ਕਿਸਾਨਾਂ ਨੂੰ ਖੇਤ ਵਿੱਚ ਹੀ ਪਰਾਲੀ ਸੰਭਾਲਣ ਤੇ ਚੌਥੇ ਸਾਲ ਤੋਂ ਕਣਕ ਲਈ ਨਾਈਟ੍ਰੋਜਨ ਬਚਾਉਣ ਦੇ ਤਰੀਕੇ

TeamGlobalPunjab
6 Min Read

-ਰਾਜੀਵ ਕੁਮਾਰ ਗੁਪਤਾ

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਅਤੇ ਸੂਬੇ ਦੀਆਂ ਪਸਾਰ ਏਜੰਸੀਆਂ ਦੀਆਂ ਅਣਥੱਕ ਕੋਸ਼ਿਸ਼ਾਂ ਅਤੇ ਪੰਜਾਬ ਦੇ ਕਿਸਾਨਾਂ ਦੀ ਮਿਹਨਤ ਸਦਕਾ ਝੋਨੇ ਵਾਲੇ ਖੇਤਾਂ ਵਿੱਚ ਕਣਕ ਦੀ ਬਿਜਾਈ ਲਈ ਪਰਾਲੀ ਨੂੰ ਖੇਤ ਵਿੱਚ ਵਾਹੁਣ ਜਾਂ ਹੈਪੀ ਸੀਡਰ ਤਕਨੀਕ ਦੀ ਵਰਤੋਂ ਕਰਨ ਨਾਲ ਅਸੀਂ ਪਿਛਲੇ ਦੋ ਸਾਲਾਂ ਵਿੱਚ 50 ਪ੍ਰਤੀਸ਼ਤ ਝੋਨੇ ਹੇਠ ਰਕਬੇ ਦੀ ਪਰਾਲੀ ਨੂੰ ਖੇਤ ਵਿੱਚ ਬਿਨਾਂ ਅੱਗ ਲਾਇਆਂ ਸੰਭਾਲਣ ਵਿੱਚ ਕਾਮਯਾਬ ਹੋਏ ਹਾਂ। ਝੋਨੇ ਦੀ ਪਰਾਲੀ ਦੀ ਸੰਭਾਲ ਲਈ ਲੰਮੇਂ ਸਮੇਂ ਲਈ ਕੀਤੇ ਖੋਜ ਤਜਰਬਿਆਂ (ਅੱਠ ਸਾਲ) ਤੋਂ ਇਹ ਸਿੱਧ ਹੁੰਦਾ ਹੈ ਕਿ ਤਿੰਨ ਸਾਲ ਲਗਾਤਾਰ ਝੋਨੇ ਦੀ ਪਰਾਲੀ ਨੂੰ ਖੇਤ ਵਿੱਚ ਵਾਹ ਕੇ ਜਾਂ ਖੇਤ ਵਿੱਚ ਰੱਖ ਕੇ ਚੌਥੇ ਸਾਲ ਤੋਂ ਅਸੀਂ 11 ਪ੍ਰਤੀਸ਼ਤ ਕਣਕ ਦਾ ਝਾੜ ਵਧਾ ਸਕਦੇ ਹਾਂ। ਇਹ ਤਜਰਬਾ ਲਗਾਤਾਰ ਚੱਲ ਰਿਹਾ ਹੈ ਅਤੇ ਹੁਣ ਇਹ 12ਵੇਂ ਸਾਲ ਵਿੱਚ ਹੈ।

