ਨਿਊਜ਼ ਡੈਸਕ: ਅਮਰੀਕਾ ਵਿੱਚ ਇੱਕ ਹੋਰ ਜਹਾਜ਼ ਹਾਦਸਾ ਵਾਪਰਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉੱਤਰ-ਪੂਰਬੀ ਫਿਲਾਡੇਲਫੀਆ ‘ਚ ਇਕ ਸ਼ਾਪਿੰਗ ਸੈਂਟਰ ਨੇੜੇ ਦੋ ਲੋਕਾਂ ਨੂੰ ਲੈ ਕੇ ਜਾ ਰਿਹਾ ਇਕ ਛੋਟਾ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ‘ਚ ਜ਼ਮੀਨ ‘ਤੇ ਜਾਨੀ ਨੁਕਸਾਨ ਹੋਇਆ ਹੈ। ਫਿਲਾਡੇਲਫੀਆ ਆਫਿਸ ਆਫ ਐਮਰਜੈਂਸੀ ਮੈਨੇਜਮੈਂਟ ਨੇ ਸੋਸ਼ਲ ਮੀਡੀਆ ‘ਤੇ ਘਟਨਾ ਦੀ ਪੁਸ਼ਟੀ ਕੀਤੀ ਕਿਉਂਕਿ ਕਥਿਤ ਕਰੈਸ਼ ਦੇ ਖੇਤਰ ਵਿਚ ਇਕ ਵੱਡੀ ਘਟਨਾ ਵਾਪਰੀ ਹੈ। ਹਾਲਾਂਕਿ ਦਫ਼ਤਰ ਵੱਲੋਂ ਹੋਰ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ (FAA) ਨੇ ਦੱਸਿਆ ਕਿ ਲੀਅਰਜੇਟ 55 ਉੱਤਰ-ਪੂਰਬੀ ਫਿਲਾਡੇਲਫੀਆ ਹਵਾਈ ਅੱਡੇ ਤੋਂ ਉਡਾਣ ਭਰਨ ਤੋਂ ਬਾਅਦ ਮਿਸੌਰੀ ਦੇ ਸਪ੍ਰਿੰਗਫੀਲਡ-ਬ੍ਰੈਨਸਨ ਨੈਸ਼ਨਲ ਏਅਰਪੋਰਟ ਵੱਲ ਜਾ ਰਿਹਾ ਸੀ। ਇਹ ਸਥਾਨਿਕ ਸਮੇਂ ਅਨੁਸਾਰ ਸ਼ਾਮ ਕਰੀਬ 6:30 ਵਜੇ ਕਰੈਸ਼ ਹੋਇਆ। ਜਹਾਜ਼ 1600 ਫੁੱਟ ਦੀ ਉਚਾਈ ‘ਤੇ ਉਤਰਨ ਤੋਂ 30 ਸਕਿੰਟਾਂ ਬਾਅਦ ਰਡਾਰ ਤੋਂ ਗਾਇਬ ਹੋ ਗਿਆ। ਦੱਸ ਦੇਈਏ ਕਿ ਹਾਦਸੇ ਵਾਲੀ ਥਾਂ ਉੱਤਰੀ ਪੂਰਬੀ ਫਿਲਾਡੇਲਫੀਆ ਹਵਾਈ ਅੱਡੇ ਤੋਂ ਲਗਭਗ 4.8 ਕਿਲੋਮੀਟਰ ਦੂਰ ਹੈ, ਜੋ ਮੁੱਖ ਤੌਰ ‘ਤੇ ਵਪਾਰਕ ਜੈੱਟ ਅਤੇ ਚਾਰਟਰ ਉਡਾਣਾਂ ਦੀ ਸੇਵਾ ਕਰਦਾ ਹੈ।
