Home / ਓਪੀਨੀਅਨ / ਅਕਾਲੀ ਦਲ ਕਿਉਂ ਝੁਕਿਆ ਦਿੱਲੀ ਦਰਬਾਰ ‘ਚ, ਭਰੋਸੇਯੋਗਤਾ ਨੂੰ ਲੱਗੀ ਵੱਡੀ ਸੱਟ

ਅਕਾਲੀ ਦਲ ਕਿਉਂ ਝੁਕਿਆ ਦਿੱਲੀ ਦਰਬਾਰ ‘ਚ, ਭਰੋਸੇਯੋਗਤਾ ਨੂੰ ਲੱਗੀ ਵੱਡੀ ਸੱਟ

-ਜਗਤਾਰ ਸਿੰਘ ਸਿੱਧੂ

ਚੰਡੀਗੜ੍ਹ: ਕੀ ਅਕਾਲੀ ਦਲ ਬੁਰੀ ਤਰ੍ਹਾਂ ਲੜਖੜਾ ਗਿਆ ਹੈ? ਅਕਾਲੀ ਦਲ ਦੇ ਪੈਰਾਂ ਹੋਠੋਂ ਜ਼ਮੀਨ ਖਿਸਕ ਚੁੱਕੀ ਹੈ? ਅਜਿਹੇ ਬਹੁਤ ਸਾਰੇ ਸੁਆਲਾਂ ਦੇ ਘੇਰੇ ‘ਚ ਅਕਾਲੀ ਦਲ ਆ ਚੁੱਕਿਆ ਹੈ। ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਮੌਕੇ ਭਾਰਤੀ ਜਨਤਾ ਪਾਰਟੀ ਵੱਲੋਂ ਜੋ ਅਕਾਲੀ ਦਲ ਨਾਲ ਕੀਤੀ ਗਈ ਹੈ ਉਸ ਤੋਂ ਲੱਗਦਾ ਹੈ ਕਿ ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਦੀ ਸਥਿਤੀ ਭਾਜਪਾ ਗਠਜੋੜ ‘ਚ ਬਹੁਤ ਕਮਜ਼ੋਰ ਪੈ ਗਈ ਹੈ। ਅਕਾਲੀ ਦਲ ਇਸ ਗਠਜੋੜ ਦਾ ਡਰਾਇੰਗ ਰੂਮ ‘ਚ ਸਜਾਏ ਗੁਲਦਸ਼ਤੇ ਦੀ ਤਰ੍ਹਾਂ ਇੱਕ ਸ਼ਿੰਗਾਰ ਬਣ ਕੇ ਰਹਿ ਗਿਆ ਹੈ।

ਕੇਂਦਰ ‘ਚ ਮੋਦੀ ਦੀ ਅਗਵਾਈ ਹੇਠ ਭਾਜਪਾ ਦੀ ਦੂਜੀ ਵਾਰ ਸਰਕਾਰ ਬਣਨ ਬਾਅਦ ਤਾਂ ਅਕਾਲੀ ਦਲ ਦੀ ਸਥਿਤੀ ਹੋਰ ਵੀ ਪੇਤਲੀ ਪੈ ਗਈ ਹੈ। ਅਕਾਲੀ ਦਲ ਨੇ ਦਿੱਲੀ ਚੋਣਾਂ ਵੇਲੇ ਭਾਜਪਾ ਤੋਂ ਸੀਟਾਂ ਦੀ ਮੰਗ ਕੀਤੀ ਪਰ ਭਾਜਪਾ ਦੀ ਲੀਡਰਸ਼ਿਪ ਨੇ ਇਸ ਮੰਗ ਦੀ ਕੋਈ ਪ੍ਰਵਾਹ ਨਹੀਂ ਕੀਤੀ। ਇਸ ਤੋਂ ਪਹਿਲਾਂ ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ ਵੇਲੇ ਵੀ ਅਕਾਲੀ ਦਲ ਨੇ ਭਾਜਪਾ ਤੋਂ ਸੀਟਾਂ ਦੀ ਮੰਗ ਕੀਤੀ ਸੀ ਪਰ ਭਾਜਪਾ ਨੇ ਸੀਟ ਤਾਂ ਕੋਈ ਕੀ ਦੇਣੀ ਸੀ ਸਗੋਂ ਹਰਿਆਣਾ ਅੰਦਰ ਅਕਾਲੀ ਦਲ ਦੇ ਇਕਲੌਤੇ ਵਿਧਾਇਕ ਨੂੰ ਵੀ ਚੋਣਾਂ ਤੋਂ ਪਹਿਲਾਂ ਭਾਜਪਾ ‘ਚ ਸ਼ਾਮਲ ਕਰ ਲਿਆ।

