ਨਵੀ ਦਿੱਲੀ : ਦਿੱਲੀ ਦੀਆਂ ਸਰਕਾਰੀ ਬੱਸਾਂ ਵਿੱਚ ਹੁਣ ਮਹਿਲਾਵਾਂ ਪੂਰੀ ਤਰ੍ਹਾਂ ਨਿਡਰ ਹੋ ਕੇ ਸਫ਼ਰ ਕਰ ਸਕਣਗੀਆਂ। ਸੁਰੱਖਿਆ ਨੂੰ ਹੋਰ ਪੁਖਤਾ ਕਰਨ ਲਈ ਡੀ.ਟੀ.ਸੀ. ਦੀਆਂ ਬੱਸਾਂ ਦੇ ਅੰਦਰ ਹਥਿਆਰਬੰਦ ਮਹਿਲਾ ਪੁਲਿਸ ਮੁਲਾਜ਼ਮ ਤਾਇਨਾਤ ਕੀਤੀਆਂ ਜਾਣਗੀਆਂ। ਮਹਿਲਾਵਾਂ ਦੇ ਰੋਜ਼ਾਨਾ ਸਫ਼ਰ ਨੂੰ ਸੁਰੱਖਿਅਤ ਬਣਾਉਣ ਦੇ ਮਕਸਦ ਨਾਲ ਇਹ ਪਲਾਨਿੰਗ ਚੱਲ ਰਹੀ ਹੈ। ਉਪ-ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਦਿੱਲੀ ਸਰਕਾਰ ਦੇ ਅਧਿਕਾਰੀਆਂ ਨੂੰ ਇਸ ਤਾਇਨਾਤੀ ਲਈ ਦਿੱਲੀ ਪੁਲਿਸ ਨਾਲ ਸੰਪਰਕ ਕਰਨ ਦੇ ਨਿਰਦੇਸ਼ ਦਿੱਤੇ ਹਨ।
ਇਸ ਦੇ ਨਾਲ ਹੀ, ਮਹਿਲਾਵਾਂ ਦੀ ਸੁਰੱਖਿਆ ਹੁਣ ਸਿਰਫ਼ ਬੱਸ ਸਟਾਪਾਂ ਤੱਕ ਹੀ ਸੀਮਤ ਨਹੀਂ ਰਹੇਗੀ, ਬਲਕਿ ਉਨ੍ਹਾਂ ਨੂੰ ਉਨ੍ਹਾਂ ਦੇ ਘਰ ਦੀ ਦਹਿਲੀਜ਼ ਤੱਕ ਸੁਰੱਖਿਅਤ ਪਹੁੰਚਾਉਣ ਲਈ ਇੱਕ ਵਿਸ਼ੇਸ਼ ‘ਡੋਰ-ਸਟੈਪ’ ਸੁਰੱਖਿਆ ਮਾਡਲ ਤਿਆਰ ਕੀਤਾ ਗਿਆ ਹੈ। ਇਹ ਯਕੀਨੀ ਬਣਾਇਆ ਜਾਵੇਗਾ ਕਿ ਬੱਸ ਤੋਂ ਉਤਰਨ ਤੋਂ ਬਾਅਦ ਉਨ੍ਹਾਂ ਦੀ ਆਖਰੀ ਮੰਜ਼ਿਲ ਤੱਕ ਦਾ ਸਫ਼ਰ ਵੀ ਸੁਰੱਖਿਅਤ ਰਹੇ।
ਉਪ-ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਰਾਜਧਾਨੀ ਵਿੱਚ ਮਹਿਲਾਵਾਂ ਦੀ ਸੁਰੱਖਿਆ ਨੂੰ ਲੈ ਕੇ ਦਿੱਲੀ ਟ੍ਰਾਂਸਪੋਰਟ ਵਿਭਾਗ ਨਾਲ ਇੱਕ ਸਮੀਖਿਆ ਬੈਠਕ ਕੀਤੀ। ਬੈਠਕ ਵਿੱਚ ਉਨ੍ਹਾਂ ਨੇ ਸਪੱਸ਼ਟ ਕਿਹਾ ਕਿ ਮਹਿਲਾ ਯਾਤਰੀਆਂ ਦੀ ਸੁਰੱਖਿਆ ਸਿਰਫ਼ ਬੱਸ ਜਾਂ ਸਰਕਾਰੀ ਟ੍ਰਾਂਸਪੋਰਟ ਦੇ ਅੰਦਰ ਹੀ ਨਹੀਂ, ਬਲਕਿ ਬੱਸ ਸਟਾਪ, ਮੈਟਰੋ ਸਟੇਸ਼ਨ ਜਾਂ ਡਿਪੂ ਤੋਂ ਉਨ੍ਹਾਂ ਦੇ ਘਰ ਤੱਕ ਯਕੀਨੀ ਬਣਾਈ ਜਾਣੀ ਚਾਹੀਦੀ ਹੈ।
ਬੱਸਾਂ ਵਿੱਚ ਮਹਿਲਾ ਕਮਾਂਡੋਜ਼ ਦੀ ਮੌਜੂਦਗੀ ਇਸ ਵਿੱਚ ਅਹਿਮ ਹੈ। ਇਸ ਦੇ ਲਈ ਟ੍ਰਾਂਸਪੋਰਟ ਵਿਭਾਗ ਜਲਦੀ ਹੀ ਦਿੱਲੀ ਪੁਲਿਸ ਨਾਲ ਤਾਲਮੇਲ ਕਰਕੇ ਤਾਇਨਾਤੀ ਦੀ ਪ੍ਰਕਿਰਿਆ ਸ਼ੁਰੂ ਕਰੇਗਾ। ਮੌਜੂਦਾ ਸਮੇਂ ਵਿੱਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ, ਪੈਨਿਕ ਬਟਨਾਂ ਅਤੇ ਬੱਸ ਮਾਰਸ਼ਲਾਂ ਦੀ ਵਿਵਸਥਾ ਨੂੰ ਇਸ ਨਵੀਂ ਪ੍ਰਣਾਲੀ ਨਾਲ ਜੋੜਿਆ ਜਾਵੇਗਾ, ਤਾਂ ਜੋ ਕਿਸੇ ਵੀ ਐਮਰਜੈਂਸੀ ਦੀ ਸਥਿਤੀ ਵਿੱਚ ਤੁਰੰਤ ਕਾਰਵਾਈ ਹੋ ਸਕੇ।
ਇਸ ਤੋਂ ਇਲਾਵਾ ਉਪ-ਰਾਜਪਾਲ ਨੇ ਕਿਹਾ ਕਿ ਸੁਰੱਖਿਆ ਦੇ ਇਸ ਪੂਰੇ ਢਾਂਚੇ ਨੂੰ ਹੋਰ ਵਧੇਰੇ ਵਧੀਆ ਬਣਾਉਣ ਲਈ ਟ੍ਰਾਂਸਪੋਰਟ ਬੇੜੇ ਵਿੱਚ ਮਹਿਲਾਵਾਂ ਦੀ ਭਰਤੀ ਵਧਾਈ ਜਾਵੇਗੀ। ਮੌਜੂਦਾ ਸਮੇਂ ਵਿੱਚ ਦਿੱਲੀ ਦੇ ਟ੍ਰਾਂਸਪੋਰਟ ਤੰਤਰ ਵਿੱਚ 1,002 ਮਹਿਲਾ ਕੰਡਕਟਰ ਅਤੇ 77 ਮਹਿਲਾ ਡਰਾਈਵਰ ਕੰਮ ਕਰ ਰਹੀਆਂ ਹਨ, ਜਿਨ੍ਹਾਂ ਦੀ ਗਿਣਤੀ ਵਿੱਚ ਭਵਿੱਖ ਵਿੱਚ ਵੱਡਾ ਵਾਧਾ ਦੇਖਣ ਨੂੰ ਮਿਲੇਗਾ।

