ਅੰਮ੍ਰਿਤਸਰ: ਅੰਮ੍ਰਿਤਸਰ ਵਿੱਚ ਸੋਸ਼ਲ ਮੀਡੀਆ ਇਨਫਲੂਐਂਸਰ ਅਤੇ ਮੇਕਅੱਪ ਆਰਟਿਸਟ ਮੈਡ ਸੰਧੂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। 29 ਸਾਲਾ ਮੈਡ ਸੰਧੂ ਨੇ ਘਟਨਾ ਤੋਂ ਕਰੀਬ ਇੱਕ ਘੰਟਾ ਪਹਿਲਾਂ ਹੀ ਸ਼ਾਮ 5 ਵਜੇ ਇੰਸਟਾਗ੍ਰਾਮ ’ਤੇ ਇੱਕ ਰੀਲ ਪਾਈ ਸੀ। ਇਸ ਵਿੱਚ ਉਸ ਨੇ ਪੰਜਾਬੀ ਗਾਇਕ ਜੀ ਖਾਨ ਦਾ ਗੀਤ ਲਾਇਆ ਸੀ। ਇਸ ਤੋਂ ਬਾਅਦ ਲਗਭਗ 6 ਵਜੇ ਲੋਹਾਰਕਾ ਰੋਡ ’ਤੇ ਕਾਰ ਵਾਸ਼ ਕਰਵਾਉਣ ਦੌਰਾਨ ਬਾਈਕ ਸਵਾਰ ਦੋ ਨੌਜਵਾਨਾਂ ਵਿੱਚੋਂ ਇੱਕ ਨੇ ਉਸ ਦੇ ਬਿਲਕੁਲ ਨੇੜੇ ਜਾ ਕੇ ਗੋਲੀਆਂ ਚਲਾ ਦਿੱਤੀਆਂ। ਗੰਭੀਰ ਜ਼ਖ਼ਮੀ ਮੈਡ ਸੰਧੂ ਨੂੰ ਨਿੱਜੀ ਹਸਪਤਾਲ ਲਿਜਾਇਆ ਗਿਆ, ਪਰ ਉਸ ਦੀ ਰਾਹ ‘ਚ ਹੀ ਮੌਤ ਹੋ ਗਈ।
ਗੋਲੀਆਂ ਚਲਾ ਕੇ ਫਰਾਰ ਹੋਏ ਹਮਲਾਵਰ
ਚਸ਼ਮਦੀਦ ਮੁਤਾਬਕ ਮੈਡ ਸੰਧੂ ਆਪਣੀ ਕਾਰ ਕਾਰ ਵਾਸ਼ ਲਈ ਛੱਡ ਗਿਆ ਸੀ। ਬਾਅਦ ਵਿੱਚ ਦੋ ਲੜਕੀਆਂ ਉਸ ਨਾਲ ਕਾਰ ਵਾਪਸ ਲੈ ਕੇ ਜਾਣ ਲਈ ਛੱਡਣ ਆਈਆਂ। ਇਸੇ ਦੌਰਾਨ ਬਾਈਕ ’ਤੇ ਦੋ ਨੌਜਵਾਨ ਉੱਥੇ ਪਹੁੰਚੇ। ਇੱਕ ਬਾਈਕ ’ਤੇ ਬੈਠਾ ਰਿਹਾ, ਜਦਕਿ ਦੂਜੇ ਨੇ ਮੈਡ ਸੰਧੂ ਕੋਲ ਜਾ ਕੇ ਫਾਇਰਿੰਗ ਕਰ ਦਿੱਤੀ।
ਚਸ਼ਮਦੀਦ ਦੇ ਅਨੁਸਾਰ ਲਗਭਗ 4 ਤੋਂ 5 ਰਾਊਂਡ ਗੋਲੀਆਂ ਚਲਾਈਆਂ ਗਈਆਂ, ਜਿਨ੍ਹਾਂ ਵਿੱਚੋਂ ਦੋ ਮੈਡ ਸੰਧੂ ਨੂੰ ਲੱਗੀਆਂ। ਘਟਨਾ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ, ਪਰ ਰਸਤੇ ਵਿੱਚ ਉਸ ਦੀ ਮੌਤ ਹੋ ਗਈ। ਮੌਕੇ ਤੋਂ ਗੋਲੀਆਂ ਦੇ ਖੋਲ ਵੀ ਮਿਲੇ ਹਨ ਅਤੇ ਘਟਨਾ ਨਾਲ ਸਬੰਧਤ ਵੀਡੀਓ ਵੀ ਸਾਹਮਣੇ ਆਈ ਹੈ।
