ਕੈਲਗਰੀ : ਕੈਨੇਡਾ ਦੇ ਐਲਬਰਟਾ ਸੂਬੇ ‘ਚ ਸਾਬਕਾ ਕੈਬਨਿਟ ਮੰਤਰੀ ਮਨਮੀਤ ਸਿੰਘ ਭੁੱਲਰ ਦੀ ਯਾਦ ‘ਚ ਕੈਲਗਰੀ ਸ਼ਹਿਰ ਦੇ ਇੱਕ ਵਿਧਾਨ ਸਭਾ ਹਲਕੇ ਨੂੰ ਉਨ੍ਹਾਂ ਦਾ ਨਾਮ ਦਿੱਤਾ ਜਾ ਰਿਹਾ ਹੈ।
ਵਿਧਾਨ ਸਭਾ ‘ਚ ਪੇਸ਼ ਮਤੇ ਮੁਤਾਬਕ ‘ਕੈਲਗਰੀ-ਮੈਕੌਲ’ ਵਿਧਾਨ ਸਭਾ ਹਲਕੇ ਨੂੰ ਭਵਿੱਖ ‘ਚ ‘ਕੈਲਗਰੀ-ਭੁੱਲਰ-ਮਕੌਲ’ ਵਿਧਾਨ ਸਭਾ ਹਲਕੇ ਵਜੋਂ ਜਾਣਿਆ ਜਾਵੇਗਾ। ਮਨਮੀਤ ਸਿੰਘ ਭੁੱਲਰ 2008 ਤੋਂ 2015 ਤੱਕ ਐਲਬਰਟਾ ਵਿਧਾਨ ਸਭਾ ਦੇ ਮੈਂਬਰ ਰਹੇ ਅਤੇ ਇਸ ਦੌਰਾਨ ਬਤੌਰ ਕੈਬਨਿਟ ਮੰਤਰੀ ਕਈ ਮਹਿਕਮਿਆਂ ‘ਚ ਸੇਵਾ ਨਿਭਾਈ।
ਦੱਸਣਯੋਗ ਹੈ ਕਿ ਐਡਮਿੰਟਨ ਅਤੇ ਕੈਲਗਰੀ ਨੂੰ ਜੋੜਨ ਵਾਲੇ ਹਾਈਵੇਅ ‘ਤੇ ਬਰਫ਼ਬਾਰੀ ਦੌਰਾਨ ਮਨਮੀਤ ਸਿੰਘ ਭੁੱਲਰ ਇਕ ਡਰਾਈਵਰ ਦੀ ਮਦਦ ਕਰ ਰਹੇ ਸਨ ਜਦੋਂ ਇਕ ਗੱਡੀ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ ਅਤੇ ਉਨ੍ਹਾਂ ਦਾ ਦੇਹਾਂਤ ਹੋ ਗਿਆ। ਕੈਲਗਰੀ ਮੈਕੌਲ ਵਿਧਾਨ ਸਭਾ ਹਲਕੇ ਵਿਚ ਉਨ੍ਹਾਂ ਦੇ ਨਾਮ ’ਤੇ ਮਨਮੀਤ ਸਿੰਘ ਭੁੱਲਰ ਸਕੂਲ ਵੀ ਬਣਿਆ ਹੋਇਆ ਹੈ।