ਜੱਸਾ ਸਿੰਘ ਰਾਮਗੜ੍ਹੀਆ ਦੀ ਤੀਜੀ ਜਨਮ ਸ਼ਤਾਬਦੀ ਜਾਹੋ-ਜਲਾਲ ਨਾਲ ਮਨਾਵਾਂਗੇ: ਹਰਜਿੰਦਰ ਸਿੰਘ ਧਾਮੀ

Rajneet Kaur
3 Min Read

ਅੰਮ੍ਰਿਤਸਰ : ਸਿੱਖ ਕੌਮ ਦੇ ਮਹਾਨ ਜਰਨੈਲ ਜੱਸਾ ਸਿੰਘ ਰਾਮਗੜ੍ਹੀਆ ਦੀ 300 ਸਾਲਾ ਜਨਮ ਸ਼ਤਾਬਦੀ ਸਬੰਧੀ ਸਮਾਗਮਾਂ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਐਤਵਾਰ ਨੂੰ ਦਿੱਲੀ ਵਿਖੇ ਵਿਸ਼ੇਸ਼ ਇਕੱਤਰਤਾ ਕੀਤੀ ਗਈ ਜਿਸ ਵਿਚ ਪ੍ਰਮੁੱਖ ਸ਼ਖਸੀਅਤਾਂ ਨੇ ਸ਼ਮੂਲੀਅਤ ਕੀਤੀ। ਸ਼ਤਾਬਦੀ ਦਾ ਮੁੱਖ ਸਮਾਗਮ 5 ਮਈ ਨੂੰ ਅੰਮ੍ਰਿਤਸਰ ਵਿਖੇ ਕੀਤਾ ਜਾਣਾ ਹੈ, ਜਦਕਿ ਇਸ ਤੋਂ ਪਹਿਲਾਂ ਦਿੱਲੀ ਵਿਖੇ ਵੀ ਕਈ ਸਮਾਗਮ ਕੀਤੇ ਜਾਣਗੇ।

ਇਸ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਜੱਸਾ ਸਿੰਘ ਰਾਮਗੜੀਆ ਦੀ ਤੀਜੀ ਜਨਮ ਸ਼ਤਾਬਦੀ ਦੇ ਸਮਾਗਮ ਖਾਲਸਾਈ ਜਾਹੋ-ਜਲਾਲ ਨਾਲ ਮਨਾਏ ਜਾਣਗੇ। ਉਨ੍ਹਾਂ ਕਿਹਾ ਕਿ ਸਰਦਾਰ ਜੱਸਾ ਸਿੰਘ ਰਾਮਗੜੀਆ ਉਹ ਸਿੱਖ ਜਰਨੈਲ ਸੀ, ਜਿਸ ਨੇ ਮੁਗਲ ਬਾਦਸ਼ਾਹ ਦਾ ਦਿੱਲੀ ਤਖ਼ਤ ਪੁੱਟ ਕੇ ਅੰਮ੍ਰਿਤਸਰ ਲਿਆਂਦਾ ਸੀ। 18ਵੀਂ ਸਦੀ ’ਚ ਜੱਸਾ ਸਿੰਘ ਵੱਲੋਂ ਕੀਤੀ ਗਈ ਦਿੱਲੀ ਫ਼ਤਹਿ ਸਿੱਖ ਇਤਿਹਾਸ ਦਾ ਗੌਰਵਸ਼ਾਲੀ ਪੰਨਾ ਹੈ, ਜੋ ਸਿੱਖ ਕੌਮ ਲਈ ਫ਼ਖ਼ਰ ਵਾਲੀ ਗੱਲ ਹੈ। 12 ਮਿਸਲਾਂ ਵਿੱਚੋਂ ਇਕ ਸ਼ਕਤੀਸ਼ਾਲੀ ਮਿਸਲ ਜੱਸਾ ਸਿੰਘ ਰਾਮਗੜ੍ਹੀਆ ਦੀ ਅਗਵਾਈ ਵਿਚ ਚੱਲਦੀ ਸੀ। ਇਸ ਸਿਖ ਜਰਨੈਲ ਦੀ ਤੀਜੀ ਜਨਮ ਸ਼ਤਾਬਦੀ ਦਾ ਮੁੱਖ ਸਮਾਗਮ 5 ਮਈ ਨੂੰ ਅੰਮ੍ਰਿਤਸਰ ਵਿਖੇ ਪੰਥਕ ਰਵਾਇਤਾਂ ਨਾਲ ਕੀਤਾ ਜਾਵੇਗਾ।

ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ 16 ਅਪ੍ਰੈਲ ਨੂੰ ਗੁਰਦੁਆਰਾ ਸ੍ਰੀ ਰਕਾਬ ਗੰਜ ਸਾਹਿਬ ਦਿੱਲੀ ਤੋਂ ਖਾਲਸਾ ਫਤਹਿ ਮਾਰਚ ਅਰੰਭ ਹੋਵੇਗਾ ਜੋ ਡੀਡੀਏ ਮੈਦਾਨ ਹਰੀ ਨਗਰ ਵਿਖੇ ਪਹੁੰਚੇਗਾ। ਇਥੇ 17 ਅਪ੍ਰੈਲ ਨੂੰ ਕੀਰਤਨ ਦਰਬਾਰ ਹੋਵੇਗਾ ਜਿਸ ਵਿਚ ਪੰਥ ਪ੍ਰਸਿੱਧ ਰਾਗੀ ਜਥੇ ਹਾਜ਼ਰੀ ਭਰਨਗੇ। 18 ਅਪ੍ਰੈਲ ਨੂੰ ਇਥੇ ਹੀ ਖਾਲਸਾਈ ਖੇਡਾਂ ਹੋਣਗੀਆਂ।

