ਬੀਜਿੰਗ : ਹਰ ਦਿਨ ਕਿਸੇ ਨਾ ਕਿਸੇ ਤਰ੍ਹਾਂ ਦੀ ਨਵੀਂ ਤੋਂ ਨਵੀਂ ਬਿਮਾਰੀ ਫੈਲਦੀ ਹੀ ਰਹਿੰਦੀ ਹੈ। ਇਸ ਦੇ ਚਲਦਿਆਂ ਗੁਆਂਢੀ ਮੁਲਕ ਚੀਨ (China) ਸਾਰਸ (SARS) ਨਾਮਕ ਖਤਰਨਾਕ ਵਾਇਰਸ ਦਾ ਪ੍ਰਕੋਪ ਝੱਲ ਰਿਹਾ ਹੈ। ਜਾਣਕਾਰੀ ਮੁਤਾਬਿਕ ਇਸ ਕਾਰਨ ਹੁਣ ਤੱਕ ਉੱਥੇ ਘੱਟ ਤੋਂ ਘੱਟ 9 ਲੋਕਾਂ ਦੀ ਮੌਤ ਹੋ ਗਈ ਹੈ।
ਦੱਸ ਦਈਏ ਕਿ ਵਿਸ਼ਵ ਸਿਹਤ ਸੰਗਠਨ (WHO) ਇਸ ਖਤਰਨਾਕ ਬਿਮਾਰੀ ਨਾਲ ਲੜਨ ਲਈ ਇਸ ਨੂੰ ਇਕ ਅੰਤਰ ਰਾਸ਼ਟਰੀ ਜਨ ਸਿਹਤ ਤਬਾਹੀ ਘੋਸ਼ਿਤ ਕਰਨ ‘ਤੇ ਵਿਚਾਰ ਕਰ ਰਿਹਾ ਹੈ। ਸਰਕਾਰਾਂ ਵੱਲੋਂ ਇਸ ਬਿਮਾਰੀ ਨੂੰ ਕਾਬੂ ਕਰਨ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ ਪਰ ਇਸ ਦੇ ਬਾਵਜੂਦ ਵੀ ਇਸ ਤੋਂ ਪ੍ਰਭਾਵਤ ਲੋਕਾਂ ਦੀ ਗਿਣਤੀ ਵਧ ਕੇ 440 ਤੱਕ ਪਹੁੰਚ ਗਈ ਹੈ।
ਜਾਣਕਾਰੀ ਮੁਤਾਬਿਕ ਗੁਆਂਢੀ ਮੁਲਕ ਅੰਦਰ ਵੁਹਾਨ ਨਾਮਕ ਸ਼ਹਿਰ ‘ਤੇ ਸਰਕਾਰ ਵੱਲੋਂ ਨਿਗਰਾਨੀ ਰੱਖੀ ਜਾ ਰਹੀ ਹੈ ਜਿੱਥੇ ਇਹ ਵਿਸ਼ਾਣੂ ਸਭ ਤੋਂ ਪਹਿਲਾਂ ਦਸੰਬਰ ਵਿੱਚ ਆਇਆ ਸੀ। ਇਸੇ ਚੱਕਰ ਵਿੱਚ WHO ਵੱਲੋਂ ਵੀ ਐਮਰਜੈਂਸੀ ਬੈਠਕ ਬੁਲਾਈ ਗਈ ਹੈ। ਦੱਸ ਦਈਏ ਕਿ ਇਸ ਵਾਇਰਸ ਦੇ ਮੱਦੇਨਜ਼ਰ ਭਾਰਤ ‘ਚ ਵੀ ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲਿਆ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ। ਪਤਾ ਇਹ ਵੀ ਲੱਗਾ ਹੈ ਕਿ ਚੀਨ ਤੋਂ ਭਾਰਤ ਆਉਣ ਵਾਲੇ ਯਾਤਰੀਆਂ ਦੀ ਸਿਹਤ ਦਾ ਵੀ ਹਵਾਈ ਅੱਡਿਆਂ ‘ਤੇ ਚੈੱਕਅਪ ਕਰਨ ਦੇ ਆਦੇਸ਼ ਦਿੱਤੇ ਗਏ ਹਨ।