ਅਮਰੀਕਾ ਤੋਂ ਆਈ ਮੰਦਭਾਗੀ ਖ਼ਬਰ! ਸੜਕ ਹਾਦਸੇ ‘ਚ ਕਰਨਾਲ ਦੇ 20 ਸਾਲਾ ਨੌਜਵਾਨ ਦੀ ਮੌਤ

Global Team
2 Min Read

ਹਰਿਆਣਾ : ਅਮਰੀਕਾ ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਕਰਨਾਲ ਜ਼ਿਲ੍ਹੇ ਦੇ ਪਿੰਡ ਘੋਘੜੀਪੁਰ ਦੇ ਇੱਕ 20 ਸਾਲਾ ਨੌਜਵਾਨ ਦੀ ਅਮਰੀਕਾ ਵਿੱਚ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਇਹ ਨੌਜਵਾਨ ਆਪਣੇ ਪਰਿਵਾਰ ਦੀ ਆਰਥਿਕ ਹਾਲਤ ਸੁਧਾਰਨ ਲਈ ਵਿਦੇਸ਼ ਗਿਆ ਸੀ, ਪਰ ਇਸ ਹਾਦਸੇ ਨੇ ਪੂਰੇ ਪਰਿਵਾਰ ਨੂੰ ਡੂੰਘੇ ਸਦਮੇ ਵਿੱਚ ਪਾ ਦਿੱਤਾ ਹੈ।

ਹੁਣ ਪਰਿਵਾਰਕ ਮੈਂਬਰ ਆਪਣੇ ਪੁੱਤਰ ਦੇ ਆਖਰੀ ਦਰਸ਼ਨਾਂ ਲਈ ਉਸਦੀ ਦੇਹ ਨੂੰ ਭਾਰਤ ਲਿਆਉਣ ਦੀਆਂ ਕੋਸ਼ਿਸ਼ਾਂ ਵਿੱਚ ਜੁਟੇ ਹੋਏ ਹਨ ਅਤੇ ਇਸ ਲਈ ਸਰਕਾਰ, ਪ੍ਰਸ਼ਾਸਨ ਤੇ ਆਮ ਲੋਕਾਂ ਤੋਂ ਮਦਦ ਦੀ ਅਪੀਲ ਕਰ ਰਹੇ ਹਨ।

ਮਿਲੀ ਜਾਣਕਾਰੀ ਅਨੁਸਾਰ ਘੋਘੜੀਪੁਰ ਪਿੰਡ ਦਾ ਆਰਿਅਨ ਮਾਨ ਕਰੀਬ ਇੱਕ ਸਾਲ ਪਹਿਲਾਂ ਅਮਰੀਕਾ ਗਿਆ ਸੀ। ਉੱਥੇ ਉਸਨੂੰ ਨੌਕਰੀ ਵੀ ਮਿਲ ਗਈ ਸੀ ਅਤੇ ਉਸਨੇ ਇੱਕ ਗੱਡੀ ਵੀ ਖਰੀਦ ਲਈ ਸੀ।ਪਰਿਵਾਰ ਨੂੰ ਉਮੀਦ ਸੀ ਕਿ ਆਰਿਅਨ ਵਿਦੇਸ਼ ਵਿੱਚ ਮਿਹਨਤ ਕਰਕੇ ਘਰ ਦੀ ਆਰਥਿਕ ਸਥਿਤੀ ਨੂੰ ਬਿਹਤਰ ਬਣਾਏਗਾ।

ਦੋ ਦਿਨ ਪਹਿਲਾਂ ਆਰਿਅਨ ਕਿਤੇ ਜਾ ਰਿਹਾ ਸੀ ਕਿ ਉਹ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ। ਹਾਦਸੇ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਮੁਰਦਾਘਰ ਵਿੱਚ ਰਖਵਾ ਦਿੱਤਾ। ਇਸ ਘਟਨਾ ਤੋਂ ਬਾਅਦ ਪਰਿਵਾਰ ਗਹਿਰੇ ਸੋਗ ਵਿੱਚ ਹੈ। ਆਰਿਅਨ ਮਾਨ ਆਪਣੇ ਮਾਤਾ-ਪਿਤਾ ਦਾ ਇਕਲੌਤਾ ਪੁੱਤਰ ਸੀ ਅਤੇ ਉਹੀ ਪਰਿਵਾਰ ਦੀਆਂ ਉਮੀਦਾਂ ਦਾ ਸਹਾਰਾ ਵੀ ਸੀ। ਉਸ ਦੀ ਅਚਾਨਕ ਮੌਤ ਨਾਲ ਪਰਿਵਾਰ ਪੂਰੀ ਤਰ੍ਹਾਂ ਟੁੱਟ ਗਿਆ ਹੈ।

ਮਾਤਾ-ਪਿਤਾ ਆਪਣੇ ਪੁੱਤਰ ਦੇ ਆਖਰੀ ਦਰਸ਼ਨ ਕਰਨਾ ਚਾਹੁੰਦੇ ਹਨ, ਪਰ ਆਰਥਿਕ ਹਾਲਤ ਕਮਜ਼ੋਰ ਹੋਣ ਕਾਰਨ ਲਾਸ਼ ਨੂੰ ਭਾਰਤ ਲਿਆਉਣਾ ਉਨ੍ਹਾਂ ਲਈ ਸੰਭਵ ਨਹੀਂ ਹੋ ਰਿਹਾ। ਪਰਿਵਾਰ ਦੀ ਮਦਦ ਲਈ ਹੁਣ ‘ਗੋ ਫੰਡ’ ਰਾਹੀਂ ਆਰਥਿਕ ਸਹਾਇਤਾ ਜੁਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਿੰਡ ਦੇ ਲੋਕ ਅਤੇ ਜਾਣਕਾਰ ਵੀ ਅੱਗੇ ਆ ਕੇ ਸਹਾਇਤਾ ਕਰ ਰਹੇ ਹਨ, ਤਾਂ ਜੋ ਆਰਿਅਨ ਦੀ ਦੇਹ ਪਿੰਡ ਲਿਆ ਕੇ ਉਸ ਦਾ ਅੰਤਿਮ ਸੰਸਕਾਰ ਕੀਤਾ ਜਾ ਸਕੇ। ਸਮਾਜ ਸੇਵੀ ਰਣਬੀਰ ਲੋਹਾਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅੱਗੇ ਆ ਕੇ ਪਰਿਵਾਰ ਦੀ ਮਦਦ ਕਰਨ, ਤਾਂ ਜੋ ਮਾਤਾ-ਪਿਤਾ ਆਪਣੇ ਪੁੱਤਰ ਨੂੰ ਅੰਤਿਮ ਵਿਦਾਈ ਦੇ ਸਕਣ।

 

Share This Article
Leave a Comment