ਵਾਸ਼ਿੰਗਟਨ: ਸੋਸ਼ਲ ਮੀਡੀਆ ਦੇ ਵਧਦੇ ਪ੍ਰਭਾਵ ਨਾਲ ਕੰਟੈਂਟ ਕ੍ਰੀਏਸ਼ਨ ਹੁਣ ਸਿਰਫ਼ ਸ਼ੌਕ ਨਹੀਂ ਰਹੀ, ਸਗੋਂ ਕਈ ਨੌਜਵਾਨਾਂ ਲਈ ਕਰੀਅਰ ਦਾ ਵਿਕਲਪ ਵੀ ਬਣ ਰਹੀ ਹੈ। ਇਸੇ ਰੁਝਾਨ ਨੂੰ ਦੇਖਦਿਆਂ ਅਮਰੀਕਾ ਦੀ ਐਰਿਜ਼ੋਨਾ ਸਟੇਟ ਯੂਨੀਵਰਸਿਟੀ ਸਣੇ ਕਈ ਪ੍ਰਮੁੱਖ ਸੰਸਥਾਵਾਂ ਨੇ ਕੰਟੈਂਟ ਕ੍ਰੀਏਸ਼ਨ ਨਾਲ ਜੁੜੇ ਡਿਗਰੀ ਅਤੇ ਸਰਟੀਫਿਕੇਟ ਪ੍ਰੋਗਰਾਮ ਸ਼ੁਰੂ ਕੀਤੇ ਹਨ।
ASU ਨੇ ਸ਼ੁਰੂ ਕੀਤਾ ਖਾਸ ਡਿਗਰੀ ਕੋਰਸ
ਐਰਿਜ਼ੋਨਾ ਸਟੇਟ ਯੂਨੀਵਰਸਿਟੀ ਨੇ ਹਾਲ ਹੀ ਵਿੱਚ ਕੰਟੈਂਟ ਕ੍ਰੀਏਸ਼ਨ ਲਈ ਡਿਗਰੀ ਕੋਰਸ ਸ਼ੁਰੂ ਕੀਤਾ ਹੈ। ਇਹ ਪ੍ਰੋਗਰਾਮ ਉਨ੍ਹਾਂ ਨੌਜਵਾਨਾਂ ਲਈ ਹੈ ਜੋ ਸੋਸ਼ਲ ਮੀਡੀਆ ਇਨਫਲੂਐਂਸਰ, ਡਿਜੀਟਲ ਸਟੋਰੀਟੈਲਰ ਜਾਂ ਪ੍ਰੋਫੈਸ਼ਨਲ ਕੰਟੈਂਟ ਕ੍ਰੀਏਟਰ ਬਣਨਾ ਚਾਹੁੰਦੇ ਹਨ।
ਇਹ ਕੋਰਸ ਵਾਲਟਰ ਕ੍ਰੋਨਕਾਈਟ ਸਕੂਲ ਆਫ਼ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਰਾਹੀਂ ਪੇਸ਼ ਕੀਤਾ ਜਾ ਰਿਹਾ ਹੈ। ਇਸ ਦਾ ਪਾਠਕ੍ਰਮ ASU ਦੀ ਮਾਸ ਕਮਿਊਨੀਕੇਸ਼ਨ ਅਤੇ ਮੀਡੀਆ ਸਟੱਡੀਜ਼ ਡਿਗਰੀ ਨਾਲ ਕਾਫ਼ੀ ਮਿਲਦਾ ਹੈ।
ਪੌਡਕਾਸਟਿੰਗ ਤੇ ਕੈਮਰੇ ਸਾਹਮਣੇ ਪ੍ਰਜ਼ੈਂਸ
ਕੋਰਸ ਵਿੱਚ ਵਿਦਿਆਰਥੀਆਂ ਨੂੰ ਪੌਡਕਾਸਟਿੰਗ, ਸਟੂਡੀਓ ਪ੍ਰੋਡਕਸ਼ਨ ਅਤੇ ਆਨ-ਕੈਮਰਾ ਪ੍ਰਜ਼ੈਂਸ ਵਰਗੇ ਵਿਸ਼ਿਆਂ ਨਾਲ ਜੁੜੇ ਖਾਸ ਇਲੈਕਟਿਵ ਚੁਣਨ ਦਾ ਮੌਕਾ ਮਿਲੇਗਾ। ਇਸ ਤਰ੍ਹਾਂ ਵਿਦਿਆਰਥੀ ਕੰਟੈਂਟ ਤਿਆਰ ਕਰਨ ਅਤੇ ਉਸਨੂੰ ਦਰਸ਼ਕਾਂ ਤੱਕ ਪਹੁੰਚਾਉਣ ਨਾਲ ਜੁੜੀਆਂ ਹੁਨਰਾਂ ’ਤੇ ਧਿਆਨ ਦੇ ਸਕਣਗੇ।
