ਚੰਡੀਗੜ੍ਹ : ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਲਾਰਜ ਸਕੇਲ ਇੰਡਸਟਰੀ ’ਚ ਕੰਮ ਬੰਦ ਰੱਖਣ ਦਾ ਇਕ ਦਿਨ (ਆਫ ਡੇਅ) ਹੋਰ ਵਧਾ ਦਿੱਤਾ ਹੈ। ਹੁਣ ਇੰਡਸਟਰੀ ਸ਼ਨੀਵਾਰ ਦੀ ਬਜਾਏ ਐਤਵਾਰ ਸਵੇਰੇ ਅੱਠ ਵਜੇ ਤੋਂ ਕੰਮ ਸ਼ੁਰੂ ਕਰ ਸਕੇਗੀ।
ਪਾਵਰਕਾਮ ਦੇ ਨਾਰਥ ਜ਼ੋਨ ’ਚ ਇੰਡਸਟਰੀ ਨੂੰ ਪਹਿਲਾਂ ਦੋ ਦਿਨਾਂ ਲਈ ਵੀਰਵਾਰ ਤੋਂ ਸ਼ਨਿਚਰਵਾਰ ਤੱਕ ਬੰਦ ਰੱਖਣ ਲਈ ਕਿਹਾ ਗਿਆ ਸੀ ਪਰ ਨਵੇਂ ਆਦੇਸ਼ਾਂ ’ਚ ਹੁਣ ਉਨ੍ਹਾਂ ਨੂੰ 48 ਦੀ ਬਜਾਏ 72 ਘੰਟੇ ਕੰਮ ਬੰਦ ਰੱਖਣਾ ਪਵੇਗਾ। ਪਾਵਰਕਾਮ ਦੇ ਨਾਰਥ ਜ਼ੋਨ ਦੇ ਡਿਪਟੀ ਚੀਫ ਇੰਜੀਨੀਅਰ ਐੱਚਐੱਸ ਬਾਂਸਲ ਨੇ ਕਿਹਾ ਕਿ ਕੈਟਾਗਰੀ-ਦੋ ਤੇ ਤਿੰਨ ਦਾ ਵੀਰਵਾਰ ਨੂੰ ਸ਼ੁਰੂ ਕੀਤਾ ਗਿਆ ਆਫ ਡੇਅ ਐਤਵਾਰ ਸਵੇਰੇ ਅੱਠ ਵਜੇ ਤੱਕ ਚੱਲੇਗਾ।
ਇਸਦੇ ਨਾਲ ਹੀ ਕੈਟਾਗਰੀ-ਇਕ ਦੀ ਲਾਰਜ ਸਕੇਲ (ਐੱਲਐੱਸ) ਸਪਲਾਈ ਇੰਡਸਟਰੀ ’ਤੇ ਵੀ ਸ਼ੁੱਕਰਵਾਰ ਨੂੰ ਆਫ ਡੇਅ ਲਾਗੂ ਕਰ ਦਿੱਤਾ ਗਿਆ ਹੈ, ਜਿਹੜਾ ਸੋਮਵਾਰ ਸਵੇਰ ਤਕ ਜਾਰੀ ਰਹੇਗਾ।