ਜਗਤਾਰ ਸਿੰਘ ਸਿੱਧੂ,
ਸ਼੍ਰੋਮਣੀ ਅਕਾਲੀ ਦਲ ਨੂੰ ਨਵਾਂ ਪ੍ਰਧਾਨ ਅਗਲੇ ਦਿਨਾਂ ਵਿੱਚ ਮਿਲਣ ਜਾ ਰਿਹਾ ਹੈ। ਅਕਾਲੀ ਦਲ ਦੇ ਪਾਰਲੀਮੈਂਟਰੀ ਬੋਰਡ ਦੀ ਮੀਟਿੰਗ ਦਸ ਮਾਰਚ ਨੂੰ ਹੋਣ ਜਾ ਰਹੀ ਹੈ ਜਿਸ ਵਿੱਚ ਪਾਰਟੀ ਦੀ ਮੈਂਬਰਸ਼ਿਪ ਮੁਹਿੰਮ ਨਾਲ ਜੁੜੇ ਆਬਜਰਵਰਾਂ ਨੂੰ ਵੀ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ। ਮੀਟਿੰਗ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਦਾ ਅਮਲ ਸ਼ੁਰੂ ਕਰਨ ਬਾਰੇ ਵਿਚਾਰ ਕੀਤੀ ਜਾਵੇਗੀ। ਪਾਰਟੀ ਦੇ ਵਿਧਾਨ ਮੁਤਾਬਿਕ ਪਹਿਲਾਂ ਡੈਲੀਗੇਟ ਚੁਣੇ ਜਾਣਗੇ ਅਤੇ ਉਸ ਅਧਾਰ ਤੇ ਪਾਰਟੀ ਪ੍ਰਧਾਨ ਦੀ ਚੋਣ ਕੀਤੀ ਜਾਵੇਗੀ। ਇਸ ਵੇਲੇ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੀ ਪ੍ਰਧਾਨਗੀ ਤੋਂ ਅਸਤੀਫਾ ਦਿੱਤਾ ਹੋਇਆ ਹੈ।ਬਲਵਿੰਦਰ ਸਿੰਘ ਭੂੰਦੜ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਹਨ।
ਸ਼੍ਰੋਮਣੀ ਅਕਾਲੀ ਦਲ ਬੇਸ਼ੱਕ ਪਾਰਟੀ ਪ੍ਰਧਾਨ ਦੀ ਚੋਣ ਲਈ ਅੱਗੇ ਵੱਧ ਰਿਹਾ ਹੈ ਪਰ ਪਾਰਟੀ ਅੰਦਰ ਮੈਂਬਰਸ਼ਿਪ ਕਰਨ ਦੇ ਮੁੱਦੇ ਨੂੰ ਲੈ ਕੇ ਰੇੜਕਾ ਬਰਕਰਾਰ ਹੈ। ਅਕਾਲੀ ਦਲ ਦੀ ਕਾਬਜ਼ ਲੀਡਰਸ਼ਿਪ ਦਾ ਦਾਅਵਾ ਹੈ ਕਿ ਪਾਰਟੀ ਲਈ ਭਰਤੀ ਮੁਹਿੰਮ ਨਿਬੜਨ ਦੇ ਨੇੜੇ ਹੈ । ਹੋਰ ਕੁਝ ਦਿਨਾਂ ਤੱਕ ਭਰਤੀ ਲਈ ਦਿੱਤੀਆਂ ਕਾਪੀਆਂ ਅਨੁਸਾਰ ਰਹਿੰਦੀ ਭਰਤੀ ਵੀ ਮੁਕੰਮਲ ਹੋ ਜਾਵੇਗੀ ।ਪਾਰਟੀ ਦਾ ਦਾਅਵਾ ਹੈ ਕਿ ਬੀਹ ਲੱਖ ਤੋਂ ਉਪਰ ਭਰਤੀ ਹੋ ਚੁੱਕੀ ਹੈ ਅਤੇ ਫ਼ੀਸ ਵੀ ਜਮ੍ਹਾਂ ਹੋ ਗਈ ਹੈ।