ਹਾਲਾਂਕਿ ਇਸ ਪਹਿਲ ਨੂੰ ਲੈ ਕੇ ਬਹਿਸ ਵੀ ਸ਼ੁਰੂ ਹੋ ਗਈ ਹੈ। ਕੁਝ ਮਾਹਿਰ ਕੰਟੈਂਟ ਕ੍ਰੀਏਸ਼ਨ ਨੂੰ ਡਿਜੀਟਲ ਦੌਰ ਦਾ ਉਭਰਦਾ ਕਰੀਅਰ ਮੰਨਦੇ ਹਨ, ਜਦਕਿ ਆਲੋਚਕ ਸਵਾਲ ਕਰ ਰਹੇ ਹਨ ਕਿ 20 ਅਰਬ ਡਾਲਰ ਤੋਂ ਵੱਧ ਦੀ ਇਸ ਇੰਡਸਟਰੀ ਵਿੱਚ ਮਹਿੰਗੀ ਕਾਲਜ ਡਿਗਰੀ ਕਰਨ ਨਾਲ ਅਸਲ ਨੌਕਰੀ ਦੀ ਕਿੰਨੀ ਗਾਰੰਟੀ ਹੈ।
ASU ਦੀ ਆਲੋਚਨਾ ਕਰਨ ਵਾਲਿਆਂ ਵਿੱਚ ਇੱਕ ਵਰਗ ਕੰਟੈਂਟ ਕ੍ਰੀਏਸ਼ਨ ਨੂੰ ਗੰਭੀਰ ਪੇਸ਼ਾ ਮੰਨਣ ’ਤੇ ਹੀ ਸਵਾਲ ਚੁੱਕਦਾ ਹੈ, ਜਦਕਿ ਦੂਜਾ ਵਰਗ ਸੋਸ਼ਲ ਮੀਡੀਆ ਕਰੀਅਰ ਲਈ ਡਿਗਰੀ ਦੀ ਲੋੜ ’ਤੇ ਸਵਾਲ ਕਰਦਾ ਹੈ।
ਕਈ ਯੂਨੀਵਰਸਿਟੀਆਂ ਦੇ ਰਹੀਆਂ ਨਵੇਂ ਕੋਰਸ
ASU ਅਜਿਹਾ ਕੋਰਸ ਸ਼ੁਰੂ ਕਰਨ ਵਾਲੀ ਇਕੱਲੀ ਸੰਸਥਾ ਨਹੀਂ ਹੈ। ਅਮਰੀਕਾ ਦੀਆਂ ਯੂਨੀਵਰਸਿਟੀਆਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਘਟਣ ਦੇ ਦੌਰ ਵਿੱਚ ਨਵੇਂ ਅਤੇ ਆਕਰਸ਼ਕ ਕੋਰਸ ਸ਼ੁਰੂ ਕਰਨ ਦਾ ਰੁਝਾਨ ਵਧਿਆ ਹੈ। ਕਈ ਸੰਸਥਾਵਾਂ ਕੰਟੈਂਟ ਕ੍ਰੀਏਸ਼ਨ ਨਾਲ ਸਬੰਧਤ ਕਲਾਸਾਂ ਚਲਾ ਰਹੀਆਂ ਹਨ, ਜਦਕਿ ਕਈ ਥਾਵਾਂ ’ਤੇ ਸਰਟੀਫਿਕੇਟ ਅਤੇ ਮਾਈਨਰ ਪ੍ਰੋਗਰਾਮ ਵੀ ਪਹਿਲਾਂ ਤੋਂ ਮੌਜੂਦ ਹਨ।
ਕੌਰਨੈਲ ਯੂਨੀਵਰਸਿਟੀ ਦੀ ਕਮਿਊਨੀਕੇਸ਼ਨ ਪ੍ਰੋਫੈਸਰ ਬਰੂਕ ਐਰਿਨ ਡਫੀ ਮੁਤਾਬਕ ਸੋਸ਼ਲ ਮੀਡੀਆ ਇਨਫਲੂਐਂਸਰ ਹੁਣ ਹਰ ਥਾਂ ਮੌਜੂਦ ਹਨ। ਉਹ ਸ਼ਾਪਿੰਗ, ਲਾਈਫਸਟਾਈਲ, ਸਿਹਤ ਜਾਂ ਰਾਜਨੀਤੀ ਨਾਲ ਸਬੰਧਤ ਕੰਟੈਂਟ ਸਾਂਝਾ ਕਰਦੇ ਹਨ। ਘੱਟ ਫਾਲੋਅਰਜ਼ ਵਾਲੇ ਇਨਫਲੂਐਂਸਰਾਂ ਦੀ ਵੀ ਆਪਣੀ ਵਫ਼ਾਦਾਰ ਆਡੀਅੰਸ ਹੁੰਦੀ ਹੈ, ਜਿਸ ਕਾਰਨ ਬ੍ਰਾਂਡ ਉਨ੍ਹਾਂ ਨੂੰ ਆਪਣੇ ਉਤਪਾਦਾਂ ਬਾਰੇ ਗੱਲ ਕਰਨ ਲਈ ਪੈਸੇ ਵੀ ਦਿੰਦੇ ਹਨ।