ਮੌਜੂਦਾ ਸਥਿਤੀ ‘ਚ ਅਕਾਲੀ ਦਲ ਨੇ ਦਿੱਲੀ ਵਿਧਾਨ ਸਭਾ ਚੋਣਾਂ ਦਾ ਪਹਿਲਾਂ ਬਾਈਕਾਟ ਕਰ ਦਿੱਤਾ। ਕਿਹਾ ਗਿਆ ਕਿ ਨਾਗਰਿਕਤਾ ਸੋਧ ਐਕਟ ‘ਚ ਮੁਸਲਿਮ ਭਾਈਚਾਰੇ ਨੂੰ ਸ਼ਾਮਲ ਨਾ ਕਰਨ ਵਿਰੁੱਧ ਅਕਾਲੀ ਦਲ ਨੇ ਦਿੱਲੀ ਦੀ ਚੋਣ ਦਾ ਬਾਈਕਾਟ ਕਰਨ ਦਾ ਫੈਸਲਾ ਕੀਤਾ ਹੈ। ਇਸ ਨਾਲ ਮੀਡੀਆ ‘ਚ ਰੌਲਾ ਪੈ ਗਿਆ ਕਿ ਅਕਾਲੀ-ਭਾਜਪਾ ਦਾ ਨਹੁੰ ਮਾਸ ਦਾ ਰਿਸ਼ਤਾ ਟੁੱਟਣ ਲੱਗਾ ਹੈ। ਵਿਰੋਧੀਆਂ ਨੇ ਮੰਗ ਕਰ ਦਿੱਤੀ ਕਿ ਕੇਂਦਰੀ ਕੈਬਨਿਟ ‘ਚੋਂ ਬੀਬਾ ਹਰਸਿਮਰਤ ਬਾਦਲ ਅਸਤੀਫਾ ਦੇਵੇ। ਬਾਈਕਾਟ ਦੇ ਫੈਸਲੇ ਦੇ ਦੋ ਦਿਨ ਬਾਅਦ ਹੀ ਅਕਾਲੀ ਦਲ ਨੇ ਪੈਂਤੜਾ ਬਦਲਿਆ ਕਿ ਚੋਣਾਂ ਬਾਰੇ ਫੈਸਲਾ ਦਿੱਲੀ ਦੀ ਪਾਰਟੀ ਇਕਾਈ ਹੀ ਕਰੇਗੀ। ਨਾਲ ਹੀ ਦਿੱਲੀ ‘ਚ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੰਢਾ ਦਿੱਲੀ ‘ਚ ਤੈਅ ਪ੍ਰੋਗਰਾਮ ਅਨੁਸਾਰ ਸੁਖਬੀਰ ਬਾਦਲ ਦੇ ਘਰ ਆ ਗਏ। ਉਸ ਬਾਅਦ ਤਾਂ ਸਭ ਕੁਝ ਹੀ ਬਦਲ ਗਿਆ।

