ਨਿਊਜ਼ ਡੈਸਕ : ਅਮਰੀਕਾ ਦੇ ਸਿਆਟਲ (Seattle) ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਇਥੇ ਐਤਵਾਰ ਰਾਤ ਇੱਕ ਫੂਡ ਫੈਸਟੀਵਲ ਦੌਰਾਨ ਫਾਇਰਿੰਗ ਨਾਲ ਹਫੜਾ ਦਫੜੀ ਮੱਚ ਗਈ। ਇਸ ਘਟਨਾ ਵਿੱਚ ਕਈ ਲੋਕ ਜ਼ਖਮੀ ਹੋਏ ਹਨ। ਪੁਲਿਸ ਨੇ ਪੂਰੇ ਇਲਾਕੇ ਨੂੰ ਘੇਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਦੱਸਿਆ ਜਾ ਰਿਹਾ ਹੈ ਕਿ ‘ਬਾਈਟ ਆਫ਼ ਸਿਆਟਲ ਫੈਸਟੀਵਲ’ ਦੌਰਾਨ ਇੱਕ ਅਣਪਛਾਤੇ ਬੰਦੂਕਧਾਰੀ ਨੇ ਅੰਧਾਧੁੰਦ ਗੋਲੀਬਾਰੀ ਕਰ ਦਿੱਤੀ। ਇਸ ਗੋਲੀਬਾਰੀ ਵਿੱਚ ਕਈ ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਇਹ ਘਟਨਾ ਐਤਵਾਰ ਨੂੰ ਸਿਆਟਲ ਸੈਂਟਰ ਆਰਮਰੀ ਬਿਲਡਿੰਗ ਦੇ ਠੀਕ ਬਾਹਰ ਵਾਪਰੀ। ਗੋਲੀਬਾਰੀ ਤੋਂ ਬਾਅਦ ਮੌਕੇ ‘ਤੇ ਭਗਦੜ ਵਰਗਾ ਮਾਹੌਲ ਬਣ ਗਿਆ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਅਤੇ ਐਮਰਜੈਂਸੀ ਸੇਵਾਵਾਂ ਨੇ ਵੱਡੇ ਪੱਧਰ ‘ਤੇ ਰਾਹਤ ਅਤੇ ਬਚਾਅ ਮੁਹਿੰਮ ਸ਼ੁਰੂ ਕਰ ਦਿੱਤੀ ਹੈ।
ਸਿਆਟਲ ਪੁਲਿਸ ਨੇ ਪ੍ਰਭਾਵਿਤ ਇਲਾਕੇ ਨੂੰ ਘੇਰ ਲਿਆ ਹੈ ਅਤੇ ਆਮ ਜਨਤਾ ਨੂੰ ਉੱਥੇ ਨਾ ਜਾਣ ਦੀ ਅਪੀਲ ਕੀਤੀ ਹੈ। ਪੁਲਿਸ ਨੇ ਗੋਲੀਬਾਰੀ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਬਾਈਟ ਆਫ਼ ਸਿਆਟਲ ਫੈਸਟੀਵਲ ਦੌਰਾਨ ਆਰਮਰੀ ਦੇ ਬਾਹਰ ਬੈਠੀ ਇਕ ਔਰਤ ਦਾ ਕਹਿਣਾ ਹੈ ਕਿਹਾ ਕਿ ਗੋਲੀਬਾਰੀ ਤੋਂ ਬਾਅਦ ਦਹਿਸ਼ਤ ਤੇਜ਼ੀ ਨਾਲ ਫੈਲ ਗਈ। ਉਨ੍ਹਾਂ ਦੱਸਿਆ ਕਿ ਗੋਲੀਬਾਰੀ ਤੋਂ ਬਾਅਦ ਲੋਕ ਅਚਾਨਕ ਚੀਕਣ-ਚਿੱਲਾਉਣ ਲੱਗੇ ਅਤੇ ਸਿਆਟਲ ਸੈਂਟਰ ਆਰਮਰੀ ਬਿਲਡਿੰਗ ਦੇ ਅੰਦਰ ਭੱਜਣ ਲੱਗੇ। ਇਸ ਦੌਰਾਨ ਭਗਦੜ ਵਰਗੀ ਸਥਿਤੀ ਬਣ ਗਈ ਅਤੇ ਹਰ ਕੋਈ ਆਪਣਾ ਸਮਾਨ ਛੱਡ ਕੇ ਭੱਜ ਰਿਹਾ ਸੀ।
ਦੱਸ ਦਈਏ ਕਿ ਇਹ ਜਗ੍ਹਾ ਸ਼ਹਿਰ ਦੀ ਮਸ਼ਹੂਰ ‘ਸਪੇਸ ਨੀਡਲ’ ਤੋਂ ਲਗਭਗ ਇੱਕ ਬਲਾਕ ਦੀ ਦੂਰੀ ‘ਤੇ ਹੈ। ਚਸ਼ਮਦੀਦਾਂ ਮੁਤਾਬਕ, ਉਨ੍ਹਾਂ ਨੇ ਪ੍ਰੋਗਰਾਮ ਦੌਰਾਨ 7 ਤੋਂ 8 ਗੋਲੀਆਂ ਦੀ ਆਵਾਜ਼ ਸੁਣੀ, ਜਿਸ ਤੋਂ ਬਾਅਦ ਲੋਕ ਜਾਨ ਬਚਾਉਣ ਲਈ ਇੱਧਰ-ਉੱਧਰ ਭੱਜਣ ਲੱਗੇ।ਜ਼ਖਮੀਆਂ ਨੂੰ ਹਾਰਬਰਵਿਊ ਮੈਡੀਕਲ ਸੈਂਟਰ ਵਿੱਚ ਭਰਤੀ ਕਰਵਾਇਆ ਗਿਆ ਹੈ। ਹਾਲਾਂਕਿ, ਪੁਲਿਸ ਨੇ ਅਜੇ ਜ਼ਖਮੀਆਂ ਦੀ ਗਿਣਤੀ ਜਾਂ ਫਾਇਰਿੰਗ ਦੇ ਕਾਰਨਾਂ ਦੀ ਪੁਸ਼ਟੀ ਨਹੀਂ ਕੀਤੀ ਹੈ। ਘਟਨਾ ਤੋਂ ਬਾਅਦ ਸਿਆਟਲ ਸੈਂਟਰ ਦੀ ਮੋਨੋਰੇਲ ਸੇਵਾ ਦਿਨ ਭਰ ਲਈ ਬੰਦ ਕਰ ਦਿੱਤੀ ਗਈ। ਪੁਲਿਸ ਨੇ ਲੋਕਾਂ ਨੂੰ ਇਲਾਕੇ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ ਅਤੇ ਕਿਹਾ ਹੈ ਕਿ ਮਾਮਲੇ ਦੀ ਜਾਂਚ ਜਾਰੀ ਹੈ।