ਸੋਸ਼ਲ ਮੀਡੀਆ ’ਤੇ ਬੋਲਡ ਅੰਦਾਜ਼ ਕਾਰਨ ਰਹਿੰਦਾ ਸੀ ਚਰਚਾ ਵਿੱਚ
ਮੈਡ ਸੰਧੂ ਮੇਕਅੱਪ, ਬਿਊਟੀ ਟਿਪਸ, ਫੈਸ਼ਨ, ਲਗਜ਼ਰੀ ਲੁੱਕ, ਕਾਮੇਡੀ, ਲਾਈਫਸਟਾਈਲ ਅਤੇ ਸਮਾਜਿਕ ਮੁੱਦਿਆਂ ਨਾਲ ਸਬੰਧਤ ਰੀਲਾਂ ਬਣਾਉਣ ਲਈ ਜਾਣਿਆ ਜਾਂਦਾ ਸੀ। ਉਸ ਦੇ ਬੋਲਡ ਅੰਦਾਜ਼ ਨੂੰ ਲੈ ਕੇ ਉਸ ਨੂੰ ਸੋਸ਼ਲ ਮੀਡੀਆ ’ਤੇ ਟ੍ਰੋਲ ਵੀ ਕੀਤਾ ਜਾਂਦਾ ਸੀ। ਨਿਹੰਗਾਂ ਵੱਲੋਂ ਵੀ ਉਸ ਨੂੰ ਕਈ ਵਾਰ ਚੇਤਾਵਨੀ ਦਿੱਤੇ ਜਾਣ ਦੀ ਗੱਲ ਸਾਹਮਣੇ ਆਈ ਸੀ।
ਸੋਸ਼ਲ ਮੀਡੀਆ ’ਤੇ ਪਹਿਲਾਂ ਹੀ ਪਛਾਣ ਬਣਾਉਣ ਤੋਂ ਬਾਅਦ ਮੈਡ ਸੰਧੂ ਨੂੰ ਪੰਜਾਬੀ ਫ਼ਿਲਮ ‘ਓਏ ਭੋਲੇ ਓਏ’ ਵਿੱਚ ਵੀ ਕੰਮ ਕਰਨ ਦਾ ਮੌਕਾ ਮਿਲਿਆ ਸੀ।
ਕਤਲ ਦੀ ਜ਼ਿੰਮੇਵਾਰੀ ਲੈਣ ਦੇ ਦਾਅਵੇ
ਕਤਲ ਤੋਂ ਬਾਅਦ ਗੈਂਗਸਟਰ ਗੋਲਡੀ ਢਿੱਲੋਂ ਅਤੇ ਲੱਕੀ ਜੋਹਲ ਸਪੇਨ ਵੱਲੋਂ ਘਟਨਾ ਦੀ ਜ਼ਿੰਮੇਵਾਰੀ ਲੈਣ ਦੇ ਦਾਅਵੇ ਕੀਤੇ ਗਏ ਹਨ। ਗੋਲਡੀ ਢਿੱਲੋਂ ਵੱਲੋਂ ਸੋਸ਼ਲ ਮੀਡੀਆ ’ਤੇ ਕੀਤੀ ਇੱਕ ਪੋਸਟ ਵਿੱਚ ਮੈਡ ਸੰਧੂ ਦੇ ਕੰਟੈਂਟ ’ਤੇ ਇਤਰਾਜ਼ ਜਤਾਉਂਦਿਆਂ ਕਤਲ ਦੀ ਜ਼ਿੰਮੇਵਾਰੀ ਲੈਣ ਦਾ ਦਾਅਵਾ ਕੀਤਾ ਗਿਆ। ਹਾਲਾਂਕਿ, ਇਸ ਪੋਸਟ ਦੀ ਸੁਤੰਤਰ ਪੁਸ਼ਟੀ ਨਹੀਂ ਹੈ।
ਪੁਲਿਸ ਕਮਿਸ਼ਨਰ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਮੈਡ ਸੰਧੂ ਪੰਜਾਬ ਪੁਲਿਸ ਦੇ ਰਿਟਾਇਰਡ ਸਬ-ਇੰਸਪੈਕਟਰ ਦਾ ਪੁੱਤਰ ਸੀ। ਪੁਲਿਸ ਮੁਤਾਬਕ ਮਾਮਲੇ ਵਿੱਚ ਕੁਝ ਠੋਸ ਸੁਰਾਗ ਮਿਲੇ ਹਨ ਅਤੇ ਹਮਲਾਵਰਾਂ ਦੀ ਪਛਾਣ ਤੇ ਗ੍ਰਿਫ਼ਤਾਰੀ ਲਈ ਟੀਮਾਂ ਬਣਾਈਆਂ ਗਈਆਂ ਹਨ।