ਸੁਖਬੀਰ ਬਾਦਲ ਨੇ ਐਲਾਨ ਕੀਤਾ ਕਿ ਅਕਾਲੀ-ਭਾਜਪਾ ਗਠਜੋੜ ਤਾਂ ਸਦੀਵੀ ਹੈ ਤੇ ਪੰਜਾਬ ਦੀ ਸ਼ਾਂਤੀ ਤੇ ਸੱਭਿਆਚਾਰ ਦਾ ਰਾਖਾ ਹੈ। ਅਕਾਲੀ ਦਲ ਨੇ ਦਿੱਲੀ ਦੀਆਂ ਚੋਣਾਂ ‘ਚ ਭਾਜਪਾ ਦੀ ਮਦਦ ਦਾ ਬਗੈਰ ਸ਼ਰਤ ਦੇ ਐਲਾਨ ਕਰ ਦਿੱਤਾ। ਅਕਾਲੀਆਂ ਦੀ ਲੀਡਰਸ਼ਿਪ ਦੀ ਇਹ ਕੈਸੀ ਮਜ਼ਬੂਰੀ ਹੋਵੇਗੀ ਕਿ ਉਸ ਨੇ ਭਾਜਪਾ ਦੇ ਜੈਕਾਰੇ ਬੁਲਾਉਣੇ ਸ਼ੁਰੂ ਕਰ ਦਿੱਤੇ। ਇਸ ਦਾ ਜੁਆਬ ਤਾਂ ਅਕਾਲੀ ਦਲ ਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੀ ਦੇ ਸਕਦਾ ਹੈ ਪਰ ਵਿਰੋਧੀ ਪੁੱਛ ਰਹੇ ਹਨ ਕਿ ਨਾਗਰਿਕਤਾ ਸੋਧ ਐਕਟ ‘ਚ ਮੁਸਲਿਮ ਭਾਈਚਾਰੇ ਨੂੰ ਸ਼ਾਮਲ ਕਰਨ ਦਾ ਸਟੈਂਡ ਕਿੱਥੇ ਗਿਆ? ਵਿਰੋਧੀ ਆਖ ਰਹੇ ਹਨ ਕਿ ਕੇਂਦਰ ‘ਚ ਬੀਬਾ ਹਰਸਿਮਰਤ ਬਾਦਲ ਦੀ ਵਜ਼ਾਰਤ ਬਚਾਉਣ ਲਈ ਅਕਾਲੀ ਦਲ ਨੇ ਭਾਜਪਾ ਦਾ ਸਭ ਕੁਝ ਪ੍ਰਵਾਨ ਕਰ ਲਿਆ ਹੈ।