ਪੈਨਸਿਲਵੇਨੀਆ ਦੇ ਗਵਰਨਰ ਜੋਸ਼ ਸ਼ਾਪਰੀਓ ਨੇ ਕਿਹਾ ਕਿ ਉਨ੍ਹਾਂ ਨੇ ਫਿਲਾਡੇਲਫੀਆ ਦੇ ਮੇਅਰ ਨਾਲ ਘਟਨਾ ਬਾਰੇ ਗੱਲ ਕੀਤੀ ਹੈ ਅਤੇ ਸਥਿਤੀ ‘ਤੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਨੇ ਟਵਿੱਟਰ ‘ਤੇ ਲਿਖਿਆ, ‘ਮੈਂ ਫਿਲਾਡੇਲਫੀਆ ਦੇ ਮੇਅਰ ਨਾਲ ਗੱਲ ਕੀਤੀ ਹੈ। ਮੇਰੀ ਟੀਮ ਸਾਰੀਆਂ ਜ਼ਿੰਮੇਵਾਰ ਏਜੰਸੀਆਂ ਦੇ ਸੰਪਰਕ ਵਿੱਚ ਹੈ। ਅਸੀਂ ਉੱਤਰ-ਪੂਰਬੀ ਫਿਲੀ ਵਿੱਚ ਛੋਟੇ ਨਿੱਜੀ ਜਹਾਜ਼ ਹਾਦਸੇ ਦੇ ਰਾਹਤ ਯਤਨਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਮਦਦ ਕਰਨ ਲਈ ਤਿਆਰ ਹਾਂ।
ਇਕ ਨਿਵਾਸੀ ਨੇ ਦੱਸਿਆ ਕਿ ਉਸ ਨੇ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣੀ ਅਤੇ ਉਸ ਦਾ ਘਰ ਹਿੱਲ ਗਿਆ। ਧਮਾਕੇ ਤੋਂ ਬਾਅਦ ਉਸ ਨੂੰ ਲੱਗਾ ਜਿਵੇਂ ਉਸ ‘ਤੇ ਹਮਲਾ ਹੋਇਆ ਹੋਵੇ। ਇਕ ਰਿਹਾਇਸ਼ੀ ਇਲਾਕੇ ਨੇੜੇ ਵਾਪਰੇ ਇਸ ਹਾਦਸੇ ਕਾਰਨ ਕਈ ਘਰਾਂ ਨੂੰ ਅੱਗ ਲੱਗ ਗਈ। ਇਸ ਦਾ ਮਲਬਾ ਪੂਰੇ ਇਲਾਕੇ ਵਿੱਚ ਫੈਲ ਗਿਆ। ਹਫ਼ਤੇ ਦੇ ਦੂਜੇ ਹਵਾਈ ਹਾਦਸੇ ਤੋਂ ਬਾਅਦ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵਾਸ਼ਿੰਗਟਨ ਡੀਸੀ ‘ਚ ਫੌਜ ਦੇ ਹੈਲੀਕਾਪਟਰ ਨਾਲ ਹਵਾਈ ਜਹਾਜ਼ ਦੀ ਟੱਕਰ ਹੋ ਗਈ ਸੀ। ਇਸ ਜਹਾਜ਼ ਵਿਚ ਸਵਾਰ ਸਾਰੇ 64 ਲੋਕਾਂ ਦੀ ਮੌਤ ਹੋ ਗਈ ਹੈ। ਹੈਲੀਕਾਪਟਰ ਵਿੱਚ ਸਫਰ ਕਰ ਰਹੇ ਤਿੰਨ ਲੋਕਾਂ ਦੀ ਵੀ ਮੌਤ ਹੋ ਗਈ ਹੈ। ਦੱਸ ਦਈਏ ਕਿ ਦੋ ਦਹਾਕਿਆਂ ਤੋਂ ਵੱਧ ਸਮੇਂ ਬਾਅਦ ਅਮਰੀਕਾ ਵਿੱਚ ਅਜਿਹੀ ਭਿਆਨਕ ਘਟਨਾ ਦੇਖਣ ਨੂੰ ਮਿਲੀ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।