ਲੌਕਡਾਊਨ ਦੇ ਤਣਾਅ ਨੇ ਲਈ ਇੱਕ ਹੋਰ ਟੀਵੀ ਅਦਾਕਾਰ ਦੀ ਜਾਨ, ਸੋਸ਼ਲ ਮੀਡੀਆ ‘ਤੇ ਛੱਡਿਆ ਦਰਦ ਭਰਿਆ ਸੰਦੇਸ਼

TeamGlobalPunjab
2 Min Read

ਨਿਊਜ਼ ਡੈਸਕ : ਕੋਰੋਨਾ ਮਹਾਮਾਰੀ ਦੌਰਾਨ ਜਾਰੀ ਤਾਲਾਬੰਦੀ ਕਾਰਨ ਪਿਛਲੇ ਦੋ ਮਹੀਨਿਆਂ ਤੋਂ ਲੋਕ ਆਪਣੇ-ਆਪਣੇ ਘਰਾਂ ਅੰਦਰ ਰਹਿਣ ਲਈ ਮਜਬੂਰ ਹਨ। ਇਸ ‘ਚ ਹੀ ਤਾਲਾਬੰਦੀ ਦੌਰਾਨ ਪੈਦਾ ਹੋਏ ਮਾਨਸਿਕ ਤਣਾਅ ਨੇ ਆਖਰਕਾਰ ਇੱਕ ਹੋਰ ਸੰਘਰਸ਼ਸ਼ੀਲ ਟੀਵੀ ਅਦਾਕਾਰਾ ਪ੍ਰੇਸ਼ਾ ਮਹਿਤਾ ਦੀ ਜਾਨ ਲੈ ਲਈ ਹੈ। ਤਾਲਾਬੰਦੀ ਸ਼ੁਰੂ ਹੋਣ ਤੋਂ ਪਹਿਲਾਂ ਪ੍ਰੇਸ਼ਾ ਮੁੰਬਈ ਤੋਂ ਇੰਦੌਰ ਸਥਿਤ ਆਪਣੇ ਘਰ ਵਾਪਸ ਚਲੀ ਗਈ ਸੀ। ਕਾਫੀ ਸਮੇਂ ਤੋਂ ਉਨ੍ਹਾਂ ਕੋਲ ਕੋਈ ਕੰਮ ਨਹੀਂ ਸੀ ਜਿਸ ਕਾਰਨ ਉਸ ਨੂੰ ਲਗਾਤਾਰ ਵੱਧ ਰਹੇ ਲੌਕਡਾਊਨ ਦੇ ਕਾਰਨ ਬੇਰੁਜ਼ਗਾਰੀ ਦੀ ਸਮੱਸਿਆ ਕਾਰਨ ਵੀ ਪ੍ਰੇਸ਼ਾਨ ਸੀ। ਜਿਸ ਦੇ ਚੱਲਦਿਆਂ ਉਸ ਨੇ ਬੀਤੇ ਸੋਮਵਾਰ ਰਾਤ ਨੂੰ ਆਪਣੇ ਕਮਰੇ ਵਿੱਚ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ।

ਪ੍ਰੇਸ਼ਾ ਦੀ ਉਮਰ ਮਹਿਜ਼ 25 ਸਾਲ ਸੀ। ਉਹ ਟੀਵੀ ਸ਼ੋਅ ਜਿਵੇਂ ਕ੍ਰਾਈਮ ਪੈਟਰੋਲ, ਮੇਰੀ ਦੁਰਗਾ ਅਤੇ ਲਾਲ ਇਸ਼ਕ ਵਿਚ ਕੰਮ ਕਰ ਚੁੱਕੀ ਸੀ।  ਸਿਰਫ ਟੀਵੀ ਹੀ ਨਹੀਂ ਬਲਕਿ ਪ੍ਰੇਸ਼ਾ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਕਸ਼ੈ ਕੁਮਾਰ ਦੀ ਫਿਲਮ ‘ਪੈਡਮੈਨ’ ‘ਚ ਵੀ ਨਜ਼ਰ ਆਈ ਸੀ। ਪ੍ਰੇਸ਼ਾ ਆਪਣੇ ਪਰਿਵਾਰ ਨਾਲ ਬਜਰੰਗ ਨਗਰ, ਇੰਦੌਰ ਵਿੱਚ ਰਹਿੰਦੀ ਸੀ। ਬੀਤੀ ਰਾਤ ਖੁਦਕੁਸ਼ੀ ਕਰਨ ਤੋਂ ਪਹਿਲਾਂ ਉਸਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇਕ ਛੋਟਾ ਜਿਹਾ ਸੰਦੇਸ਼ ਛੱਡਿਆ, ਜਿਸ ਵਿਚ ਲਿਖਿਆ ਹੈ,’ਸਭ ਤੋਂ ਬੁਰਾ ਹੁੰਦਾ ਹੈ ਸੁਪਨਿਆਂ ਦਾ ਮਰ ਜਾਣਾ’।

ਜਦੋਂ ਪ੍ਰੇਸ਼ਾ ਦੇ  ਪਰਿਵਾਰ ਵਾਲਿਆਂ ਨੂੰ ਇਸ ਘਟਨਾ ਦਾ ਪਤਾ ਲੱਗਿਆ ਤਾਂ ਉਸਦੇ ਪਰਿਵਾਰ ਵਾਲੇ ਉਸ ਦੀ ਲਾਸ਼ ਨੂੰ ਲੈ ਕੇ ਹਸਪਤਾਲ ਗਏ। ਪਰ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਪ੍ਰੇਸ਼ਾਂ ਦੀ ਮੌਤ ਹੋ ਚੁੱਕੀ ਸੀ। ਤਾਲਾਬੰਦੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਪ੍ਰੇਸ਼ਾ ਆਪਣੇ ਘਰ ਵਾਪਸ ਆ ਗਈ ਸੀ ਅਤੇ ਉਦੋਂ ਤੋਂ ਹੀ ਉਹ ਕਾਫੀ ਪਰੇਸ਼ਾਨ ਚੱਲ ਰਹੀ ਸੀ। ਮਾਮਲੇ ਦੀ ਜਾਂਚ ਕਰ ਰਹੇ ਰਾਜੀਵ ਭਦੋਰੀਆ ਦਾ ਕਹਿਣਾ ਹੈ ਕਿ ਪ੍ਰੇਸ਼ਾ ਨੇ ਆਤਮ ਹੱਤਿਆ ਕਰਨ ਤੋਂ ਪਹਿਲਾਂ ਇੱਕ ਸੁਸਾਈਡ ਨੋਟ ਤਾਂ ਛੱਡਿਆ ਹੈ ਪਰ ਉਸ ‘ਚ ਉਸ ਨੇ ਆਪਣੀ ਆਤਮ ਹੱਤਿਆ ਦਾ ਕਾਰਨ ਨਹੀਂ ਦੱਸਿਆ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਤੁਹਾਨੂੰ ਦੱਸ ਦਈਏ ਕਿ ਹਾਲ ਹੀ ਵਿੱਚ ਇੱਕ ਹੋਰ ਟੀਵੀ ਅਦਾਕਾਰ ਮਨਮੀਤ ਗਰੇਵਾਲ ਨੇ ਆਪਣੇ ਘਰ ਵਿੱਚ ਹੀ ਤਾਲਾਬੰਦੀ ਦੌਰਾਨ ਪੈਦਾ ਹੋਏ ਤਣਾਅ ਕਾਰਨ ਖੁਦਕੁਸ਼ੀ ਕਰ ਲਈ ਸੀ।

- Advertisement -

Share this Article
Leave a comment