ਕਾਂਗਰਸੀ ਵਿਧਾਇਕ ਲਾਡੀ ਨੇ ਦੱਸਿਆ ਕਾਰਨ, ਕਿ ਕਿਉਂ ਕੀਤੀ ਕਾਂਗਰਸ ‘ਚ ਵਾਪਸੀ

TeamGlobalPunjab
2 Min Read

ਚੰਡੀਗੜ੍ਹ: ਭਾਰਤੀ ਜਨਤਾ ਪਾਰਟੀ ‘ਚ ਸ਼ਾਮਲ ਹੋਣ ਤੋਂ ਸਿਰਫ਼ ਛੇ ਦਿਨਾਂ ਬਾਅਦ ਪੰਜਾਬ ਦੇ ਸ੍ਰੀ ਹਰਗੋਬਿੰਦਪੁਰ ਤੋਂ ਵਿਧਾਇਕ ਬਲਵਿੰਦਰ ਸਿੰਘ ਲਾਡੀ ਮੁੜ ਤੋਂ ਕਾਂਗਰਸ ‘ਚ ਸ਼ਾਮਲ ਹੋ ਗਏ ਹਨ।ਵਿਧਾਇਕ ਬਲਵਿੰਦਰ ਲਾਡੀ ਨੇ ਕਿਹਾ ਕਿ ਉਨ੍ਹਾਂ ਨੂੰ ਕੁਝ ਖਦਸ਼ੇ ਸਨ, ਜਿਸ ਕਾਰਨ ਉਹ ਭਾਜਪਾ ‘ਚ ਗਏ ਪਰ ਹੁਣ ਉਹ ਗੱਲਾਂ ਖਤਮ ਹੋ ਗਈਆਂ ਹਨ। ਹੁਣ ਉਹ ਕਾਂਗਰਸ ਲਈ ਕੰਮ ਕਰਨਗੇ।

ਵਿਧਾਇਕ ਬਲਵਿੰਦਰ ਲਾਡੀ ਨੇ ਕਿਹਾ ਕਿ ਬੀਤੇ ਕੱਲ੍ਹ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ  ਨੂੰ ਮਿਲ ਕੇ ਉਨ੍ਹਾਂ ਕਾਂਗਰਸ ਵਿੱਚ ਵਾਪਸੀ ਕੀਤੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਵਿੱਚ ਵਾਪਸੀ ਪਿੱਛੇ ਹਲਕੇ ਦੇ ਵੋਟਰਾਂ ਤੇ ਸਮਰਥਕਾਂ ਦਾ ਦਬਾਅ ਹੈ। ਵਿਧਾਇਕ ਬਲਵਿੰਦਰ ਲਾਡੀ ਨੇ ਹੁਣ ਦਾਅਵਾ ਕੀਤਾ ਹੈ ਕਿ ਉਹ ਕਾਂਗਰਸ ਵਿੱਚ ਸਨ ਤੇ ਕਾਂਗਰਸ ਵਿੱਚ ਹੀ ਰਹਿਣਗੇ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਟਿਕਟ ਉੱਪਰ ਚੋਣਾਂ ਲੜੀਆਂ ਹਨ ਤੇ ਅੱਗੇ ਵੀ ਕਾਂਗਰਸ ਨਾਲ ਮਿਲ ਕੇ ਲੜਦੇ ਰਹਿਣਗੇ।ਮੁੜ ਕਾਂਗਰਸ ਵਿੱਚ ਸ਼ਾਮਲ ਹੋਣ ਤੋਂ ਬਾਅਦ ਬਲਵਿੰਦਰ ਲਾਡੀ ਨੇ ਕਿਹਾ ਕਿ ਉਨ੍ਹਾਂ ਦੇ ਮਨ ਵਿਚ ਕੋਈ ਖਿਆਲ ਆਇਆ ਸੀ ਕਿ ਉਨ੍ਹਾਂ ਨੂੰ ਅਣਦੇਖਿਆਂ ਕੀਤਾ ਜਾ ਰਿਹਾ ਹੈ, ਪਰ ਹੁਣ ਮੁੱਖ ਮੰਤਰੀ ਸਾਬ ਨੇ ਉਨ੍ਹਾਂ ਦੇ ਭੁਲੇਖੇ ਦੂਰ ਕਰ ਦਿੱਤੇ ਹਨ। ਹੁਣ ਉਹ ਕਾਂਗਰਸ ਲਈ ਡਟ ਕੇ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਉਹ ਪਹਿਲਾਂ ਹੀ ਕਾਂਗਰਸ ਲਈ ਪੂਰੀ ਤਰ੍ਹਾਂ ਡਟ ਕੇ ਕੰਮ ਕਰਦੇ ਰਹੇ ਹਨ।

ਸੂਤਰਾਂ ਮੁਤਾਬਕ ਮੌਜੂਦਾ ਵਿਧਾਇਕ ਲਾਡੀ ਨੂੰ ਪਾਰਟੀ ਟਿਕਟ ਦੇਣ ਦਾ ਭਰੋਸਾ ਦਿੱਤਾ ਗਿਆ ਹੈ। ਵਿਧਾਇਕ ਲਾਡੀ ਐਤਵਾਰ ਰਾਤ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਤੇ ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਦੀ ਮੌਜੂਦਗੀ ਵਿੱਚ ਪਾਰਟੀ ਵਿੱਚ ਮੁੜ ਸ਼ਾਮਲ ਹੋਏ। ਦੱਸ ਦਈਏ ਕਿ ਸ੍ਰੀ ਹਰਗੋਬਿੰਦਪੁਰ ਵਿਧਾਨ ਸਭਾ ਸੀਟ ਤੋਂ ਵਿਧਾਇਕ ਬਲਵਿੰਦਰ ਸਿੰਘ ਲਾਡੀ ਦਾ ਸਿਰਫ਼ ਸੱਤ ਦਿਨਾਂ ਵਿੱਚ ਹੀ ਭਾਜਪਾ ਤੋਂ ਮੋਹ ਭੰਗ ਹੋ ਗਿਆ ਹੈ। ਪਿਛਲੇ ਸਾਲ 28 ਦਸੰਬਰ ਨੂੰ ਉਹ ਕਾਂਗਰਸ ਛੱਡ ਕੇ ਭਾਰਤੀ ਜਨਤਾ ਪਾਰਟੀ (ਭਾਜਪਾ) ਵਿੱਚ ਸ਼ਾਮਲ ਹੋ ਗਏ ਸਨ।

Share this Article
Leave a comment