਰਨ ਅਤੇ ਰੋਜ਼ਗਾਰ ਦੇ ਵਸੀਲੇ ਪੈਦਾ ਕਰਨ ਦਾ ਸੱਦਾ ਦਿੱਤਾ ਹੈ।

ਬਾਜਵਾ ਨੇ ਦੱਸਿਆ ਕਿ ਇਸ ਦਿਹਾੜੇ ਨੂੰ ਮਨਾਉਣ ਦਾ ਮੁੱਖ ਮੰਤਵ ਕੁਦਰਤੀ ਪਾਣੀਆਂ ਵਿੱਚ ਮੱਛੀ ਸਰੋਤਾਂ ਨੂੰ ਸੰਭਾਲ ਕੇ ਰੱਖਣ ਅਤੇ ਸਹੀ ਢੰਗ ਨਾਲ ਇਸਤੇਮਾਲ ਕਰਨ ਵਾਸਤੇ ਲੋਕਾਂ ਨੂੰ ਪ੍ਰੇਰਿਤ ਕਰਨਾ ਹੈ ਤਾਂ ਜੋ ਇਨਾਂ ਸਰੋਤਾ ਨੂੰ ਆਉਣ ਵਾਲੀਆਂ ਨਸਲਾਂ ਵਾਸਤੇ ਸੰਭਾਲ ਕੇ ਰੱਖਿਆ ਜਾ ਸਕੇ। ਉਨਾਂ ਕਿਹਾ ਕਿ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਹੈ,ਇਸ ਲਈ ਪੰਜਾਬ ਵਿੱਚ ਇਸ ਦਿਵਸ ਦੀ ਮਹੱਤਤਾ ਹੋਰ ਵੀ ਵੱਧ ਜਾਂਦੀ ਹੈ।

ਉਨਾਂ ਕਿਹਾ ਕਿ ਸੂਬਾ ਸਰਕਾਰ ਇਨਾਂ ਕੁਦਰਤੀ ਸਾਧਨਾਂ ਨੂੰ ਸੰਭਾਲ ਕੇ ਰੱਖਣ ਲਈ ਅਤੇ ਮੱਛੀ ਛੱਪੜਾਂ ਵਿੱਚ ਵੱਧ ਤੋਂ ਵੱਧ ਮੱਛੀ ਦੀ ਪੈਦਾਵਾਰ ਪ੍ਰਾਪਤ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ। ਇਨਾਂ ਉਪਰਾਲਿਆਂ ਨਾਲ ਦਿਹਾਤੀ ਇਲਾਕਿਆਂ ਵਿੱਚ ਰੋਜ਼ਗਾਰ ਦੇ ਸਾਧਨ ਵੀ ਪੈਦਾ ਹੋ ਰਹੇ ਹਨ।

ਮੱਛੀ ਪਾਲਣ ਮੰਤਰੀ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਯੋਗ ਅਗਵਾਈ ਹੇਠ ਸੂਬਾ ਮੱਛੀ ਪਾਲਣ ਦੇ ਖੇਤਰ ਵਿੱਚ ਲਗਾਤਾਰ ਤਰੱਕੀ ਕਰ ਰਿਹਾ ਹੈ। ਪੰਜਾਬ ਵਿੱਚ ਮੱਛੀ ਪਾਲਣ ਲਈ ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਮੱਛੀ ਉਤਪਾਦਨ ਨੂੰ ਵਧਾਉਣ ਤੇ ਖਾਸ ਜ਼ੋਰ ਦਿੱਤਾ ਜਾ ਰਿਹਾ ਹੈ। ਇਸ ਸਬੰਧ ਵਿੱਚ ਸਰਕਾਰ ਵੱਲੋਂ ਇੱਕ ਹੋਰ ਨਵਾਂ ਸਰਕਾਰੀ ਮੱਛੀ ਪੂੰਗ ਫਾਰਮ ਪਿੰਡ ਕਿੱਲਿਆਂਵਾਲੀ, ਜ਼ਿਲਾ ਫਾਜ਼ਿਲਕਾ ਵਿਖੇ ਸਥਾਪਿਤ ਕੀਤਾ ਜਾ ਰਿਹਾ ਹੈ। ਇਹ ਫਾਰਮ ਜ਼ਿਲਾ ਫਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ ਅਤੇ ਨੇੜੇ ਦੇ ਹੋਰ ਜ਼ਿਲਿਆਂ ਦੇ ਕਿਸਾਨਾਂ ਨੂੰ ਵਧੀਆ ਕਿਸਮ ਦਾ ਮੱਛੀ ਪੂੰਗ ਰਿਆਇਤੀ ਦਰਾਂ ਤੇ ਪ੍ਰਦਾਨ ਕਰੇਗਾ।