ਫ਼ਸਲਾਂ ਦੀ ਰਹਿੰਦ-ਖੂਹੰਦ ਵਿੱਚ ਬਹੁਤ ਸਾਰੇ ਖ਼ੁਰਾਕੀ ਤੱਤ ਹੁੰਦੇ ਹਨ। ਇਕ ਟਨ ਝੋਨੇ ਦੀ ਪਰਾਲੀ ਵਿੱਚ ਤਕਰੀਬਨ 5.5 ਕਿਲੋ ਨਾਈਟਰੋਜਨ, 2.3 ਕਿਲੋ ਫਾਸਫੋਰਸ, 25 ਕਿਲੋ ਪੋਟਾਸ਼ੀਅਮ, 1.2 ਕਿਲੋ ਗੰਧਕ, 400 ਕਿਲੋ ਕਾਰਬਨ ‘ਤੇ ਨਾਲ ਹੀ ਬਹੁਤ ਸਾਰੇ ਛੋਟੇ ਤੱਤ ਹੁੰਦੇ ਹਨ।ਇਨ੍ਹਾਂ ਵੱਡਮੁੱਲੇ ਤੱਤਾਂ ਦੀ ਹੋਂਦ ਇਸ ਗੱਲ ‘ਤੇ ਨਿਰਭਰ ਕਰਦੀ ਹੈ ਕਿ ਅਸੀਂ ਪਰਾਲੀ ਨੂੰ ਖੇਤ ਵਿੱਚ ਕਿਹੜੇ ਢੰਗ ਨਾਲ ਸੰਭਾਲਿਆ ਹੈ।

ਸਾਰਣੀ ਨੰ.1 ਵਿੱਚ ਦਿੱਤੇ ਗਏ ਤੱਥ, ਝੋਨੇ ਦੀ ਪਰਾਲੀ ਨੂੰ 6 ਟਨ ਪ੍ਰਤੀ ਹੈਕਟੇਅਰ ਮੰਨ ਕੇ ਕੱਢੇ ਗਏ ਹਨ। ਸਾਰਣੀ ਨੰ. 1 ਇਹ ਦਰਸਾਉਂਦੀ ਹੈ ਕਿ ਕਣਕ ਦੀ ਬਿਜਾਈ ਤੋਂ ਪਹਿਲਾਂ ਝੋਨੇ ਦੀ ਪਰਾਲੀ ਨੂੰ ਖੇਤ ਵਿੱਚੋਂ ਬਾਹਰ ਕੱਢਣ ਨਾਲ 33 ਕਿਲੋ ਨਾਈਟਰੋਜਨ, 13.8 ਕਿਲੋ ਫਾਸਫੋਰਸ (ਫ2ੌ5), 150 ਕਿਲੋ ਪੋਟਾਸ਼ੀਅਮ (ਖ2ੌ), 7.2 ਕਿਲੋ ਗੰਧਕ ਅਤੇ 2400 ਕਿਲੋ ਕਾਰਬਨ ਤੋਂ ਇਲਾਵਾ ਛੋਟੇ ਤੱਤਾਂ ਦਾ ਹਰ ਸਾਲ ਨੁਕਸਾਨ ਹੁੰਦਾ ਹੈ। ਦੂਜੇ ਪਾਸੇ, ਜੇਕਰ ਅਸੀਂ ਪਰਾਲੀ ਨੂੰ ਅੱਗ ਲਗਾਉਂਦੇ ਹਾਂ ਤਾਂ 30 ਕਿਲੋ ਨਾਈਟਰੋਜਨ, 3.5 ਕਿਲੋ ਫਾਸਫੋਰਸ (ਫ2ੌ5), 30 ਕਿਲੋ ਪੋਟਾਸ਼ੀਅਮ (ਖ2ੌ), 6.48 ਕਿਲੋ ਗੰਧਕ ਅਤੇ 2400 ਕਿਲੋ ਕਾਰਬਨ ਦਾ ਨੁਕਸਾਨ ਕਰ ਬੈਠਦੇ ਹਾਂ ਜਿਸ ਦੀ ਕੀਮਤ 1960 ਰੁਪਏ ਪ੍ਰਤੀ ਹੈਕਟੇਅਰ ਬਣਦੀ ਹੈ। 20 ਮਿਲੀਅਨ ਟਨ ਝੋਨੇ ਦੀ ਪਰਾਲੀ ਸਾੜਨ ਨਾਲ ਪੰਜਾਬ ਦੇ ਕਿਸਾਨਾਂ ਨੂੰ ਹਰ ਸਾਲ 650 ਕਰੋੜ ਰੁਪਏ ਦਾ ਨੁਕਸਾਨ ਹੁੰਦਾ ਹੈ। ਉਪਰੋਕਤ ਲੇਖੇ ਜੋਖੇ ਵਿੱਚ ਕਿ ਅੱਗ ਲਗਾਉਣ ਨਾਲ ਕਾਰਬਨ ‘ਤੇ ਛੋਟੇ ਤੱਤਾਂ ਦੇ ਨੁਕਸਾਨ ਦੀ ਕੀਮਤ ਹਿਸਾਬ ਵਿੱਚ ਨਹੀਂ ਜੋੜੀ ਗਈ। ਪੈਸੇ ਦੇ ਨੁਕਸਾਨ ਤੋਂ ਬਿਨਾਂ, ਇੱਕ ਹੈਕਟੇਅਰ ਦੀ ਪਰਾਲੀ ਸਾੜਨ ਨਾਲ ਤਕਰੀਬਨ 9090 ਕਿਲੋ ਕਾਰਬਨ ਡਾਈਆਕਸਾਈਡ, 552 ਕਿਲੋ ਕਾਰਬਨ ਮੋਨੋਆਕਸਾਈਡ, 24 ਕਿਲੋ ਨਾਈਟ੍ਰਸ ਆਕਸਾਈਡ, 2.4 ਕਿਲੋ ਸਲਫਰ ਆਕਸਾਈਡ, 16.2 ਕਿਲੋ ਮੀਥੇਨ ਅਤੇ 94.2 ਕਿਲੋ ਗ਼ੈਰ-ਮਿਥੇਨ ਉਡਣਯੋਗ ਜੈਵਿਕ ਪਦਾਰਥ ਨਿਕਲਦੇ ਹਨ ਜੋ ਸਾਡੇ ਵਾਤਾਵਰਣ ਨੂੰ ਪਲੀਤ ਕਰਦੇ ਹਨ।

- Advertisement -

ਪਰਾਲੀ ਨੂੰ ਸੰਭਾਲਣ ਦੇ ਵੱਖ-ਵੱਖ ਢੰਗਾਂ ਦਾ ਤੱਤਾਂ ਦੀ ਮਾਤਰਾ ‘ਤੇ ਅਸਰ

ਝੋਨੇ ਦੀ ਪਰਾਲੀ ਨੂੰ 3 ਸਾਲਾਂ ਤੋਂ ਵੱਧ ਲਗਾਤਾਰ ਖੇਤ ਵਿੱਚ ਰੱਖਣ ਜਾਂ ਵਾਹੁਣ ਨਾਲ ਇਸ ਵਿਚਲੇ ਖ਼ੁਰਾਕੀ ਤੱਤ ਹਰ ਸਾਲ ਗਲਣ ਪਿੱਛੋਂ ਖੇਤ ਦੀ ਮਿੱਟੀ ਵਿੱਚਲੇ ਤੱਤਾਂ ਵਿੱਚ ਵਾਧਾ ਕਰਦੇ ਹਨ। ਝੋਨੇ ਦੀ ਪਰਾਲੀ ਨੂੰ ਲਗਾਤਾਰ ਖੇਤ ਵਿੱਚ ਸਾਂਭਣ ਨਾਲ ਫ਼ਸਲਾਂ ਦਾ ਝਾੜ ਤਾਂ ਵਧਦਾ ਹੀ ਹੈ ਅਤੇ ਇਸ ਦੇ ਨਾਲ ਹੀ ਰਵਾਇਤੀ ਕਣਕ-ਝੋਨੇ ਦੇ ਫ਼ਸਲੀ ਚੱਕਰ ਨਾਲਂੋ ਇਹਨਾਂ ਖੇਤਾਂ ਵਿੱਚ ਯਕੀਨਨ ਖਾਦਾਂ ਦੀ ਲੋੜ ਘੱਟ ਪਵੇਗੀ। ਮੈਰਾ ਰੇਤਲੀ ਮਿੱਟੀ ਵਿੱਚ 9 ਸਾਲ ਦੇ ਲੰਬੇ ਸਮੇਂ ਲਈ ਕੀਤੇ ਖੋਜ ਤਜ਼ਰਬਿਆਂ ਦੇ ਨਤੀਜਿਆਂ ਤੋਂ ਇਹ ਸਿੱਟਾ ਨਿਕਲਦਾ ਹੈ ਕਿ ਦਸਵੇਂ ਸਾਲ ਤੋਂ ਪਰਾਲੀ ਬਾਹਰ ਕੱਢੇ ਜਾਂ ਅੱਗ ਲਗਾਏ ਖੇਤਾਂ (ਜਿੱਥੇ ਸਿਫਾਰਿਸ਼ ਕੀਤੀ ਨਾਈਟ੍ਰੋਜਨ ਖਾਦ (110 ਕਿਲੋ ਯੂਰੀਆ) ਪਾਈ ਸੀ) ਨਾਲੋਂ ਪਰਾਲੀ ਸਾਂਭੇ (ਪਰਾਲੀ ਰੱਖਣ (ਹੈਪੀ ਸੀਡਰ) ਜਾਂ ਵਾਹੁਣ) ਖੇਤਾਂ ਵਿੱਚ 90 ਕਿਲੋ ਯੂਰੀਆ ਨਾਲ ਅਸੀਂ ਕਣਕ ਦਾ 10% ਵੱਧ ਝਾੜ ਪ੍ਰਾਪਤ ਕਰ ਸਕਦੇ ਹਾਂ। ਇੱਥੇ ਇਹ ਗੱਲ ਵੀ ਦੱਸਣ ਯੋਗ ਹੈ ਕਿ ਅਸੀਂ ਪਰਾਲੀ ਸਾਂਭੇ ਖੇਤਾਂ ਵਿੱਚ 90 ਕਿਲੋ ਯੂਰੀਆ ਨਾਲ ਪਰਾਲੀ ਬਾਹਰ ਕੱਢੇ ਖੇਤਾਂ ਵਿੱਚ 130 ਕਿਲੋ ਯੂਰੀਆ ਨਾਲੋ ਕਣਕ ਦਾ ਵੱਧ ਝਾੜ ਲੈ ਸਕਦੇ ਹਾਂ। ਇਹ ਸਿੱਟਾ ਕੱਢਣ ਲਈ ਕਿ ਪਰਾਲੀ ਸਾਂਭੇ ਖੇਤਾਂ ਵਿੱਚ ਕਿਹੜੇ ਸਾਲ ਤੋਂ ਅਸੀਂ ਨਾਈਟ੍ਰੋਜਨ ਖਾਦ ਦੀ ਵਰਤੋਂ ਘਟਾ ਸਕਦੇ ਹਾਂ, ਦੋ ਹੋਰ ਲੰਬੇ ਸਮੇਂ ਲਈ ਖੋਜ਼ ਤਜ਼ਰਬੇ ਕੀਤੇ ਗਏ ਜਿੱਥੇ ਐਸ. ਐਮ.