ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦਾ ਬੀਤੀ ਕੱਲ੍ਹ ਗੱਠਜੋੜ ਟੁੱਟਣ ਤੋਂ ਬਾਅਦ ਸਾਰੀਆਂ ਵਿਰੋਧੀ ਧਿਰਾਂ ਨੇ ਅਕਾਲੀ ਦਲ ਵਿਰੁੱਧ ਟਿੱਪਣੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਜੇਕਰ ਗੱਲ ਆਮ ਆਦਮੀ ਪਾਰਟੀ ਦੀ ਚਲਦੀ ਹੋਵੇ ਤਾਂ ਉਹ ਤਾਂ ਪਹਿਲਾਂ ਵੀ ਅਕਾਲੀ ਦਲ ਨੂੰ ਲੰਬੇ ਹੱਥੀਂ ਲੈਂਦੀ ਰਹਿੰਦੀ ਹੈ। ਇਸੇ ਸਿਲਸਿਲੇ ‘ਚ ਪਾਰਟੀ ਦੇ ਸੀਨੀਅਰ ਆਗੂ ਅਮਨ ਅਰੋੜਾ ਨੇ ਇੱਕ ਵਾਰ ਫਿਰ ਅਕਾਲੀ ਦਲ ਨੂੰ ਲੈ ਕੇ ਸਖਤ ਪ੍ਰਤੀਕਿਰਿਆ ਦਿੱਤੀ ਹੈ। ਅਰੋੜਾ ਦਾ ਕਹਿਣਾ ਹੈ ਕਿ ਅਕਾਲੀ ਦਲ ਹੁਣ ਇੱਕ ਡੁੱਬਦਾ ਜਹਾਜ ਹੈ ਅਤੇ ਇਹ ਆਮ ਲੋਕਾਂ ਦੇ ਨਾਲ ਭਾਜਪਾ ਆਗੂ ਵੀ ਸਮਝ ਚੁਕੇ ਹਨ।
ਅਰੋੜਾ ਨੇ ਕਿਹਾ ਕਿ ਇਸੇ ਕਰਕੇ ਹੀ ਜਿੱਥੇ ਅਕਾਲੀ ਦਲ ਪੁਰਾਣੇ ਆਗੂ ਅਤੇ ਟਕਸਾਲੀ ਛੱਡ ਕੇ ਜਾ ਰਹੇ ਹਨ ਉੱਥੇ ਹੀ ਪਹਿਲਾਂ ਬੀਜੇਪੀ ਨੇ ਹਰਿਆਣਾ ਵਿਧਾਨ ਸਭਾ ਚੋਣਾਂ ‘ਚ ਬਿਲਕੁਲ ਮੌਕੇ ‘ਤੇ ਅਕਾਲੀ ਦਲ ਨੂੰ ਜਵਾਬ ਦੇ ਦਿੱਤਾ ਤੇ ਹੁਣ ਦਿੱਲੀ ਚੋਣਾਂ ਵਿੱਚ ਟਿਕਟਾਂ ਲਈ ਜਵਾਬ ਮਿਲ ਰਿਹਾ ਹੈ। ਇੱਥੇ ਹੀ ਉਨ੍ਹਾਂ ਸੀਏਏ ਦੇ ਵਿਰੋਧ ‘ਚ ਅਕਾਲੀ ਦਲ ਦੇ ਚੋਣ ਨਾ ਲੜਨ ਵਾਲੇ ਬਿਆਨ ਨੂੰ ਵੀ ਅਮਨ ਅਰੋੜਾ ਨੇ ਝੂਠ ਗਰਦਾਨ ਦਿੱਤਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਸੀਨੀਅਰ ਆਗੂ ਹਰਸਿਮਰਤ ਕੌਰ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਪਾਰਲੀਮੈਂਟ ‘ਚ ਨਾਗਰਿਕਤਾ ਸੋਧ ਕਨੂੰਨ ਦੇ ਹੱਕ ਵਿੱਚ ਸਨ।