‘ਆਪ’ ਪੰਜਾਬ ‘ਚ ਸੀ.ਐਮ ਚਿਹਰੇ ਨਾਲ ਹੀ ਲੜੇਗੀ 2022 ਦੀ ਚੋਣ: ਜਰਨੈਲ ਸਿੰਘ

TeamGlobalPunjab
6 Min Read

-ਸਰਬ ਪਾਰਟੀ ਮੀਟਿੰਗ ਵਿਚ ਤਿੰਨੇ ਆਰਡੀਨੈਂਸਾਂ ਦਾ ‘ਆਪ’ ਕਰੇਗੀ ਸਖ਼ਤ ਵਿਰੋਧ- ਹਰਪਾਲ ਸਿੰਘ ਚੀਮਾ

-‘ਆਪ’ ਵੱਲੋਂ ਡਿਪਟੀ ਕਮਿਸ਼ਨਰਾਂ ਰਾਹੀਂ ਦੇਸ਼ ਦੇ ਰਾਸ਼ਟਰਪਤੀ ਨੂੰ ਮੰਗ ਪੱਤਰ ਭੇਜ ਕੇ ਤਿੰਨੇ ਆਰਡੀਨੈਂਸਾਂ ਨੂੰ ਤੁਰੰਤ ਰੱਦ ਕਰਨ ਦੀ ਕੀਤੀ ਜਾ ਚੁੱਕੀ ਹੈ ਮੰਗ

-‘ਆਪ’ ਵੱਲੋਂ 24 ਜੂਨ ਨੂੰ ਬਠਿੰਡਾ ਵਿਖੇ ਕੈਪਟਨ ਸਰਕਾਰ ਦੇ ਖ਼ਿਲਾਫ਼ ਕਰੇਗੀ ਰੋਸ ਪ੍ਰਦਰਸ਼ਨ, ਮਨਪ੍ਰੀਤ ਸਿੰਘ ਬਾਦਲ ਦੀ ਕੋਠੀ ਦਾ ਕੀਤਾ ਜਾਵੇਗਾ ਘਿਰਾਓ

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੀ ਕੋਰ ਕਮੇਟੀ ਦੇ ਮੈਂਬਰਾਂ ਅਤੇ ਸਮੂਹ ਵਿਧਾਇਕਾਂ ਨਾਲ ਪੰਜਾਬ ਦੇ ਇੰਚਾਰਜ ਜਰਨੈਲ ਸਿੰਘ ਨਾਲ 2022 ਦੇ ਚੋਣਾਂ ਨੂੰ ਲੈ ਕੇ ਵਿਚਾਰ-ਵਿਟਾਂਦਰਾ ਕਰਨ ਉਪਰੰਤ ਰਣਨੀਤੀ ਬਣਾਈ ਗਈ। ਇਸ ਦੌਰਾਨ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਆਪਣੇ ਸਾਥੀਆਂ ਸਮੇਤ ਜਰਨੈਲ ਸਿੰਘ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ।

- Advertisement -

ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਇੰਚਾਰਜ ਜਰਨੈਲ ਸਿੰਘ ਨੇ ਕਿਹਾ ਕਿ ਜਦੋਂ ਤੋਂ ਦਿੱਲੀ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ, ਉਸ ਸਮੇਂ ਤੋਂ ਹੀ ਪੰਜਾਬ ਦੇ ਲੋਕਾਂ ਵਿਚ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲਿਆ ਹੈ ਅਤੇ ਪੰਜਾਬ ਹਿਤੈਸ਼ੀ ਲੋਕਾਂ ਦੀ ਇੱਕ ਲੰਬੀ ਲਿਸਟ ਬਣ ਗਈ ਹੈ ‘ਆਪ’ ਵਿਚ ਸ਼ਾਮਲ ਹੋਣ ਲਈ। ਉਨ੍ਹਾਂ ਕਿਹਾ ਕਿ ਜੋ ਸ਼ਖ਼ਸ ਪੰਜਾਬ ਦੀ ਭਲਾਈ ਲਈ ‘ਆਪ’ ਵਿਚ ਸ਼ਾਮਲ ਹੋਣ ਚਾਹੁੰਦਾ ਹੈ ਉਸ ਦਾ ਪਾਰਟੀ ਨਿੱਘਾ ਸਵਾਗਤ ਕਰਦੀ ਹੈ।

ਪੰਜਾਬ ਇੰਚਾਰਜ ਜਰਨੈਲ ਸਿੰਘ ਨੇ ਕਿਹਾ ਕਿ ਪਿਛਲੇ ਤਿੰਨ ਮਹੀਨਿਆਂ ਤੋਂ ਦੇਸ਼ ਕੋਰੋਨਾ ਮਹਾਂਮਾਰੀ ਨਾਲ ਜੂਝ ਰਿਹਾ ਹੈ। ਇਸ ਮੁਸ਼ਕਲ ਸਮੇਂ ਵਿਚ ਵੀ ਆਮ ਆਦਮੀ ਪਾਰਟੀ ਦੇ ਸਮੂਹ ਆਗੂਆਂ ਅਤੇ ਵਲੰਟੀਅਰਾਂ ਨਾ ਲੋਕਾਂ ਦੀ ਸੰਭਵ ਮਦਦ ਕੀਤੀ ਹੈ। ਉਨ੍ਹਾਂ ਕਿਹਾ ਕਿ ‘ਆਪ’ ਵੱਲੋਂ ‘ਕੋਰੋਨਾ ਕਾਲਿੰਗ ਕੰਪੇਨ’ ਸ਼ੁਰੂ ਕਰਕੇ ਲੋਕਾਂ ਨੂੰ ਕੋਰੋਨਾ-ਵਾਇਰਸ ਤੋਂ ਬਚਣ ਲਈ ਲੋਕਾਂ ਨਾਲ ਫ਼ੋਨ ‘ਤੇ ਸੰਪਰਕ ਕਰਕੇ ਸੁਝਾਅ ਦਿੱਤੇ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਇਸ ਬਿਮਾਰੀ ਤੋਂ ਬਚਾਇਆ ਜਾ ਸਕੇ।

ਪ੍ਰੈੱਸ ਕਾਨਫ਼ਰੰਸ ਦੌਰਾਨ ਮੀਡੀਆ ਵੱਲੋਂ ਪੁੱਛੇ ਗਏ ਸਵਾਲ ਦਾ ਜਵਾਬ ਦਿੰਦੇ ਜਰਨੈਲ ਸਿੰਘ ਨੇ ਕਿਹਾ ਕਿ ਇਸ ਵਾਰ 2022 ਵਿਚ ਆਮ ਆਦਮੀ ਪਾਰਟੀ ਸੀ.ਐਮ ਚਿਹਰੇ ਦੇ ਨਾਲ ਹੀ ਚੋਣ ਲੜੇਗੀ ਅਤੇ ਸੀ.ਐਮ ਦਾ ਚਿਹਰਾ ਕੋਣ ਹੋਵੇਗਾ ਇਹ ਸਹੀ ਸਮਾਂ ਆਉਣ ‘ਤੇ ਦਸ ਦਿੱਤਾ ਜਾਵੇਗਾ।

ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜਿਹੜੇ ਤਿੰਨ ਆਰਡੀਨੈਂਸ ਕਿਸਾਨੀ ਉਪਜ ਵਪਾਰ ਅਤੇ ਵਣਜ (ਪ੍ਰੋਤਸਾਹਨ ਅਤੇ ਸਹਾਇਕ) ਆਰਡੀਨੈਂਸ-2020, ਕੀਮਤ ਗਰੰਟੀ ਅਤੇ ਖੇਤੀ ਸੇਵਾਵਾਂ ਸੰਬੰਧੀ ਕਿਸਾਨ (ਸ਼ਕਤੀਕਰਨ ਅਤੇ ਸੁਰੱਖਿਆ) ਆਰਡੀਨੈਂਸ-2020 ਅਤੇ ਜ਼ਰੂਰੀ ਵਸਤਾਂ (ਸੋਧ) ਆਰਡੀਨੈਂਸ-2020 ਨੂੰ ਪਾਸ ਕੀਤਾ ਹੈ ਇਨ੍ਹਾਂ ਨਾਲ ਕਿਸਾਨ ਅਤੇ ਖੇਤੀਬਾੜੀ ਨਾਲ ਜੁੜੇ ਸਾਰੇ ਵਰਗਾਂ ਸਮੇਤ ਸੰਘੀ ਢਾਂਚੇ ਤਹਿਤ ਮਿਲੇ ਸੂਬੇ ਦੇ ਅਧਿਕਾਰਾਂ ‘ਤੇ ਸਿੱਧਾ ਹਮਲਾ ਹੋਵੇਗਾ ਨਾਲ ਹੀ ਦੇਸ਼ ਦੀ ਆਰਥਿਕਤਾ, ਦੇਸ਼ ਦੇ ਕਿਸਾਨ, ਮਜ਼ਦੂਰ ਅਤੇ ਦਲਿਤ ਭਾਈਚਾਰਾ ਪੂਰੀ ਤਰਾਂ ਬਰਬਾਦ ਹੋ ਜਾਵੇਗਾ।

