ਪਾਕਿਸਤਾਨ ਨੇ ਰਿਹਾਅ ਕੀਤੇ 2 ਭਾਰਤੀ ਕੈਦੀ

Rajneet Kaur
3 Min Read

ਅੰਮ੍ਰਿਤਸਰ :ਭਾਰਤ ਸਰਕਾਰ ਦੀਆਂ ਲਗਾਤਾਰ ਕੋਸ਼ਿਸ਼ਾਂ ਤੋਂ ਬਾਅਦ ਇਸਲਾਮਾਬਾਦ ਸਥਿਤ ਭਾਰਤੀ ਹਾਈ ਕਮਿਸ਼ਨ ਨੇ ਅੱਜ ਦੋ ਭਾਰਤੀ ਨਾਗਰਿਕਾਂ ਕੁਲਦੀਪ ਕੁਮਾਰ ਅਤੇ ਸ਼ੰਭੂ ਨਾਥ ਨੂੰ ਪਾਕਿਸਤਾਨ ਦੀਆਂ ਜੇਲ੍ਹਾਂ ਵਿੱਚੋਂ ਰਿਹਾਅ ਕਰਵਾ ਦਿੱਤਾ।

ਇਹ ਦੋਵੇਂ ਕੈਦੀ ਭਾਰਤ ਪਾਕਿ ਦੇਸ਼ਾਂ ਦੀ ਸਾਂਝੀ ਕੌਮਾਂਤਰੀ ਅਟਾਰੀ ਵਾਹਗਾ ਸਰਹੱਦ ਰਸਤੇ ਰੇਂਜਰਾਂ ਨੇ ਜ਼ੀਰੋ ਲਾਈਨ ’ਤੇ ਦੋਵੇਂ ਭਾਰਤੀ ਨੌਜਵਾਨਾਂ ਨੂੰ ਬੀਐੱਸਐੱਫ ਦੇ ਹਵਾਲੇ ਕਰ ਦਿੱਤਾ।ਨਾਇਬ ਤਹਿਸੀਲਦਾਰ ਅਜੇ ਕੁਮਾਰ ਨੇ ਪ੍ਰੋਟੋਕੋਲ ਅਫ਼ਸਰ ਅਰੁਣ ਮਾਹਲ ਦੀ ਮਦਦ ਨਾਲ ਦੋਵਾਂ ਨੂੰ ਗੁਰੂ ਨਾਨਕ ਦੇਵ ਹਸਪਤਾਲ ਦੇ ਰੈੱਡ ਕਰਾਸ ਵਾਰਡ ਵਿੱਚ ਦਾਖ਼ਲ ਕਰਵਾਇਆ ਅਤੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਰਾਹੀਂ ਉਨ੍ਹਾਂ ਦੇ ਪਰਿਵਾਰਾਂ ਨੂੰ ਸੂਚਿਤ ਕੀਤਾ ਗਿਆ।

