ਪ੍ਰਵਾਸੀ ਮਜ਼ਦੂਰਾਂ ਦੀ ਮਦਦ ਲਈ ਅੱਗੇ ਆਏ ਅਮਿਤਾਭ, 500 ਮਜ਼ਦੂਰਾਂ ਲਈ ਬੁੱਕ ਕਰਵਾਈਆਂ ਤਿੰਨ ਫਲਾਈਟਾਂ

TeamGlobalPunjab
2 Min Read

ਮੁੰਬਈ : ਕੋਰੋਨਾ ਮਹਾਮਾਰੀ ਦੌਰਾਨ ਕਈ ਬਾਲੀਵੁੱਡ ਹਸਤੀਆਂ ਗਰੀਬਾਂ ਅਤੇ ਲੋੜਵੰਦ ਲੋਕਾਂ ਦੀ ਮਦਦ ਲਈ ਅੱਗੇ ਆ ਰਹੀਆਂ ਹਨ। ਇਸ ‘ਚ ਹੀ ਹੁਣ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਤੋਂ ਬਾਅਦ ਬਾਲੀਵੁੱਡ ਦੇ ਮਹਾਨਾਇਕ ਬਿਗ-ਬੀ ਯਾਨੀ ਅਮਿਤਾਭ ਬੱਚਨ ਵੀ ਪ੍ਰਵਾਸੀ ਮਜ਼ਦੂਰਾਂ ਦੀ ਮਦਦ ਲਈ ਅੱਗੇ ਆਏ ਹਨ। ਦਰਅਸਲ ਸਦੀ ਦੇ ਮਹਾਨਾਇਕ ਅਮਿਤਾਭ ਬੱਚਨ ਨੇ 500 ਪ੍ਰਵਾਸੀ ਮਜ਼ਦੂਰਾਂ ਨੂੰ ਵਾਰਾਣਸੀ ਪਹੁੰਚਾਉਣ ਲਈ ਤਿੰਨ ਫਲਾਈਟਾਂ ਬੁੱਕ ਕਰਵਾਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਪਹਿਲੀ ਫਲਾਈਟ ਬੁੱਧਵਾਰ ਸਵੇਰੇ 180 ਮਜ਼ਦੂਰਾਂ ਨੂੰ ਲੈ ਕੇ ਉਡਾਣ ਭਰੇਗੀ। ਬਾਕੀ ਦੋ ਫਲਾਈਟਾਂ ਵੀ ਬੁੱਧਵਾਰ ਨੂੰ ਉਡਾਣ ਭਰਨਗੀਆਂ।

ਮਿਡ-ਡੇਅ ਦੀ ਰਿਪੋਰਟ ਅਨੁਸਾਰ ਅਮਿਤਾਭ ਬੱਚਨ ਨੇ ਤਿੰਨ ਫਲਾਈਟਾਂ ਬੁੱਕ ਕੀਤੀਆਂ ਹਨ ਅਤੇ ਇਨ੍ਹਾਂ ਫਲਾਈਟਾਂ ਰਾਹੀਂ 500 ਪ੍ਰਵਾਸੀ ਮਜ਼ਦੂਰਾਂ ਨੂੰ ਵਾਰਾਣਸੀ ਭੇਜਣ ਦੀ ਵਿਵਸਥਾ ਕੀਤੀ ਹੈ। ਰਿਪੋਰਟ ਅਨੁਸਾਰ ਅਮਿਤਾਭ ਦੀ ਕੰਪਨੀ ਏ.ਬੀ. ਕਾਰਪੋਰੇਸ਼ਨ ਲਿਮਿਟਡ ਦੇ ਮੈਨੇਜ਼ਿੰਗ ਡਾਇਰੈਕਟਰ ਰਾਜੇਸ਼ ਯਾਦਵ ਦੀ ਨਿਗਰਾਨੀ ਹੇਠ ਇਹ ਕੰਮ ਹੋ ਰਿਹਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਇਹ ਸਭ ਕੁਝ ਮਦਦ ਲਈ ਕੀਤਾ ਜਾ ਰਿਹਾ ਹੈ ਅਤੇ ਅਮਿਤਾਭ ਬੱਚਨ ਚਾਹੁੰਦੇ ਹਨ ਕਿ ਇਸ ਦਾ ਜ਼ਿਆਦਾ ਪ੍ਰਚਾਰ ਨਹੀਂ ਹੋਣਾ ਚਾਹੀਦਾ। ਅਮਿਤਾਭ ਨੇ ਪ੍ਰਵਾਸੀ ਮਜ਼ਦੂਰਾਂ ਦੀਆਂ ਮੁਸ਼ਕਲਾਂ ਨੂੰ ਸਮਝਦੇ ਹੋਏ ਇਹ ਮਦਦ ਕਰਨ ਦਾ ਫੈਸਲਾ ਕੀਤਾ ਹੈ।

ਅਮਿਤਾਭ ਬੱਚਨ ਪਿਛਲੇ ਦੋ ਮਹੀਨਿਆਂ ਤੋਂ ਬਿਨਾਂ ਐਲਾਨ ਕੀਤੇ ਲਗਾਤਾਰ ਲੋਕਾਂ ਦੀ ਮਦਦ ਕਰ ਰਹੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਵੱਲੋਂ ਲਖਨਊ, ਇਲਾਹਾਬਾਦ, ਗੋਰਖਪੁਰ ਜ਼ਿਲ੍ਹਿਆਂ ਤੋਂ ਲਗਭਗ 250 ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰ ਪਹੁੰਚਾਉਣ ਲਈ ਟਰਾਂਸਪੋਰਟ ਦੀ ਵਿਵਸਥਾ ਵੀ ਕੀਤੀ ਗਈ ਸੀ। ਉਨ੍ਹਾਂ ਵੱਲੋਂ ਪਿਛਲੇ ਦੋ ਮਹੀਨਿਆਂ ਤੋਂ ਲੋੜਵੰਦ ਲੋਕਾਂ ਲਈ ਫੂਡ ਪੈਕਟ ਵੀ ਮੁਹੱਈਆ ਕਰਵਾਏ ਜਾ ਰਹੇ ਹਨ। ਇਸ ਤੋਂ ਇਲਾਵਾ ਉਹ ਹਸਪਤਾਲਾਂ, ਪੁਲਿਸ ਸਟੇਸ਼ਨਾਂ ਅਤੇ ਹੋਰ ਕਈ ਥਾਵਾਂ ‘ਤੇ 20 ਹਜ਼ਾਰ ਤੋਂ ਵੱਧ ਪੀਪੀਈ ਕਿੱਟਾਂ ਦਾਨ ਦੇ ਰੂਪ ‘ਚ ਦੇ ਚੁੱਕੇ ਹਨ।

Share this Article
Leave a comment