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ 24 ਜੂਨ ਨੂੰ ਹੋਣ ਵਾਲੀ ਸਰਬ ਪਾਰਟੀ ਮੀਟਿੰਗ ਵਿਚ ਉਕਤ ਤਿੰਨੇ ਆਰਡੀਨੈਂਸਾਂ ਦਾ ਮੁੱਦਾ ਜ਼ੋਰ ਸ਼ੋਰ ਨਾਲ ਉਠਾਇਆ ਜਾਵੇਗਾ। ਚੀਮਾ ਨੇ ਕਿਹਾ ਕਿ ਸਰਬ ਪਾਰਟੀ ਮੀਟਿੰਗ ਵਿਚ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਵੀ ਹਿੱਸਾ ਲੈਣਗੇ ਅਤੇ ਦੇਸ਼ ਵਿਰੋਧੀ ਪਾਸ ਕੀਤੇ ਆਰਡੀਨੈਂਸਾਂ ਦਾ ਸਖ਼ਤ ਵਿਰੋਧ ਕੀਤਾ ਜਾਵੇਗਾ।

- Advertisement -

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ‘ਆਪ’ ਵੱਲੋਂ ਪੰਜਾਬ ਦੇ ਸਮੂਹ ਆਗੂਆਂ ਵੱਲੋਂ ਪੰਜਾਬ ਜ਼ਿਲ੍ਹੇ ਦੇ ਸਾਰੇ ਹੀ ਡਿਪਟੀ ਕਮਿਸ਼ਨਰਾਂ ਰਾਹੀਂ ਦੇਸ਼ ਦੇ ਰਾਸ਼ਟਰਪਤੀ ਨੂੰ ਇੱਕ ਮੰਗ ਪੱਤਰ ਭੇਜਿਆ ਗਿਆ ਹੈ ਜਿਸ ਵਿਚ ਅਪੀਲ ਕੀਤੀ ਗਈ ਹੈ ਕਿ ਦੇਸ਼ ਲਈ ਘਾਤਕ ਸਿੱਧ ਹੋਣ ਵਾਲੇ ਤਿੰਨੇ ਆਰਡੀਨੈਂਸਾਂ ਨੂੰ ਤੁਰੰਤ ਰੱਦ ਕੀਤਾ ਜਾਵੇਗਾ, ਕਿਉਂਕਿ ਇਹ ਕਿਰਸਾਨੀ ਹਿਤਾਂ ਦੀ ਬਲੀ ਦੇ ਕੇ ਅੰਬਾਨੀਆਂ-ਅਡਾਨੀਆਂ ਦੇ ਹਿਤ ਪੂਰਨ ਲਈ ਥੋਪੇ ਜਾ ਰਹੇ ਹਨ।

ਹਰਪਾਲ ਸਿੰਘ ਚੀਮਾ ਨੇ 2017 ਦੀਆਂ ਚੋਣਾਂ ਵਿਚ ਮਨਪ੍ਰੀਤ ਸਿੰਘ ਬਾਦਲ ਵੱਲੋਂ ਪੰਜਾਬ ਦੀ ਜਨਤਾ ਨਾਲ ਕੀਤਾ ਗਿਆ ਵਾਅਦਾ ਯਾਦ ਕਰਵਾਉਂਦੇ ਕਿਹਾ, ‘‘2017 ਵਿਚ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਸੀ ਕਿ ਮੇਰੇ ਬੁੱਲ੍ਹਾਂ ਵੱਲ ਵੇਖੋ, ਮੇਰੇ ਅੱਖਾਂ ਅਤੇ ਚਿਹਰੇ ਵੱਲ ਵੇਖੋ, ਮੈਂ ਥਰਮਲ ਪਲਾਂਟ ਨੂੰ ਬੰਦ ਨਹੀਂ ਹੋਣ ਦਿਆਂਗਾ।’’ ਅੱਜ ਬੜੇ ਅਫ਼ਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਮਨਪ੍ਰੀਤ ਬਾਦਲ ਪੰਜਾਬ ਦੀ ਜਨਤਾ ਨਾਲ ਕੀਤੇ ਵਾਅਦੇ ਤੋਂ ਸ਼ਰੇਆਮ ਮੁੱਕਰ ਗਏ ਹਨ।