20 ਅਪ੍ਰੈਲ ਨੂੰ ਗੁਰਦੁਆਰਾ ਛੋਟੇ ਸਾਹਿਬਜ਼ਾਦੇ ਫਤਹਿ ਨਗਰ ਦਿੱਲੀ ਤਂੋ ਖ਼ਾਲਸਾ ਫਤਹਿ ਮਾਰਚ ਅਗਲੇ ਪੜਾਅ ਲਈ ਆਰੰਭ ਹੋਵੇਗਾ ਜੋ ਕਰਨਾਲ ਵਿਖੇ ਰਾਤ ਵਿਸ਼ਰਾਮ ਕਰ ਕੇ 21 ਅਪ੍ਰੈਲ ਨੂੰ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਪਟਿਆਲਾ ਪਹੁੰਚੇਗਾ। 22 ਅਪ੍ਰੈਲ ਨੂੰ ਖਾਲਸਾ ਮਾਰਚ ਗੁਰਦੁਆਰਾ ਬਾਬਾ ਗਾਂਧਾ ਸਿੰਘ ਬਰਨਾਲਾ, 23 ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ, 24 ਨੂੰ ਸ੍ਰੀ ਮੁਕਤਸਰ ਸਾਹਿਬ, 25 ਨੂੰ ਬਜੀਦਪੁਰ, 26 ਨੂੰ ਆਲਮਗੀਰ ਲੁਧਿਆਣਾ, 27 ਸ੍ਰੀ ਫਹਿਤਗੜ੍ਹ ਸਾਹਿਬ ਤੇ 28 ਅਪ੍ਰੈਲ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਰਾਤ ਦਾ ਵਿਸ਼ਰਾਮ ਕਰੇਗਾ।

- Advertisement -

ਇਸੇ ਤਰ੍ਹਾਂ 29 ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਚੱਲ ਕੇ ਰਾਤ ਗੁਰਦੁਆਰਾ ਸ੍ਰੀ ਮੌ ਸਾਹਿਬ ਫਿਲੌਰ, 30 ਨੂੰ ਜਲੰਧਰ, 1 ਮਈ ਨੂੰ ਕਰਤਾਰਪੁਰ, 2 ਨੂੰ ਸੁਲਤਾਨਪੁਰ ਲੋਧੀ ਤੇ 3 ਮਈ ਨੂੰ ਰਾਤ ਦਾ ਵਿਸ਼ਰਾਮ ਤਰਨਤਾਰਨ ਸਾਹਿਬ ਵਿਖੇ ਹੋਵੇਗਾ। 4 ਮਈ ਨੂੰ ਖਾਲਸਾ ਫਤਹਿ ਮਾਰਚ ਦੀ ਸ੍ਰੀ ਅਕਾਲ ਤਖਤ ਸਾਹਿਬ ਪਹੁੰਚ ਕੇ ਸੰਪੂਰਨਤਾ ਹੋਵੇਗੀ। 5 ਮਈ ਨੂੰ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਅੰਮ੍ਰਿਤਸਰ ਵਿਖੇ ਸ਼ਤਾਬਦੀ ਦਾ ਮੁੱਖ ਸਮਾਗਮ ਹੋਵੇਗਾ।

ਇਸ ਮੌਕੇ ਬਲਦੇਵ ਸਿੰਘ ਕਾਇਮਪੁਰ, ਪਰਮਜੀਤ ਸਿੰਘ ਸਰਨਾ, ਮਨਜੀਤ ਸਿੰਘ ਜੀਕੇ, ਹੀਰਾ ਸਿੰਘ ਗਾਬੜੀਆ, ਭਾਈ ਰਜਿੰਦਰ ਸਿੰਘ ਮਹਿਤਾ, ਭਾਈ ਰਾਮ ਸਿੰਘ, ਗੁਰਬਖ਼ਸ਼ ਸਿੰਘ ਖਾਲਸਾ, ਕੁਲਵੰਤ ਸਿੰਘ ਮੰਨਣ, ਸਰਵਣ ਸਿੰਘ ਕੁਲਾਰ, ਸੁਖਵਰਸ਼ ਸਿੰਘ ਪੰਨੂ, ਤੇਜਿੰਦਰਪਾਲ ਸਿੰਘ, ਦਿੱਲੀ ਕਮੇਟੀ ਦੇ ਮੈਂਬਰ ਬੀਬੀ ਰਣਜੀਤ ਕੌਰ, ਸੁਖਵਿੰਦਰ ਸਿੰਘ ਬੱਬਰ, ਸੁਖਦੇਵ ਸਿੰਘ ਰਿਆਤ, ਬਲਵਿੰਦਰ ਸਿੰਘ ਕਾਹਲਵਾਂ, ਪਰਮਜੀਤ ਸਿੰਘ ਸਰੋਆ, ਗੁਰਿੰਦਰ ਸਿੰਘ ਮਥਰੇਵਾਲ, ਸੁਰਿੰਦਰਪਾਲ ਸਿੰਘ ਸਮਾਣਾ ਹਾਜ਼ਰ ਸਨ।

Share this Article
Leave a comment