ਪੰਜਾਬ ਦੇ ਹਿੱਤਾਂ ਲਈ ਮੋਰਚੇ ਲਾਉਣ ਵਾਲਾ ਅਕਾਲੀ ਦਲ ਕਿੱਥੇ ਗਿਆ? ਪੰਜਾਬ ਦੀਆਂ ਜੇਲ੍ਹਾਂ ਭਰਨ ਵਾਲੇ ਅਕਾਲੀ ਕਿੱਧਰ ਚਲੇ ਗਏ? ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਵਜੋਂ ਪੰਜਾਬ ਦੀ ਪਹਿਚਾਣ ਸੀ। ਅਕਾਲੀ ਦਲ ਦੀ ਲੀਡਰਸ਼ਿਪ ਪੰਜਾਬ ਦੇ ਹੱਕ ‘ਚ ਕੋਈ ਸੱਦਾ ਦਿੰਦੀ ਸੀ ਤਾਂ ਦਿੱਲੀ ਦਰਬਾਰ ਨੂੰ ਭਾਜੜਾਂ ਪੈ ਜਾਂਦੀਆਂ ਸਨ। ਇਹ ਕਿਹੋ ਜਿਹੀ ਸਥਿਤੀ ਆ ਗਈ ਹੈ ਕਿ ਅਕਾਲੀ ਦਲ ਕੇਂਦਰ ‘ਚ ਮੰਤਰੀਆਂ ਨੂੰ ਯਾਦ ਪੱਤਰ ਦੇ ਕੇ ਮੀਡੀਆ ‘ਚ ਖਬਰਾਂ ਲੁਆਉਣ ਤੱਕ ਸੀਮਤ ਰਹਿ ਗਿਆ ਹੈ। ਅਜਿਹੀ ਸਥਿਤੀ ‘ਚ ਜਦੋਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਆਉਣਗੀਆਂ ਤਾਂ ਭਾਜਪਾ 117 ਸੀਟਾਂ ‘ਚੋਂ ਅੱਧੀਆਂ ਸੀਟਾਂ ਦੀ ਮੰਗ ਕਰ ਸਕਦੀ ਹੈ। ਅਕਾਲੀ ਦਲ ਭਾਜਪਾ ਦੀ ਚੜ੍ਹਤ ਅੱਗੇ ਬਹੁਤ ਨੀਵਾਂ ਹੋ ਕੇ ਰਹਿ ਗਿਆ ਹੈ। ਦੇਸ਼ ਦੀਆਂ ਘੱਟ ਗਿਣਤੀਆਂ ਦੇ ਹੱਕ ‘ਚ ਕੇਵਲ ਰਸਮੀ ਬਿਆਨ ਤੱਕ ਅਕਾਲੀ ਨੇਤਾ ਸੀਮਤ ਰਹਿ ਗਏ ਹਨ।