ਦੂਜੇ ਪਾਸੇ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਦੋ ਦਸੰਬਰ ਨੂੰ ਪਿਛਲੇ ਸਾਲ ਸਿੰਘ ਸਾਹਿਬਾਨ ਵਲੋਂ ਭਰਤੀ ਲਈ ਬਣਾਈ ਕਮੇਟ ਦੇ ਪੰਜ ਮੈਂਬਰਾਂ ਨੇ ਐਲਾਨ ਕਰ ਦਿੱਤਾ ਹੈ ਕਿ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਮੁਹਿੰਮ ਬਕਾਇਦਾ ਅਠਾਰਾਂ ਮਾਰਚ ਤੋਂ ਸ਼ੁਰੂ ਹੋ ਰਹੀ ਹੈ ਜੋ ਕਿ ਅਗਲੇ ਛੇ ਮਹੀਨੇ ਤੱਕ ਚੱਲੇਗੀ। ਇਸ ਦੇ ਸਹਿਯੋਗ ਲਈ ਸਾਰੀਆਂ ਪੰਥਕ ਧਿਰਾਂ ਨੂੰ ਅਪੀਲ ਕੀਤੀ ਗਈ ਹੈ ।ਪੰਜਾਬ ਸਮੇਤ ਦਿੱਲੀ ਅਤੇ ਦੇਸ਼ ਦੇ ਹੋਰਨਾਂ ਰਾਜਾਂ ਵਿੱਚ ਵੀ ਭਰਤੀ ਕੀਤੀ ਜਾਵੇਗੀ ਅਤੇ ਸਾਰੀ ਪ੍ਰਕਿਰਿਆ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਅਨੁਸਾਰ ਹੀ ਨੇਪਰੇ ਚਾੜ੍ਹੀ ਜਾਏਗੀ। ਕਮੇਟੀ ਦੇ ਕਨਵੀਨਰ ਹਰਜਿੰਦਰ ਸਿੰਘ ਧਾਮੀ ਕਮੇਟੀ ਤੋਂ ਅਸਤੀਫਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਭੇਜ ਚੁੱਕੇ ਹਨ। ਦੂਜੇ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਸਾਬਕਾ ਪ੍ਰਧਾਨ ਜਥੇਦਾਰ ਕ੍ਰਿਪਾਲ ਸਿੰਘ ਬਡੂੰਗਰ ਨੇ ਵੀ ਕਮੇਟੀ ਤੋਂ ਅਸਤੀਫ਼ਾ ਦਿੱਤਾ ਹੋਇਆ ਹੈ ਪਰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਕਿਹਾ ਹੈ ਕਿ ਇਹ ਅਸਤੀਫ਼ਾ ਉਨਾਂ ਤੱਕ ਨਹੀਂ ਪੁੱਜਾ ਹੈ।
ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਪ੍ਰਧਾਨ ਧਾਮੀ ਨੂੰ ਵੀ ਅਸਤੀਫਾ ਵਾਪਸ ਲੈਣ ਲਈ ਕਿਹਾ ਹੋਇਆ ਹੈ ਪਰ ਅਜੇ ਤੱਕ ਧਾਮੀ ਨੇ ਅਸਤੀਫਾ ਵਾਪਸ ਨਹੀਂ ਲਿਆ ਹੈ ।ਇਸ ਤਰ੍ਹਾਂ ਮੌਜੂਦਾ ਪ੍ਰਸਥਿਤੀਆਂ ਅਨੁਸਾਰ ਪੰਜ ਮੈਂਬਰੀ ਕਮੇਟੀ ਨੇ ਨਵੀਂ ਭਰਤੀ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ।
ਅਜਿਹੀ ਸਥਿਤੀ ਵਿੱਚ ਅਕਾਲੀ ਦਲ ਮੁੜ ਵੱਡੇ ਖਿਲਾਰੇ ਦੇ ਰਾਹ ਪੈ ਗਿਆ। ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੀ ਲੰਮਾਂ ਸਮਾਂ ਅਗਵਾਈ ਕਰਨ ਵਾਲੀ ਧਿਰ ਸ਼੍ਰੋਮਣੀ ਅਕਾਲੀ ਦਲ ਅੰਦਰੂਨੀ ਸੰਕਟ ਤੋਂ ਉੱਭਰ ਪਾਵੇਗਾ?
ਸੰਪਰਕ 9814002186