- Advertisement -

ਇਸੇ ਤਰਾਂ ਸਾਫ ਸੁਥਰੀ ਮੱਛੀ ਨੂੰ ਉਪਭੋਗਤਾ ਤੱਕ ਪਹੁੰਚਾਉਣ ਲਈ ਸਰਕਾਰ ਵਲੋਂ ਜ਼ਿਲਾ ਪਟਿਆਲਾ ਵਿਖੇ ਇੱਕ ਹੋਲ ਸੇਲ-ਕਮ-ਰਿਟੇਲ ਫਿਸ ਮਾਰਕੀਟ ਦੀ ਸਥਾਪਿਤ ਕੀਤਾ ਜਾ ਰਹੀ ਹੈ। ਇਸ ਤੋਂ ਇਲਾਵਾ ਸਰਕਾਰ ਵੱਲੋਂ ਸਾਫ-ਸੁਥਰੀ ਮੱਛੀ ਦੀ ਢੋਆ-ਢੁਆਈ ਅਤੇ ਨੋਜਵਾਨਾਂ ਨੂੰ ਰੋਜ਼ਗਾਰ ਦੇ ਨਵੇਂ ਸਾਧਨ ਮੁਹੱਈਆ ਕਰਵਾਉਣ ਵਾਸਤੇ ਚਾਰ ਪਹੀਆ, ਤਿੰਨ ਪਹੀਆ ਅਤੇ ਦੋ ਪਹੀਆ ਵਾਹਨ ਸਮੇਤ ਆਈਸ ਬੋਕਸ ਸਬਸਿਡੀ ਤੇ ਪ੍ਰਦਾਨ ਕੀਤੇ ਜਾ ਰਹੇ ਹਨ।

ਉਨਾਂ ਦੱਸਿਆ ਕਿ ਸੂਬੇ ਵਿੱਚ ਮੱਛੀ ਅਤੇ ਝੀਂਗੇ ਪਾਲਣ ਨੂੰ ਉਤਸ਼ਾਹਿਤ ਕਰਨ ਲਈ ਨਵੇਂ ਤਲਾਬ ਤਿਆਰ ਕਰਨ ਅਤੇ ਪਹਿਲੇ ਸਾਲ ਦੀ ਖਾਦ-ਖੁਰਾਕ ਵਾਸਤੇ ਸਰਕਾਰ ਵਲੋਂ ਚਾਹਵਾਨ ਕਿਸਾਨਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ। ਇਨਾਂ ਸਕੀਮਾਂ ਦਾ ਲਾਭ ਲੈਣ ਲਈ ਇਛੁੱਕ ਕਿਸਾਨ ਮੱਛੀ ਪਾਲਣ ਵਿਭਾਗ ਨਾਲ ਰਾਬਤਾ ਕਾਇਮ ਕਰ ਸਕਦੇ ਹਨ। ਉਨਾਂ ਇਹ ਦੱਸਦਿਆਂ ਖੁਸ਼ੀ ਜ਼ਾਹਰ ਕੀਤੀ ਕਿ ਸੂਬੇ ਦੇ ਖਾਰੇ ਪਾਣੀ ਨਾਲ ਪ੍ਰਭਾਵਿਤ ਦੱਖਣੀ-ਪੱਛਮੀ ਜ਼ਿਲਿਆਂ ਵਿੱਚ ਝੀਂਗਾ ਪਾਲਣ ਦੀ ਸ਼ੁਰੂਆਤ ਇੱਕ ਏਕੜ ਰਕਬੇ ਤੋਂ ਸ਼ੁਰੂ ਹੋ ਕੇ ਕਿਸਾਨਾਂ ਦੇ ਉੱਦਮ ਨਾਲ 800 ਏਕੜ ਦੀ ਰਕਬਾ ਪਾਰ ਕਰ ਗਈ ਹੈ। ਉਨਾਂ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਆਉਣ ਵਾਲੇ ਪੰਜ ਸਾਲਾਂ ਦੌਰਾਨ ਪੰਜ ਹਜਾਰ ਏਕੜ ਰਕਬਾ ਝੀਂਗਾ ਪਾਲਣ ਅਧੀਨ ਲਿਆਉਣ ਦੇ ਉਪਰਾਲੇ ਕੀਤੇ ਜਾ ਰਹੇ ਹਨ।

ਬਾਜਵਾ ਨੇ ‘ਵਿਸ਼ਵ ਮੱਛੀ ਪਾਲਣ ਦਿਵਸ’ ਮੌਕੇ ਸੂਬੇ ਦੇ ਮੱਛੀ ਪਾਲਕਾਂ ਪ੍ਰਤੀ ਆਪਣੀ ਵਚਨਬਧਤਾ ਪ੍ਰਗਟਾਉਂਦਿਆਂ ਕਿਹਾ ਕਿ ਮੱਛੀ ਪਾਲਕ ਸੂਬੇ ਵਿੱਚ ਮੱਛੀ ਅਤੇ ਝੀਂਗਾ ਦੇ ਉਤਪਾਦਨ ਨੂੰ ਤੇਜੀ ਨਾਲ ਵਧਾਉਣ ਅਤੇ ਮੱਛੀ ਪਾਲਣ ਦੇ ਸੰਪੂਰਨ ਵਿਕਾਸ ਲਈ ਕਾਰਜ਼ਸ਼ੀਲ ਹੋਣ ਤਾਂ ਜੋ ਕੁਦਰਤੀ ਸਾਧਨਾਂ ਤੇ ਬੋਝ ਨੂੰ ਘਟਾਇਆ ਜਾ ਸਕੇ ਅਤੇ ਮੱਛੀ ਪਾਲਣ ਦੇ ਕਿੱਤੇ ਨੂੰ ਪ੍ਰਫੁਲਿਤ ਕੀਤਾ ਜਾ ਸਕੇ। ਉਨਾਂ ਨੇ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਵੱਲੋਂ ਮੱਛੀ ਪਾਲਣ ਕਿੱਤੇ ਲਈ ਦਿੱਤੀਆਂ ਜਾਂਦੀਆਂ ਸਹੂਲਤਾਵਾਂ ਦਾ ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨ।

Share this Article
Leave a comment