ਨਵੀਂ ਦਿੱਲੀ: ਦੀਵਾਲੀ ਦੇ ਕੁਝ ਘੰਟਿਆਂ ਬਾਅਦ ਹੀ ਦਿੱਲੀ-ਐਨਸੀਆਰ ਗੈਸ ਚੈਂਬਰ ਬਣ ਗਿਆ ਹੈ। ਦਿੱਲੀ ‘ਚ ਪਟਾਕਿਆਂ ‘ਤੇ ਪਾਬੰਦੀ ਦੇ ਬਾਵਜੂਦ ਦੀਵਾਲੀ ਦੇ ਮੌਕੇ ‘ਤੇ ਵੱਡੇ ਪੱਧਰ ‘ਤੇ ਆਤਿਸ਼ਬਾਜ਼ੀ ਕੀਤੀ ਗਈ। ਇਸ ਕਾਰਨ ਸ਼ਹਿਰ ਵਿੱਚ ਧੂੰਏਂ ਦੇ ਬੱਦਲ ਛਾ ਗਏ ਹਨ। ਦਿੱਲੀ ਦੇ ਕਈ ਖੇਤਰਾਂ ਵਿੱਚ ਏਅਰ ਕੁਆਲਿਟੀ ਇੰਡੈਕਸ (AQI) 700 ਨੂੰ ਪਾਰ ਕਰ ਗਿਆ ਹੈ। ਕੁਝ ਖੇਤਰਾਂ ਵਿੱਚ, AQI 500 ਨੂੰ ਪਾਰ ਕਰ ਗਿਆ ਹੈ। ਦਿੱਲੀ ਦਾ ਔਸਤ AQI 556 ਦਰਜ ਕੀਤਾ ਗਿਆ। ਜਦੋਂ ਕਿ ਆਨੰਦ ਵਿਹਾਰ ਵਿੱਚ 714, ਡਿਫੈਂਸ ਕਲੋਨੀ ਵਿੱਚ 631, ਪਤਪੜਗੰਜ ਵਿੱਚ 513 AQI ਦਰਜ ਕੀਤਾ ਗਿਆ। ਕੁੱਲ ਮਿਲਾ ਕੇ ਦਿੱਲੀ ਦੇ ਵੱਖ-ਵੱਖ ਖੇਤਰਾਂ ਵਿੱਚ ਹਵਾ ਦੀ ਗੁਣਵੱਤਾ ਬਹੁਤ ਖ਼ਰਾਬ ਹਾਲਤ ਵਿੱਚ ਪਹੁੰਚ ਗਈ ਹੈ।
ਮੌਸਮ ਵਿਭਾਗ ਦੇ ਅੰਕੜੇ ਦੱਸਦੇ ਹਨ ਕਿ ਵੀਰਵਾਰ ਸਵੇਰੇ 11:30 ਵਜੇ ਤੋਂ ਸ਼ਾਮ 6 ਵਜੇ ਤੱਕ ਹਵਾ ਦੀ ਰਫ਼ਤਾਰ 12-16 ਕਿਲੋਮੀਟਰ ਪ੍ਰਤੀ ਘੰਟਾ ਸੀ। ਇਸ ਤੋਂ ਬਾਅਦ ਇਸ ਵਿਚ ਗਿਰਾਵਟ ਆਈ ਅਤੇ ਇਹ ਅੰਕੜਾ ਤਿੰਨ ਤੋਂ ਸੱਤ ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚ ਗਿਆ ਪਰ ਸ਼ੁੱਕਰਵਾਰ ਤੜਕੇ ਇਕ ਵਾਰ ਫਿਰ ਇਸ ਵਿਚ ਵਾਧਾ ਹੋਇਆ ਅਤੇ ਸਵੇਰੇ ਇਹ 10 ਕਿਲੋਮੀਟਰ ਪ੍ਰਤੀ ਘੰਟਾ ਤੋਂ ਉਪਰ ਚਲਾ ਗਿਆ। ਦੂਜੇ ਪਾਸੇ ਤਾਪਮਾਨ ਵੀ ਔਸਤ ਤੋਂ ਉਪਰ ਹੈ।
ਦਿੱਲੀ ਦੇ ਵੱਖ-ਵੱਖ ਇਲਾਕਿਆਂ ‘ਚੋਂ ਪ੍ਰਦੂਸ਼ਣ ਦਾ ਕਹਿਰ ਨਾ ਸਿਰਫ਼ ਦੇਖਿਆ, ਸਗੋਂ ਮਹਿਸੂਸ ਵੀ ਹੋ ਰਿਹਾ ਹੈ। ਦਿੱਲੀ ਦੇ NH 9 ‘ਤੇ ਸਟਰੀਟ ਲਾਈਟਾਂ ਦੀ ਮਦਦ ਨਾਲ ਹਵਾ ‘ਚ ਪ੍ਰਦੂਸ਼ਣ ਨੂੰ ਸਾਫ ਦੇਖਿਆ ਜਾ ਸਕਦਾ ਹੈ। ਦੂਜੇ ਪਾਸੇ ਨੋਇਡਾ ਤੋਂ ਦਿੱਲੀ ਤੱਕ ਸੜਕ ‘ਤੇ ਵੀ ਨਜ਼ਾਰਾ ਲਗਭਗ ਇਹੋ ਜਿਹਾ ਹੀ ਸੀ। ਹਰ ਸਾਲ ਦੀਵਾਲੀ ਮੌਕੇ ਹਵਾ ਪ੍ਰਦੂਸ਼ਣ ਇੱਕ ਗੰਭੀਰ ਸਮੱਸਿਆ ਬਣ ਜਾਂਦਾ ਹੈ। ਪਟਾਕਿਆਂ ਨੂੰ ਜ਼ਿਆਦਾ ਮਾਤਰਾ ‘ਚ ਸਾੜਨ ਨਾਲ ਹਵਾ ‘ਚ ਹਾਨੀਕਾਰਕ ਤੱਤ ਵਧ ਜਾਂਦੇ ਹਨ। ਇਸ ਕਾਰਨ ਪ੍ਰਦੂਸ਼ਣ ਦਾ ਪੱਧਰ ਕਈ ਗੁਣਾ ਵੱਧ ਜਾਂਦਾ ਹੈ। ਇਸ ਵਿੱਚ ਸਲਫਰ ਡਾਈਆਕਸਾਈਡ, ਨਾਈਟ੍ਰੋਜਨ ਆਕਸਾਈਡ, ਕਾਰਬਨ ਮੋਨੋਆਕਸਾਈਡ ਅਤੇ ਧੂੜ ਦੇ ਕਣ ਸ਼ਾਮਿਲ ਹਨ। ਇਹ ਹਵਾ ਨੂੰ ਹੋਰ ਜ਼ਹਿਰੀਲਾ ਬਣਾਉਂਦੇ ਹਨ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।