ਅੰਮ੍ਰਿਤਸਰ-ਨਿਊ-ਜਲਪਾਈਗੁੜੀ ਦਰਮਿਆਨ ਨਵੀਂ ਅੰਮ੍ਰਿਤ ਭਾਰਤ-ਐਕਸਪ੍ਰੈੱਸ ਸ਼ੁਰੂ, ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਬਿੱਟੂ ਨੇ ਦਿਖਾਈ ਹਰੀ ਝੰਡੀ

Global Team
3 Min Read

ਅੰਮ੍ਰਿਤਸਰ: ਪੰਜਾਬ ਦੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ  ਨਵੀਂ 14664 ਅੰਮ੍ਰਿਤਸਰ-ਨਵੀਂ ਜਲਪਾਈਗੁੜੀ ਅੰਮ੍ਰਿਤ ਭਾਰਤ ਐਕਸਪ੍ਰੈਸ ਟਰੇਨ ਵੀਰਵਾਰ ਨੂੰ ਸ਼ੁਰੂ ਕੀਤੀ ਗਈ ਹੈ। ਰੇਲ ਅਤੇ ਫੂਡ ਪ੍ਰੋਸੈਸਿੰਗ ਉਦਯੋਗ ਦੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਰੇਲਗੱਡੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।

ਇਸ ਮੌਕੇ ਰੇਲਵੇ ਦੇ ਸੀਨੀਅਰ ਅਧਿਕਾਰੀ, ਭਾਜਪਾ ਆਗੂ, ਰੇਲਵੇ ਕਰਮਚਾਰੀ ਅਤੇ ਵੱਡੀ ਗਿਣਤੀ ਵਿੱਚ ਯਾਤਰੀ ਮੌਜੂਦ ਸਨ। ਸਟੇਸ਼ਨ ਨੂੰ ਵਿਸ਼ੇਸ਼ ਤੌਰ ‘ਤੇ ਸਜਾਇਆ ਗਿਆ ਸੀ ਅਤੇ ਨਵੀਂ ਰੇਲਗੱਡੀ ਨੂੰ ਲੈ ਕੇ ਯਾਤਰੀਆਂ ਵਿਚ ਵਿਸ਼ੇਸ਼ ਉਤਸ਼ਾਹ ਸੀ।

ਕਰੀਬ 1900 ਕਿਲੋਮੀਟਰ ਦੀ ਦੂਰੀ ਤੈਅ ਕਰਨ ਵਾਲੀ ਇਹ ਟਰੇਨ ਅੰਮ੍ਰਿਤਸਰ ਨੂੰ ਨਿਊ ਜਲਪਾਈਗੁੜੀ ਨਾਲ ਜੋੜੇਗੀ। ਪ੍ਰੋਗਰਾਮ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਵਨੀਤ ਬਿੱਟੂ ਨੇ ਦੱਸਿਆ ਕਿ ਅੰਮ੍ਰਿਤ ਭਾਰਤ ਰੇਲਗੱਡੀ ਖਾਸ ਤੌਰ ‘ਤੇ ਆਮ ਅਤੇ ਮੱਧ ਵਰਗ ਦੇ ਯਾਤਰੀਆਂ ਨੂੰ ਧਿਆਨ ‘ਚ ਰੱਖ ਕੇ ਤਿਆਰ ਕੀਤੀ ਗਈ ਹੈ, ਤਾਂ ਜੋ ਉਹ ਘੱਟ ਕੀਮਤ ‘ਤੇ ਆਧੁਨਿਕ ਸਹੂਲਤਾਂ ਨਾਲ ਸਫਰ ਕਰ ਸਕਣ। ਉਨ੍ਹਾਂ ਕਿਹਾ ਕਿ ਪੰਜਾਬ ਅਤੇ ਪੂਰਬੀ ਭਾਰਤ ਦਰਮਿਆਨ ਯਾਤਰਾ ਕਰਨ ਵਾਲੇ ਲੋਕਾਂ ਅਤੇ ਸ਼ਰਧਾਲੂਆਂ ਨੂੰ ਇਸ ਰੇਲ ਗੱਡੀ ਦਾ ਵੱਡਾ ਲਾਭ ਮਿਲੇਗਾ।

ਕੇਂਦਰੀ ਮੰਤਰੀ ਨੇ ਕਿਹਾ ਕਿ ਟਰੇਨ 130 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲਣ ਦੇ ਸਮਰੱਥ ਹੈ। ਇਸ ਵਿੱਚ ਯਾਤਰੀਆਂ ਦੀ ਸੁਰੱਖਿਆ ਅਤੇ ਸਹੂਲਤ ਲਈ ਸੀਸੀਟੀਵੀ ਕੈਮਰੇ, ਮੋਬਾਈਲ ਚਾਰਜਿੰਗ ਪੁਆਇੰਟ, ਹੋਰ ਸਮਾਨ ਦੀ ਜਗ੍ਹਾ, ਐਮਰਜੈਂਸੀ ਬਟਨ ਅਤੇ ਸਾਫ਼ ਬਾਥਰੂਮ ਵਰਗੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਟਰੇਨ ਦਾ ਡਿਜ਼ਾਈਨ ਇਸ ਤਰ੍ਹਾਂ ਬਣਾਇਆ ਗਿਆ ਹੈ ਕਿ ਅੱਗ ਲੱਗਣ ਜਾਂ ਹੋਰ ਹਾਦਸਿਆਂ ਦਾ ਖਤਰਾ ਘੱਟ ਹੋਵੇ।

ਇਸ ਦੌਰਾਨ ਰਵਨੀਤ ਬਿੱਟੂ ਨੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਵਿਕਾਸ ਨੂੰ ਲੈ ਕੇ ਵੱਡਾ ਐਲਾਨ ਵੀ ਕੀਤਾ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਰੇਲਵੇ ਸਟੇਸ਼ਨ ਨੂੰ ਵਿਸ਼ਵ ਪੱਧਰੀ ਸਟੇਸ਼ਨ ਵਜੋਂ ਵਿਕਸਤ ਕਰਨ ਲਈ 502 ਕਰੋੜ ਰੁਪਏ ਦਾ ਪ੍ਰਾਜੈਕਟ ਲਿਆਂਦਾ ਗਿਆ ਹੈ। ਇਸ ਤਹਿਤ ਨਵੀਆਂ ਇਮਾਰਤਾਂ, ਵਾਧੂ ਪਲੇਟਫਾਰਮ, ਲੂਪ ਲਾਈਨਾਂ, ਡਾਰਮਿਟਰੀਆਂ, ਏਸੀ ਵੇਟਿੰਗ ਹਾਲ, ਸ਼ਾਪਿੰਗ ਏਰੀਆ ਅਤੇ ਮਨੋਰੰਜਨ ਸਹੂਲਤਾਂ ਵਿਕਸਿਤ ਕੀਤੀਆਂ ਜਾਣਗੀਆਂ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment