ਜਗਤਾਰ ਸਿੰਘ ਸਿੱਧੂ
ਮੈਨੇਜਿੰਗ ਐਡੀਟਰ;
ਦੇਸ਼ ਦੀਆਂ ਪਾਰਲੀਮੈਂਟ ਚੋਣਾਂ ਦੇ ਮੱਦੇਨਜ਼ਰ ਆਪ ਅਤੇ ਕਾਂਗਰਸ ਦੀ ਉਲਝੀ ਹੋਈ ਤਾਣੀ ਸੁਲਝਦੀ ਨਜ਼ਰ ਨਹੀਂ ਆ ਰਹੀ। ਅਜਿਹਾ ਨਹੀਂ ਹੈ ਕਿ ਦੋਹਾਂ ਪਾਰਟੀਆਂ ਦੇ ਗਠਜੋੜ ਨੂੰ ਲੈ ਕੇ ਮਾਮਲਾ ਉਲਝਿਆ ਹੋਇਆ ਹੈ ਸਗੋਂ ਆਪਸੀ ਤੌਰ ਤੇ ਵੀ ਪਾਰਟੀਆਂ ਮੁਸ਼ਕਲ ਦਾ ਸਾਹਮਣਾ ਕਰ ਰਹੀਆਂ ਹਨ। ਕੁਝ ਦਿਨ ਪਹਿਲਾਂ ਆਪ ਦੀ ਪੰਜਾਬ ਲੀਡਰਸ਼ਿਪ ਨੇ ਦਿੱਲੀ ਮੀਟਿੰਗ ਕਰਕੇ ਮੰਥਨ ਕੀਤਾ ਕਿ ਆਪ ਨਾਲ ਸਮਝੌਤਾ ਕਰਨਾ ਠੀਕ ਰਹੇਗਾ ਜਾਂ ਆਪਣੇ ਤੌਰ ਤੇ ਚੋਣ ਲੜੀ ਜਾਵੇ। ਮੁਖ ਮੰਤਰੀ ਭਗਵੰਤ ਮਾਨ ਤਾਂ ਕਈ ਵਾਰ ਆਖ ਚੁੱਕੇ ਹਨ ਕਿ ਆਪ ਤੇਰਾਂ ਸੀਟਾਂ ਪੰਜਾਬ ਦੀਆਂ ਲੜੇਗੀ ਅਤੇ ਚੰਡੀਗੜ ਦੀ ਸੀਟ ਵੀ ਲੜੇਗੀ। ਇਸ ਤਰਾਂ ਪੰਜਾਬ 14 ਸੀਟਾਂ ਲੋਕ ਸਭਾ ਦੀਆਂ ਜਿੱਤ ਕੇ ਆਪ ਦੀ ਝੋਲੀ ਪਾਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ।
ਜੇਕਰ ਕਾਂਗਰਸ ਦੀ ਗੱਲ ਕੀਤੀ ਜਾਵੇ ਤਾਂ ਕਈ ਸੀਨੀਅਰ ਪਾਰਟੀ ਆਗੂ ਕਾਂਗਰਸ ਨੂੰ ਆਪਣੇ ਤੌਰ ਤੇ ਚੋਣ ਲੜਨ ਦੀ ਸਲਾਹ ਦੇ ਰਹੇ ਹਨ। ਇਸ ਰਾਇ ਦੇ ਆਗੂਆਂ ਦਾ ਕਹਿਣਾ ਹੈ ਕਿ ਆਪ ਨੇ ਪੰਜਾਬੀਆਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਹਨ ਤਾਂ ਸਮਝੌਤਾ ਕਰਕੇ ਕਾਂਗਰਸ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਿਉਂ ਕਰੇ? ਲੋਕਾਂ ਦਾ ਕਹਿਣਾ ਹੈ ਕਿ ਅਜੇ ਤਕ ਔਰਤਾਂ ਨੂੰ ਵਿੱਤੀ ਲਾਭ ਦੀ ਗਾਰੰਟੀ ਦਾ ਵਾਅਦਾ ਪੂਰਾ ਨਹੀਂ ਕੀਤਾ ਗਿਆ।ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਬਾਰੇ ਠੋਸ ਕਾਰਵਾਈ ਨਹੀਂ ਹੋਈ। ਨਸ਼ਾ ਮੁਕਤੀ ਦੇ ਵਾਅਦੇ ਦਾ ਕੀ ਬਣਿਆ? ਰੁਜਗਾਰ , ਸਿਹਤ ਸੇਵਾਵਾਂ , ਅਮਨ ਕਾਨੂੰਨ ਅਤੇ ਹੋਰ ਭਖਦੇ ਮਸਲੇ ਹਨ। ਇਸ ਤਰਾਂ ਕਾਂਗਰਸ ਵਲੋਂ ਹੁਣ ਜਿਲਾ ਪੱਧਰ ਦੀਆਂ ਮੀਟਿੰਗਾਂ ਕਰਕੇ ਆਗੂਆਂ ਅਤੇ ਵਰਕਰਾਂ ਦੀ ਰਾਇ ਲੈਣ ਦਾ ਸਿਲਸਲਾ ਅੱਜ ਤੋਂ ਸ਼ੁਰੂ ਕੀਤਾ ਗਿਆ। ਅੱਜ ਪਟਿਆਲਾ ਦੀ ਮੀਟਿੰਗ ਰੱਖੀ ਸੀ।
ਜਿਥੇ ਦੋਵੇਂ ਪਾਰਟੀਆਂ ਗਠਜੋੜ ਬਾਰੇ ਅਜੇ ਸਹਿਮਤੀ ਨਹੀਂ ਬਣਾ ਸਕੀਆਂ ਉਥੇ ਅੰਦਰੂਨੀ ਮੁਸ਼ਕਲਾਂ ਦਾ ਸਾਹਮਣਾ ਹੈ। ਕਾਂਗਰਸ ਨਵਜੋਤ ਸਿੱਧੂ ਦੀਆਂ ਰੈਲੀਆ ਦੇ ਮੁੱਦੇ ਨੂੰ ਲੈ ਕੇ ਉਲਝੀ ਹੋਈ ਹੈ। ਸਿਧੂ ਦੀਆਂ ਰੈਲੀਆਂ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਸਿੱਧੂ ਦਾ ਕਹਿਣਾ ਹੈ ਕਿ ਉਹ ਪੰਜਾਬ ਦੇ ਮੁਦੇ ਲੈਕੇ ਕਾਂਗਰਸ ਦੀ ਮਜਬੂਤੀ ਲਈ ਰੈਲੀਆਂ ਕਰ ਰਿਹਾ ਹੈ ਪਰ ਪੰਜਾਬ ਕਾਂਗਰਸ ਨੇ ਮੋਗਾ ਰੈਲੀ ਦਾ ਪ੍ਰਬੰਧ ਕਰਨ ਵਾਲੇ ਆਗੂਆਂ ਨੂੰ ਨੋਟਿਸ ਦੇਕੇ ਜਵਾਬ ਮੰਗਿਆ ਹੈ। ਇਸ ਦਾ ਨਿਬੇੜਾ ਕਿਵੇਂ ਹੋਏਗਾ? ਇਹ ਸਵਾਲ ਪੰਜਾਬ ਦੇ ਰਾਜਸੀ ਹਲਕਿਆਂ ਵਿਚ ਚਰਚਾ ਵਿੱਚ ਹੈ।
ਇੰਝ ਹੀ ਪਾਰਟੀ ਦੇ ਨੇਤਾ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਈ ਡੀ ਦੇ ਸੰਮਨ ਰੁਕਣ ਦਾ ਨਾਂਅ ਨਹੀਂ ਲੈ ਰਹੇ। ਚੌਥਾ ਸੰਮਨ ਵੀ ਕੇਜਰੀਵਾਲ ਨੇ ਨਹੀਂ ਲਿਆ। ਹੁਣ ਕੇਜਰੀਵਾਲ ਦੀ ਗ੍ਰਿਫਤਾਰੀ ਦਾ ਸਵਾਲ ਪਾਰਟੀ ਸਾਹਮਣੇ ਹੈ । ਕੀ ਇਸ ਸਥਿਤੀ ਦਾ ਟਾਕਰਾ ਇੰਡੀਆ ਗਠਜੋੜ ਨਾਲ ਰਹਿਕੇ ਕੀਤਾ ਜਾ ਸਕਦਾ ਹੈ ਜਾਂ ਪਾਰਟੀ ਆਪਣੇ ਤੌਰ ਤੇ ਲੜੇਗੀ। ਇਸ ਦਾ ਜਵਾਬ ਵੀ ਕਿਸੇ ਹੱਦ ਤੱਕ ਪੰਜਾਬ ਦੇ ਗਠਜੋੜ ਨਾਲ ਜੁੜਿਆ ਹੋਇਆ ਹੈ। ਅਜਿਹੀ ਸਥਿਤੀ ਵਿਚ ਪੰਜਾਬ ਦੀ ਹਾਕਮ ਧਿਰ ਅਤੇ ਮੁਖ ਵਿਰੋਧੀ ਧਿਰ ਅੰਦਰ ਅਤੇ ਬਾਹਰ ਕਿਹੋ ਜਿਹੇ ਫੈਸਲੇ ਲੈਂਦੀ ਹੈ? ਇਸ ਜਵਾਬ ਉਪਰ ਪੰਜਾਬ ਅਤੇ ਦੇਸ਼ ਦੀ ਰਾਜਨੀਤੀ ਵਿਚ ਵਿਰੋਧੀ ਧਿਰ ਦੀ ਭੂਮਿਕਾ ਕਾਫੀ ਅਹਿਮ ਰਹੇਗੀ।
ਸੰਪਰਕਃ 9814002186