ਪਿਛਲੇ ਸਮੇਂ ‘ਚ ਜੇਕਰ ਨਜ਼ਰ ਮਾਰੀ ਜਾਵੇ ਤਾਂ ਕੇਂਦਰ ਦੀ ਮੋਦੀ ਸਰਕਾਰ ਨੇ ਪੰਜਾਬ ਦੇ ਹਿੱਤ ‘ਚ ਕੋਈ ਵੱਡਾ ਫੈਸਲਾ ਨਹੀਂ ਲਿਆ। ਕੈਪਟਨ ਅਮਰਿੰਦਰ ਦੀ ਸਰਕਾਰ ਦੀ ਕੇਂਦਰ ‘ਚ ਉਂਝ ਕੋਈ ਪੁੱਛਗਿੱਛ ਨਹੀਂ ਹੈ। ਅਜਿਹੀ ਹਾਲਤ ‘ਚ ਅਕਾਲੀ ਦਲ ਕੇਂਦਰ ‘ਚ ਭਾਈਵਾਲ ਹੋਣ ਦੇ ਬਾਵਜੂਦ ਕੋਈ ਅਹਿਮ ਭੂਮਿਕਾ ਨਹੀਂ ਨਿਭਾ ਸਕਿਆ। ਅਕਾਲੀ ਦਲ ਨੇ ਪਾਰਲੀਮੈਂਟ ਅੰਦਰ ਕਸ਼ਮੀਰ ਦੇ ਮੁੱਦੇ ‘ਤੇ ਮੋਦੀ ਸਰਕਾਰ ਦੇ ਫੈਸਲੇ ਦੀ ਪੂਰੀ ਹਮਾਇਤ ਕੀਤੀ। ਨਾਗਰਿਕਤਾ ਸੋਧ ਐਕਟ ‘ਤੇ ਮੋਹਰ ਲਾਈ। ਹੁਣ ਜਦੋਂ ਪਾਰਲੀਮੈਂਟ ਦਾ ਸੈਸ਼ਨ ਸ਼ੁਰੂ ਹੋਇਆ ਹੈ ਤਾਂ ਉਸ ਤੋਂ ਪਹਿਲਾਂ ਸਰਬ ਪਾਰਟੀ ਮੀਟਿੰਗ ‘ਚ ਸੀਨੀਅਰ ਅਕਾਲੀ ਨੇਤਾ ਬਲਵਿੰਦਰ ਸਿੰਘ ਭੂੰਦੜ ਨੇ ਜ਼ਰੂਰ ਕਿਹਾ ਕਿ ਕੋਈ ਵੀ ਕਾਨੂੰਨ ਬਣਾਉਣ ਵੇਲੇ ਦੇਸ਼ ਦੀਆਂ ਘੱਟ ਗਿਣਤੀਆਂ ਦਾ ਧਿਆਨ ਰੱਖਿਆ ਜਾਵੇ। ਭੂੰਦੜ ਬਹੁਤ ਸੀਨੀਅਰ ਨੇਤਾ ਹਨ : ਉਨ੍ਹਾਂ ਦਾ ਇਹ ਕਹਿਣਾ ਬਣਦਾ ਸੀ ਕਿ ਕੋਈ ਕਾਨੂੰਨ ਬਨਾਉਣ ਤੋਂ ਪਹਿਲਾਂ ਭਾਜਪਾ ਆਪਣੇ ਸਹਿਯੋਗੀਆਂ ਨੂੰ ਭਰੋਸੇ ‘ਚ ਕਿਉਂ ਨਹੀਂ ਲੈਂਦੀ। ਪੰਜਾਬੀਆਂ ਨੇ ਜੇਕਰ ਲੰਮੇ ਸਮੇਂ ਤੱਕ ਅਕਲੀ ਦਲ ਦੀ ਲੀਡਰਸ਼ਿਪ ‘ਤੇ ਭਰੋਸਾ ਕੀਤਾ ਤੇ ਪੰਜ ਵਾਰ ਪ੍ਰਕਾਸ਼ ਸਿੰਘ ਬਾਦਲ ਨੂੰ ਮੁੱਖ ਮੰਤਰੀ ਬਣਾਇਆ ਤਾਂ ਅਕਾਲੀ ਦਲ ਨੂੰ ਪੰਜਾਬੀਆਂ ਦਾ ਭਰੋਸਾ ਨਹੀਂ ਤੋੜਨਾ ਚਾਹੀਦਾ। ਦਿੱਲੀ ਦਰਬਾਰ ਕਰਕੇ ਅਕਾਲੀ ਦਲ ਨਹੀਂ ਹੈ ਸਗੋਂ ਪੰਜਾਬੀਆਂ ਕਰਕੇ ਅਕਾਲੀ ਦਲ ਹੈ। ਅਕਾਲੀ ਦਲ ਨਾਲ ਤਾਂ ਸ਼ਾਹ ਮੁਹੰਮਦ ਦੀ ਉਸ ਤੁਕ ਵਾਲੀ ਹੋਈ, “ਘਰੋਂ ਗਏ ਸੀ ਫਰੰਗੀਆਂ ਦੇ ਮਾਰਨੇ ਨੂੰ ਉਲਟਾ ਚਾਬੀਆਂ ਹੱਥ ਫੜ੍ਹਾ ਆਏ।” ਦਿੱਲੀ ਵਿਧਾਨ ਸਭਾ ਦੀ ਚੋਣ ‘ਚ ਤਾਂ ਅਕਾਲੀ ਦਲ ਦਾ ਤਾਜ਼ਾ ਫੈਸਲਾ ਇਹ ਹੀ ਸੁਨੇਹਾ ਦਿੰਦਾ ਹੈ।

Check Also

ਜਥੇਦਾਰ ਟੌਹੜਾ ਦੀ ਬਰਸੀ! ਮਿੱਟੀ ਨਾ ਫਰੋਲ ਜੋਗੀਆ…

-ਜਗਤਾਰ ਸਿੰਘ ਸਿੱਧੂ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਸਲਾਹ ਜੇਕਰ ਦਹਾਕਿਆਂ ਪਹਿਲਾਂ ਸਾਬਕਾ …

Leave a Reply

Your email address will not be published. Required fields are marked *