ਐਸ. ਲ਼ੱਗੀ ਕੰਬਾਈਨ ਨਾਲ ਕੱਟੇ ਝੋਨੇ ਦੇ ਵੱਢ ਵਿੱਚ ਹੈਪੀ ਸੀਡਰ ਨਾਲ ਸਿਫਾਰਿਸ਼ ਯੂਰੀਆ ਖਾਦ ਵਰਤ ਕੇ ਕਣਕ ਦੀ ਲਗਾਤਾਰ 3 ਸਾਲ ਬਿਜਾਈ ਕੀਤੀ ਗਈ ਅਤੇ ਚੌਥੇ ਸਾਲ ਵਿੱਚ ਨਾਈਟ੍ਰੋਜਨ ਦੀ ਲੋੜ ਨੂੰ ਘੋਖਿਆ ਗਿਆ।ਇਹਨਾਂ ਤਜਰਬਿਆਂ ਦੇ ਨਤੀਜੇ ਇਹ ਦਰਸਾਉਂਦੇ ਹਨ ਕਿ ਹੈਪੀ ਸੀਡਰ ਨਾਲ ਬੀਜੀ ਕਣਕ ਵਿੱਚ ਸਿਫਾਰਿਸ਼ ਕੀਤੀ ਯੂਰੀਆ ਖਾਦ (110 ਕਿਲੋ ਪ੍ਰਤੀ ਏਕੜ) ਨਾਲੋਂ 20 ਕਿਲੋ ਯੂਰੀਆ ਦੀ ਘੱਟ ਵਰਤੋਂ ਨਾਲ ਅਸੀਂ 10 % ਵੱਧ ਝਾੜ ਪ੍ਰਾਪਤ ਕਰ ਸਕਦੇ ਹਾਂ। ਵੱਧ ਝਾੜ ਤੋਂ ਇਲਾਵਾ ਪਰਾਲੀ ਸਾਭੇਂ ਖੇਤਾਂ ਵਿੱਚ ਇਹ ਦੇਖਿਆ ਗਿਆ ਹੈ ਕਿ ਮਿੱਟੀ ਦੀ ਸਿਹਤ ਵਿੱਚ ਵੀ ਚੋਖਾ ਸੁਧਾਰ ਹੁੰਦਾ ਹੈ। ਖੋਜ਼ ਤਜਰਬਿਆਂ ਦੇ ਨਤੀਜਿਆਂ ਨੂੰ ਘੋਖਣ ਤੋਂ ਬਾਅਦ ਕਿਸਾਨ ਵੀਰਾਂ ਨੂੰ ਇਹ ਹਦਾਇਤ ਕਰਦੇ ਹਾਂ ਕਿ ਚੌਥੇ ਸਾਲ ਤੋਂ ਬਾਅਦ ਇਹਨਾਂ ਖੇਤਾਂ ਵਿੱਚ 20 ਕਿਲੋ ਘੱਟ ਯੂਰੀਆ ਦੀ ਵਰਤੋਂ ਕੀਤੀ ਜਾ ਸਕਦੀ ਹੈ। ਪਹਿਲੇ ਤਿੰਨ ਸਾਲਾਂ ਵਿੱਚ ਖੇਤ ਵਿੱਚ ਪਰਾਲੀ ਮਿਲਾਉਣ ਤੋਂ ਬਾਅਦ ਜਾਂ ਹੈਪੀ ਸੀਡਰ ਨਾਲ ਬੀਜੀ ਕਣਕ ਨੂੰ ਸਿਫਾਰਿਸ਼ ਕੀਤੀਆਂ ਖਾਦਾਂ ਹੀ ਪਾਉ ਅਤੇ ਇਹ ਯਕੀਨੀ ਬਣਾਉ ਕਿ ਪਰਾਲੀ ਨੂੰ ਕਦੇ ਵੀ ਅੱਗ ਨਹੀਂ ਲਗਾਉਣੀ ਜਾਂ ਖੇਤ ਵਿੱਚੋ ਬਾਹਰ ਨਹੀਂ ਕੱਢਣਾ।ਕਿਉਂਕਿ ਸਾਲ ਵਰ ਸਾਲ ਪਰਾਲੀ ਬਾਹਰ ਕੱਢਣ ਨਾਲ ਅਸੀਂ 25% ਜਿਆਦਾ ਖਾਦਾਂ ਵਰਤ ਕੇ ਵੀ ਉਨਾਂ ਝਾੜ ਨਹੀਂ ਲੈ ਸਕਾਂਗੇ ਜਿਨ੍ਹਾਂ ਅਸੀਂ ਪਰਾਲੀ ਸਾਂਭੇ ਖੇਤਾਂ ਵਿੱਚ ਸਿਫਾਰਿਸ਼ ਨਾਲੋਂ ਵੀ 20 ਕਿਲੋ ਘੱਟ ਯੂਰੀਆ ਵਰਤਕੇ ਵਧੇਰੇ ਝਾੜ ਪ੍ਰਾਪਤ ਕਰ ਸਕਦੇ ਹਾਂ।

ਸੰਪਰਕ: 81462-00940

Share this Article
Leave a comment