ਚੀਮਾ ਨੇ ਕਿਹਾ ਕਿ ‘ਆਪ’ ਵੱਲੋਂ 24 ਜੂਨ ਨੂੰ ਬਠਿੰਡੇ ਵਿਖੇ ਕੈਪਟਨ ਸਰਕਾਰ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਨ ਦੇ ਨਾਲ ਮਨਪ੍ਰੀਤ ਸਿੰਘ ਬਾਦਲ ਦੀ ਕੋਠੀ ਦਾ ਘਿਰਾਓ ਵੀ ਕਰੇਗੀ। ਚੀਮਾ ਨੇ ਕਿਹਾ ਕਿ 2005-2014 ਦਰਮਿਆਨ ਬਠਿੰਡਾ ਥਰਮਲ ਪਲਾਂਟਾਂ ਦੇ ਯੂਨਿਟਾਂ ਦੀ ਅੰਤਰਰਾਸ਼ਟਰੀ ਪੱਧਰ ਦੀ ਅਪਗ੍ਰੇਡੇਸ਼ਨ ਲਈ 734 ਕਰੋੜ ਰੁਪਏ ਖ਼ਰਚੇ ਗਏ ਸਨ। ਅਰਬਾਂ ਰੁਪਏ ਖ਼ਰਚ ਕੇ 2014 ‘ਚ ਜੋ ਆਖ਼ਰੀ ਯੂਨਿਟ ਅਪਗ੍ਰੇਡ ਕੀਤਾ ਗਿਆ ਸੀ। ਉਸ ਨੂੰ 100 ਘੰਟੇ ਚੱਲਣ ਤੋਂ ਪਹਿਲਾਂ ਹੀ ਬੰਦ ਕਰ ਦਿੱਤਾ ਗਿਆ, ਜਦਕਿ ਕੌਮੀ ਬਿਜਲੀ ਅਥਾਰਿਟੀ ਮੁਤਾਬਿਕ ਬਠਿੰਡਾ ਥਰਮਲ ਪਲਾਂਟ ਦੀ ਮਿਆਦ 2030-31 ਤੱਕ ਸੀ। ਉਨ੍ਹਾਂ ਕਿਹਾ ਕਿ 2 ਸਾਲ ਪਹਿਲਾਂ ਬਠਿੰਡਾ ਥਰਮਲ ਪਲਾਂਟ ਦੇ ਬੋਰਡ ਆਫ਼ ਡਾਇਰੈਕਟਰਜ਼ ਵੱਲੋਂ ਇੱਕ 60 ਮੈਗਾਵਾਟ ਦਾ ਯੂਨਿਟ ਪਰਾਲੀ ਨਾਲ ਚਲਾਉਣ ਲਈ ਪਾਸ ਕਰਕੇ ਕੈਬਨਿਟ ਨੂੰ ਭੇਜਿਆ ਮਤਾ ਕੈਪਟਨ ਸਰਕਾਰ ਅੱਜ ਤੱਕ ਦੱਬੀ ਬੈਠੀ ਹੈ। ਜਦਕਿ ਜੇਕਰ ਪਰਾਲੀ ਨਾਲ ਇੱਕ ਯੂਨਿਟ ਚੱਲਦਾ ਤਾਂ ਥਰਮਲ ਕਰਮਚਾਰੀਆਂ, ਕਿਸਾਨਾਂ ਅਤੇ ਵਾਤਾਵਰਨ ਨੂੰ ਸਿੱਧਾ ਲਾਭ ਹੋਣਾ ਸੀ ਅਤੇ ਮਾਲਵਾ ਖੇਤਰ ‘ਚ ਪਰਾਲੀ ਦੀ ਸਮੱਸਿਆ ਵੀ ਹੱਲ ਹੋ ਜਾਂਦੀ।

ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ‘ਆਪ’ ਵੱਲੋਂ ਇੱਕ ਸਪੈਸ਼ਲ ਸੈੱਲ ਸਥਾਪਿਤ ਕੀਤਾ ਜਾ ਰਿਹਾ ਹੈ। ਇਹ ਸੈੱਲ ਵਿਦੇਸ਼ਾਂ ਵਿਚ ਫਸੇ ਪੰਜਾਬੀਆਂ ਦੀ ਮਦਦ ਕਰੇਗਾ ਅਤੇ ਉਨ੍ਹਾਂ ਨੂੰ ਵਾਪਸ ਆਪਣੇ ਵਤਨ ਲਿਆਉਣ ਲਈ ਹਰ ਸੰਭਵ ਸੁਵਿਧਾ ਪ੍ਰਦਾਨ ਕਰੇਗਾ।

Share this Article
Leave a comment