ਅੰਮ੍ਰਿਤਸਰ: ਅਮਰੀਕਾ ਤੋਂ ਡਿਪੋਰਟ ਹੋਕੇ ਅੰਮ੍ਰਿਤਸਰ ਭੇਜੇ ਗਏ ਅਲਕਾਇਦਾ ਅੱਤਵਾਦੀ ਇਬਰਾਹਿਮ ਜ਼ੁਬੇਰ ਮੁਹੰਮਦ ਵਾਰੇ ਖੁਲਾਸੇ ਨੇ ਸੁਰੱਖਿਆ ਏਜੰਸੀਆਂ ਨੂੰ ਭਾਜੜਾਂ ਪਾ ਦਿੱਤੀਆਂ ਹਨ ਅਤੇ ਉਹ ਉਸ ਦੇ ਰਿਕਾਰਡ ਦੀ ਜਾਂਚ ਵਿੱਚ ਲੱਗ ਗਈਆਂ ਹਨ। ਖੁਲਾਸਾ ਹੋਇਆ ਹੈ ਕਿ ਉਹ ਅਲਕਾਇਦਾ ਲਈ ਫੰਡ ਇਕੱਠਾ ਕਰਦਾ ਸੀ। ਮੂਲ ਰੂਪ ਨਾਲ ਹੈਦਰਾਬਾਦ ਦੇ ਰਹਿਣ ਵਾਲੇ ਇਬਰਾਹਿਮ ਜ਼ੁਬੇਰ ਦੇ ਭਾਰਤ ਵਿੱਚ ਸੰਪਰਕ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਅੰਮ੍ਰਿਤਸਰ ਮੈਡੀਕਲ ਕਾਲਜ ਦੇ ਕੁਆਰੰਟੀਨ ਸੈਂਟਰ ਵਿੱਚ ਭਰਤੀ ਜ਼ੁਬੇਰ ਤੋਂ ਪੁੱਛਗਿਛ ਕਰਨ ਰਾਸ਼ਟਰੀ ਜਾਂਚ ਏਜੰਸੀ ( ਐਨਆਈਏ ) ਦੀ ਟੀਮ ਵੀ ਪਹੁੰਚ ਗਈ ਹੈ। ਸੁਰੱਖਿਆ ਅਤੇ ਜਾਂਚ ਏਜੰਸੀਆਂ ਭਾਰਤ ਵਿੱਚ ਇਬਰਾਹਿਮ ਜ਼ੁਬੇਰ ਦੇ ਨੇੈਟਵਰਕ ਦਾ ਪਤਾ ਲਗਾਉਣ ਵਿੱਚ ਲਗ ਗਈਆਂ ਹਨ।
ਇਬਰਾਹਿਮ ਜ਼ੁਬੇਰ ਮੁਹੰਮਦ ਨੂੰ ਅੰਮ੍ਰਿਤਸਰ ਮੈਡੀਕਲ ਕਾਲਜ ਵਿੱਚ ਕੁਆਰੰਟੀਨ ਸੈਂਟਰ ਵਿੱਚ ਅਮਰੀਕਾ ਤੋਂ ਆਏ ਸਾਰੇ ਯਾਤਰੀਆਂ ਤੋਂ ਵੱਖ ਰੱਖਿਆ ਗਿਆ ਹੈ। ਸੁਰੱਖਿਆ ਏਜੰਸੀਆਂ ਇਬਰਾਹਿਮ ਸਣੇ ਉਸ ਦੇ ਰਿਸ਼ਤੇਦਾਰਾਂ ਅਤੇ ਕਰੀਬੀਆਂ ਦਾ ਰਿਕਾਰਡ ਲੱਭਣ ਵਿੱਚ ਲਗ ਗਈਆਂ ਹਨ। ਐਸੀਪੀ ਸਰਬਜੀਤ ਸਿੰਘ ਨੇ ਦੱਸਿਆ ਕਿ ਉਸ ‘ਤੇ ਪੁਲਿਸ ਲਗਾਤਾਰ ਨਜ਼ਰ ਰੱਖ ਰਹੀ ਹੈ। ਦੱਸ ਦਈਏ ਕਿ ਅਮਰੀਕਾ ਤੋਂ ਡਿਪੋਰਟ ਕੀਤੇ ਗਏ 167 ਭਾਰਤੀਆਂ ਦੇ ਨਾਲ ਇਬਰਾਹਿਮ ਜ਼ੁਬੇਰ ਬੀਤੇ ਮੰਗਲਵਾਰ ਨੂੰ ਅੰਮ੍ਰਿਤਸਰ ਏਅਰਪੋਰਟ ਪਹੁੰਚਿਆ ਸੀ।