ਅੰਮ੍ਰਿਤਪਾਲ ਸਿੰਘ ‘ਤੇ ਲੱਗੇ NSA ਦੀ ਮਿਆਦ ਖ਼ਤਮ, ਹੁਣ ਅਜਨਾਲਾ ਕਾਂਡ ‘ਚ ਚੱਲੇਗਾ ਕੇਸ, ਕੀ ਅੰਮ੍ਰਿਤਸਰ ਆਉਣਗੇ ਵਾਪਸ?

Global Team
2 Min Read

ਅੰਮ੍ਰਿਤਸਰ: ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀਆਂ ਮੁਸ਼ਕਿਲਾਂ ਇੱਕ ਵਾਰ ਫਿਰ ਵਧਦੀਆਂ ਨਜ਼ਰ ਆ ਰਹੀਆਂ ਹਨ। ਅੱਜ ਅੰਮ੍ਰਿਤਪਾਲ ਸਿੰਘ ਨੂੰ ਅਜਨਾਲਾ ਥਾਣੇ ‘ਤੇ ਹੋਏ ਹਮਲੇ ਦੇ ਮਾਮਲੇ ਵਿੱਚ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

ਅੰਮ੍ਰਿਤਪਾਲ ਸਿੰਘ ‘ਤੇ ਲਗਾਇਆ ਗਿਆ ਰਾਸ਼ਟਰੀ ਸੁਰੱਖਿਆ ਕਾਨੂੰਨ (NSA) ਬੀਤੇ ਦਿਨ, 22 ਅਪ੍ਰੈਲ ਨੂੰ ਖ਼ਤਮ ਹੋ ਚੁੱਕਾ ਹੈ। ਇਸ ਸਬੰਧੀ ਪੰਜਾਬ ਪੁਲਿਸ ਦੀ ਇੱਕ ਵਿਸ਼ੇਸ਼ ਟੀਮ ਪਹਿਲਾਂ ਹੀ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਪਹੁੰਚ ਚੁੱਕੀ ਹੈ। NSA ਦੀ ਮਿਆਦ ਪੂਰੀ ਹੋਣ ਤੋਂ ਬਾਅਦ ਹੁਣ ਪੁਲਿਸ ਪੁਰਾਣੇ ਕੇਸਾਂ ਵਿੱਚ ਕਾਰਵਾਈ ਤੇਜ਼ ਕਰ ਰਹੀ ਹੈ।

ਕੀ ਹੈ ਪੂਰਾ ਮਾਮਲਾ ?

ਅੰਮ੍ਰਿਤਪਾਲ ਸਿੰਘ ਦੇ ਵਕੀਲ ਐਡਵੋਕੇਟ ਰਿਤੂਰਾਜ ਸਿੰਘ ਅਨੁਸਾਰ ਅੰਮ੍ਰਿਤਪਾਲ ਸਿੰਘ ਵਿਰੁੱਧ FIR ਨੰਬਰ 39 ਤਹਿਤ ਕਾਰਵਾਈ ਜਾਰੀ ਹੈ। ਇਸ ਕੇਸ ਵਿੱਚ ਇਰਾਦਾ-ਏ-ਕਤਲ, ਸਰਕਾਰੀ ਕਰਮਚਾਰੀਆਂ ‘ਤੇ ਹਮਲਾ, ਦੰਗੇ ਭੜਕਾਉਣ ਅਤੇ ਅਪਰਾਧਿਕ ਸਾਜ਼ਿਸ਼ ਰਚਣ ਵਰਗੇ ਗੰਭੀਰ ਇਲਜ਼ਾਮ ਲਗਾਏ ਗਏ ਹਨ। ਇਸ ਮਾਮਲੇ ਵਿੱਚ ਕੁੱਲ 41 ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਅੰਮ੍ਰਿਤਪਾਲ ਸਿੰਘ ਨੂੰ ਮੁੱਖ ਮੁਲਜ਼ਮ ਮੰਨਿਆ ਜਾ ਰਿਹਾ ਹੈ।

ਐਡਵੋਕੇਟ ਰਿਤੂਰਾਜ ਸਿੰਘ ਨੇ ਵੀ ਮੀਡੀਆ ਨੂੰ ਦੱਸਿਆ ਕਿ ਅੰਮ੍ਰਿਤਪਾਲ ਸਿੰਘ ‘ਤੇ ਲੱਗਾ NSA ਖ਼ਤਮ ਹੋ ਗਿਆ ਹੈ ਪਰ ਅਜਨਾਲਾ ਹਿੰਸਾ ਨਾਲ ਜੁੜੇ ਮਾਮਲੇ ਵਿੱਚ ਕਾਨੂੰਨੀ ਪ੍ਰਕਿਰਿਆ ਜਾਰੀ ਹੈ। ਅੱਜ ਅੰਮ੍ਰਿਤਪਾਲ ਸਿੰਘ ਦੀ ਪੇਸ਼ੀ ਵੀਡੀਓ ਕਾਨਫਰੰਸਿੰਗ ਰਾਹੀਂ ਹੋਵੇਗੀ।

ਪੁਲਿਸ ਰਿਮਾਂਡ ਦੀ ਕਰ ਸਕਦੀ ਹੈ ਮੰਗ

ਅੱਜ ਦੀ ਸੁਣਵਾਈ ਦੌਰਾਨ ਪੰਜਾਬ ਪੁਲਿਸ ਅਦਾਲਤ ਤੋਂ ਅੰਮ੍ਰਿਤਪਾਲ ਸਿੰਘ ਦੇ ਰਿਮਾਂਡ ਦੀ ਮੰਗ ਕਰ ਸਕਦੀ ਹੈ। ਪੁਲਿਸ ਦਾ ਤਰਕ ਹੈ ਕਿ ਅਜਨਾਲਾ ਕਾਂਡ ਦੀ ਡੂੰਘਾਈ ਨਾਲ ਜਾਂਚ ਕਰਨ ਅਤੇ ਪੁੱਛਗਿੱਛ ਲਈ ਅੰਮ੍ਰਿਤਪਾਲ ਦਾ ਰਿਮਾਂਡ ਜ਼ਰੂਰੀ ਹੈ।

ਫਰਵਰੀ 2023 ਵਿੱਚ ਅੰਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਆਪਣੇ ਇੱਕ ਸਾਥੀ ਨੂੰ ਛੁਡਾਉਣ ਲਈ ਅਜਨਾਲਾ ਪੁਲਿਸ ਥਾਣੇ ਦੇ ਬੈਰੀਕੇਡ ਤੋੜ ਕੇ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਸੀ, ਜਿਸ ਦੌਰਾਨ ਪੁਲਿਸ ਨਾਲ ਹਿੰਸਕ ਝੜਪ ਹੋਈ ਸੀ। ਇਸ ਤੋਂ ਬਾਅਦ ਅਪ੍ਰੈਲ 2023 ਵਿੱਚ ਅੰਮ੍ਰਿਤਪਾਲ ਨੂੰ ਮੋਗਾ ਦੇ ਪਿੰਡ ਰੋਡੇ ਤੋਂ ਗ੍ਰਿਫਤਾਰ ਕੀਤਾ ਗਿਆ ਸੀ।

Share This Article
Leave a Comment