ਪ੍ਰੋਟੋਕੋਲ ਅਧਿਕਾਰੀ ਅਰੁਣ ਮਾਹਲ ਨੇ ਦੱਸਿਆ ਕਿ ਭਾਰਤੀ ਨਾਗਰਿਕ ਦਾ ਨਾਂ ਕੁਲਦੀਪ ਕੁਮਾਰ ਹੈ, ਜੋ ਗੁਜਰਾਤ ਰਾਜ ਦੇ ਗਾਂਧੀ ਨਗਰ ਦੇ ਗੋਪਾਲ ਨਗਰ ਇਲਾਕੇ ਦਾ ਰਹਿਣ ਵਾਲਾ ਹੈ। ਉਹ 1991 ‘ਚ ਗਲਤੀ ਨਾਲ ਪਾਕਿਸਤਾਨ ਦੀ ਸਰਹੱਦ ‘ਚ ਦਾਖਲ ਹੋ ਗਿਆ ਸੀ। ਜਿੱਥੋਂ ਪਾਕਿਸਤਾਨੀ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ। ਪਾਕਿਸਤਾਨ ਦੀ ਇੱਕ ਅਦਾਲਤ ਨੇ ਕੁਲਦੀਪ ਨੂੰ 26 ਸਾਲ ਦੀ ਸਜ਼ਾ ਸੁਣਾਈ ਸੀ ਅਤੇ ਉਸ ਨੂੰ ਲਾਹੌਰ ਦੀ ਕੋਟ ਲਖਪਤ ਜੇਲ੍ਹ ਵਿੱਚ ਰੱਖਿਆ ਗਿਆ ਸੀ।ਦੂਜਾ ਨਾਗਰਿਕ ਜੰਮੂ ਦੇ ਨਵਾਂ ਸ਼ਹਿਰ ਦੇ ਸਿੱਬਲ ਕਸਬੇ ਦਾ ਰਹਿਣ ਵਾਲਾ ਸ਼ੰਭੂ ਨਾਥ ਹੈ। 2010 ਵਿੱਚ ਉਹ ਗਲਤੀ ਨਾਲ ਸਰਹੱਦ ਪਾਰ ਕਰਕੇ ਪਾਕਿਸਤਾਨ ਪਹੁੰਚ ਗਿਆ ਸੀ। ਉਸ ਨੂੰ ਵੀ ਪਾਕਿਸਤਾਨ ਪੁਲਿਸ ਨੇ ਫੜ ਲਿਆ ਅਤੇ ਅਦਾਲਤ ਵਿਚ ਪੇਸ਼ ਕੀਤਾ। ਅਦਾਲਤ ਨੇ ਉਸ ਨੂੰ 12 ਸਾਲ ਦੀ ਸਜ਼ਾ ਸੁਣਾਈ ਸੀ। ਇਸ ਦੌਰਾਨ ਉਸ ਨੂੰ ਸਿਆਲਕੋਟ ਅਤੇ ਕੋਟ ਲਖਪਤ ਜੇਲ੍ਹ ਵਿੱਚ ਰੱਖਿਆ ਗਿਆ ਸੀ।

ਅਟਾਰੀ ਸਰਹੱਦ ਵਿਖੇ ਆਪਣੇ ਵਤਨ ਪੁੱਜਣ ਤੇ ਗੱਲਬਾਤ ਕਰਦਿਆਂ ਦੋਵੇਂ ਕੈਦੀਆਂ ਕੁਲਦੀਪ ਕੁਮਾਰ ਤੇ ਸ਼ੰਭੂ ਨਾਥ ਨੇ ਦੱਸਿਆ ਕਿ ਬਹੁਤ ਲੰਮੀਆਂ ਸਜ਼ਾਵਾਂ ਕੱਟ ਚੁੱਕੇ 14 ਦੇ ਕਰੀਬ ਭਾਰਤੀ ਕੈਦੀ ਲਾਹੌਰ ਦੀ ਕੋਟ ਲੱਖਪੱਤ ਜੇਲ੍ਹ ਵਿਖੇ ਬੰਦ ਹਨ ਜੋ ਕਿ ਵੱਖ-ਵੱਖ ਬੀਮਾਰੀਆਂ ਦੇ ਵੀ ਸ਼ਿਕਾਰ ਹਨ ਤੇ ਉਨ੍ਹਾਂ ਦੀ ਮੈਡੀਕਲ ਚੱਲ ਰਿਹਾ ਹੈ।  ਉਨ੍ਹਾਂ ਕਿਹਾ ਕਿ ਉਹ ਭਾਰਤ ਸਰਕਾਰ ਦੇ ਧੰਨਵਾਦੀ ਹਨ ਜਿਨ੍ਹਾਂ ਨੇ ਉਨ੍ਹਾਂ ਨੂੰ 32 ਸਾਲ ਤੇ 11 ਸਾਲ ਲੰਮੀਆਂ ਸਜ਼ਾਵਾਂ ਕੱਟਣ ਤੋਂ ਬਾਅਦ ਪਾਕਿਸਤਾਨੀ ਜੇਲ੍ਹ ਵਿੱਚੋਂ ਆਜ਼ਾਦ ਕਰਵਾਇਆ ਹੈ।

- Advertisement -

Disclaimer: This article is provided for informational purposes only.  The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment