ਨਸ਼ਾ ਵਿਰੋਧੀ ਮੁਹਿੰਮ ਜਾਂ ਸੱਤਾ ਦੀ ਲਾਲਸਾ !

Global Team
4 Min Read

ਜਗਤਾਰ ਸਿੰਘ ਸਿੱਧੂ
ਮੈਨੇਜਿੰਗ ਐਡੀਟਰ
ਭਾਰਤੀ ਜਨਤਾ ਪਾਰਟੀ ਪਾਰਲੀਮੈਂਟ ਚੋਣਾਂ ਦੇ ਮੱਦੇਨਜ਼ਰ ਹੁਣ ਮੁੱਦਿਆਂ ਨੂੰ ਲੈ ਕੇ ਮੈਦਾਨ ਵਿਚ ਉੱਤਰਣ ਲੱਗੀ ਹੈ। ਭਾਜਪਾ ਵੱਲੋਂ ਪੰਜਾਬ ਵਿਚ ਤੈਅ ਕੀਤਾ ਗਿਆ ਹੈ ਕਿ ਮਾਰਚ ਦੇ ਦੂਜੇ ਹਫ਼ਤੇ ਪੰਜਾਬ ਦੀਆਂ 13 ਪਾਰਲੀਮੈਂਟ ਸੀਟਾਂ ਅੰਦਰ ਨਸ਼ਿਆਂ ਦੀ ਰੋਕਥਾਮ ਲਈ ਯਾਤਰਾ ਕੀਤੀ ਜਾਵੇਗੀ। ਭਾਜਪਾ ਦਾ ਇਹ ਨਿਸ਼ਾਨਾ ਜਿਥੇ ਪੰਜਾਬ ਸਰਕਾਰ ਨੂੰ ਨਸ਼ਿਆਂ ਦੇ ਮੁੱਦੇ ’ਤੇ ਘੇਰੇਗਾ ਉਥੇ ਹੀ ਨਸ਼ਿਆਂ ਦੇ ਖਾਤਮੇ ਲਈ ਪਾਰਟੀ ਵੱਲੋਂ ਕੀਤੇ ਜਾ ਰਹੇ ਯਤਨਾਂ ਨੂੰ ਵੀ ਪੰਜਾਬੀਆਂ ਵਿਚ ਲੈ ਕੇ ਜਾਏਗਾ। ਇਸ ਬਾਰੇ ਕੋਈ ਦੋ ਰਾਏ ਨਹੀਂ ਕਿ ਨਸ਼ਿਆਂ ਵਿਰੁੱਧ ਮੁਹਿੰਮ ਸਵਾਗਤਯੋਗ ਹੈ ਪਰ ਰਾਜਸੀ ਧਿਰਾਂ ਨੂੰ ਇਹ ਮੁੱਦਾ ਚੋਣਾਂ ਵੇਲੇ ਹੀ ਕਿਉਂ ਚੇਤੇ ਆਉਂਦਾ ਹੈ? ਇਹ ਸਾਰਿਆਂ ਨੂੰ ਪਤਾ ਹੈ ਕਿ ਅਕਾਲੀ ਦਲ ਅਤੇ ਭਾਜਪਾ ਗਠਜੋੜ ਵੱਲੋਂ ਪੰਜਾਬ ਵਿਚ ਕਾਫੀ ਲੰਮਾਂ ਸਮਾਂ ਰਾਜ ਕੀਤਾ ਗਿਆ ਹੈ। ਉਸ ਵੇਲੇ ਵੀ ਵਿਰੋਧੀ ਧਿਰ ਵੱਲੋਂ ਨਸ਼ਿਆਂ ਦੇ ਮੁੱਦੇ ਉਪਰ ਬਾਦਲ ਸਰਕਾਰ ਨੂੰ ਘੇਰਿਆ ਜਾਂਦਾ ਸੀ। ਇਹ ਉਹ ਸਮਾਂ ਸੀ ਜਦੋਂ ਪੰਜਾਬ ਵਿਚ ਨਸ਼ਿਆਂ ਦਾ ਮੁੱਦਾ ਸਭ ਤੋਂ ਵਧੇਰੇ ਉਭਰਕੇ ਸਾਹਮਣੇ ਆਇਆ ਹੈ। ਉਸ ਵੇਲੇ ਭਾਜਪਾ ਇਸ ਮੁੱਦੇ ਉਪਰ ਚੁੱਪ ਰਹੀ। ਉਸ ਤੋਂ ਬਾਅਦ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਸੱਤਾ ਵਿਚ ਆਉਣ ਤੋਂ ਪਹਿਲਾਂ ਪੰਜਾਬੀਆਂ ਨੂੰ ਨਸ਼ਾ ਖਤਮ ਕਰਨ ਦਾ ਭਰੋਸਾ ਦਿੱਤਾ ਸੀ ਪਰ ਕੈਪਟਨ ਅਮਰਿੰਦਰ ਸਿੰਘ ਆਪਣੀ ਪਾਰੀ ਪੂਰੀ ਕਰਨ ਤੋਂ ਪਹਿਲਾਂ ਹੀ ਅਹੁਦੇ ਤੋਂ ਪਾਸੇ ਹੋ ਗਏ। ਹੁਣ ਕੈਪਟਨ ਅਮਰਿੰਦਰ ਸਿੰਘ ਭਾਜਪਾ ਵਿਚ ਸ਼ਾਮਿਲ ਹਨ ਅਤੇ ਉਹਨਾਂ ਦੀ ਪਤਨੀ ਪਰਨੀਤ ਕੌਰ ਦੇ ਭਾਜਪਾ ਵਿਚ ਜਾਣ ਦੇ ਸੰਕੇਤ ਹਨ। ਹੁਣ ਅਜਿਹੀਆਂ ਪ੍ਰਸਥਿਤੀਆਂ ਵਿਚ ਪੰਜਾਬ ਅੰਦਰ ਨਸ਼ਿਆਂ ਦੇ ਪਸਾਰ ਲਈ ਕਿਧਰੇ ਭਾਜਪਾ ਵੀ ਸਿੱਧੇ ਜਾਂ ਅਸਿੱਧੇ ਤੌਰ ’ਤੇ ਜ਼ਿੰਮੇਵਾਰ ਨਜ਼ਰ ਆਉਂਦੀ ਹੈ। ਜੇਕਰ ਭਾਜਪਾ ਲਈ ਨਸ਼ਿਆਂ ਦਾ ਮੁੱਦਾ ਅਸਲੋਂ ਹੀ ਗੰਭੀਰ ਹੈ ਤਾਂ ਇਸ ਨੂੰ ਪਾਰਟੀ ਵੱਲੋਂ ਚੋਣਾਂ ਨਾਲ ਜੋੜ ਕੇ ਕਿਉਂ ਦੇਖਿਆ ਜਾ ਰਿਹਾ ਹੈ। ਜੇਕਰ ਕੇਂਦਰ ਸਰਕਾਰ ਦੀ ਗੱਲ ਕਰੀਏ ਤਾਂ ਬਾਰਡਰ ਨਾਲ ਲੱਗਦਾ ਪੰਜਾਬ ਦਾ ਕਾਫੀ ਹਿੱਸਾ ਪਹਿਲਾਂ ਹੀ ਬੀ.ਐੱਸ.ਐਫ. ਦੇ ਕੰਟਰੋਲ ਹੇਠਾਂ ਆ ਚੁੱਕਾ ਹੈ। ਇਸ ਤਰ੍ਹਾਂ ਸਰਹੱਦ ਤੋਂ ਪਾਰ ਆ ਰਹੇ ਨਸ਼ਿਆਂ ਦੀ ਰੋਕਥਾਮ ਲਈ ਸਿੱਧੇ ਤੌਰ ’ਤੇ ਕੇਂਦਰ ਦੀ ਭਾਜਪਾ ਸਰਕਾਰ ਵੀ ਜ਼ਿੰਮੇਵਾਰ ਹੈ।

ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ ਦਿਨਾਂ ਵਿਚ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ਰਾਜ ਦੇ ਸਰਹੱਦੀ ਜ਼ਿਲ੍ਹਿਆਂ ਦਾ ਦੌਰਾ ਕੀਤਾ ਗਿਆ ਅਤੇ ਇਸ ਦੌਰਾਨ ਉਹਨਾਂ ਵੱਲੋਂ ਸਰਹੱਦੀ ਖੇਤਰ ਵਿਚ ਨਸ਼ਿਆਂ ਦੇ ਪਸਾਰ ਬਾਰੇ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ। ਉਸ ਵੇਲੇ ਵੀ ਮੀਡੀਆ ਅੰਦਰ ਇਹ ਚਰਚਾ ਹੋਈ ਸੀ ਕਿ ਨਸ਼ਿਆਂ ਬਾਰੇ ਚਿੰਤਾ ਕਰਨੀ ਤਾਂ ਵਾਜਿਬ ਹੈ ਪਰ ਕੀ ਚੁਣੀ ਹੋਈ ਸਰਕਾਰ ਦੇ ਹੁੰਦੇ ਹੋਏ ਰਾਜਪਾਲ ਵੱਲੋਂ ਇਸ ਤਰ੍ਹਾਂ ਪੰਚਾਂ-ਸਰਪੰਚਾਂ ਨਾਲ ਮੀਟਿੰਗਾਂ ਕੀਤੀਆਂ ਜਾ ਸਕਦੀਆਂ ਹਨ? ਹੁਣ ਭਾਜਪਾ ਇਸ ਮੁੱਦੇ ਉਪਰ ਸਿੱਧੇ ਤੌਰ ’ਤੇ ਮੈਦਾਨ ਵਿਚ ਆ ਗਈ ਹੈ। ਇਸ ਲਈ ਸੁਭਾਵਿਕ ਹੈ ਕਿ ਵਿਰੋਧੀ ਧਿਰਾਂ ਵੱਲੋਂ ਭਾਜਪਾ ਦੀ ਨਸ਼ਾ ਵਿਰੋਧੀ ਯਾਤਰਾ ਨੂੰ ਰਾਜਪਾਲ ਪੁਰੋਹਿਤ ਦੇ ਦੌਰੇ ਨਾਲ ਵੀ ਜੋੜ ਕੇ ਵੇਖਿਆ ਜਾ ਰਿਹਾ ਹੈ। ਇਸ ਦੇ ਬਾਵਜੂਦ ਇਸ ਬਾਰੇ ਵੀ ਕੋਈ ਦੋ ਰਾਏ ਨਹੀਂ ਹੈ ਕਿ ਪੰਜਾਬ ਵਿਚ ਡਰੱਗ ਮਾਫੀਆ ਨੂੰ ਕਾਬੂ ਕਰਨ ਲਈ ਸਿੱਧੇ ਤੌਰ ’ਤੇ ਭਗਵੰਤ ਮਾਨ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿਉਂ ਜੋ ‘ਆਪ’ ਵੀ ਸੱਤਾ ਵਿਚ ਆਉਣ ਤੋਂ ਪਹਿਲਾਂ ਪੰਜਾਬੀਆਂ ਨਾਲ ਨਸ਼ਿਆਂ ਦੇ ਖਾਤਮੇ ਲਈ ਵੱਡੇ ਵਾਅਦੇ ਕਰਦੀ ਰਹੀ ਹੈ। ਇਸ ਬਾਰੇ ਵੀ ਕੋਈ ਦੋ ਰਾਏ ਨਹੀਂ ਕਿ ਪੰਜਾਬ ਦੀ ਜਵਾਨੀ ਨਸ਼ਿਆਂ ਨਾਲ ਲਗਾਤਾਰ ਬਰਬਾਦ ਹੋ ਰਹੀ ਹੈ। ਇਸ ਦੇ ਬਾਵਜੂਦ ਪੰਜਾਬ ਦੀਆਂ ਰਾਜਸੀ ਧਿਰਾਂ ਨਸ਼ਿਆਂ ਦੀ ਰੋਕਥਾਮ ਲਈ ਸੱਚ-ਮੁੱਚ ਹੀ ਸੰਜੀਦਾ ਹਨ ਜਾਂ ਇਸ ਮੁੱਦੇ ਉਪਰ ਵੀ ਉਹਨਾਂ ਦੀ ਸੰਜੀਦਗੀ ਵੋਟਾਂ ਵਟੋਰਨ ਨਾਲ ਜਾ ਜੁੜਦੀ ਹੈ?

Share This Article
Leave a Comment